ਪੰਜਾਬ ਦੇ ਇਸ ਇਲਾਕੇ ''ਚ ਜ਼ੋਰਦਾਰ ਧਮਾਕਾ! ਉੱਡ ਗਈ ਛੱਤ

Thursday, Jul 09, 2026 - 05:54 PM (IST)

ਪੰਜਾਬ ਦੇ ਇਸ ਇਲਾਕੇ ''ਚ ਜ਼ੋਰਦਾਰ ਧਮਾਕਾ! ਉੱਡ ਗਈ ਛੱਤ

ਸੰਗਰੂਰ (ਵਿਵੇਕ ਸਿੰਧਵਾਨੀ,ਯਾਦਵਿੰਦਰ): ਸਥਾਨਕ ਸ਼ਹਿਰ ਦੀ ਸਬਜ਼ੀ ਮੰਡੀ ਕੋਲ ਸਥਿਤ ਇਕ ਪਟਾਕਾ ਗੋਦਾਮ ਵਿਚ ਲੰਘੀ ਕੱਲ੍ਹ ਦੇਰ ਸ਼ਾਮ ਨੂੰ ਹੋਏ ਜ਼ਬਰਦਸਤ ਧਮਾਕੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਧਮਾਕਾ ਇੰਨਾ ਜਬਰਦਸਤ ਸੀ ਕਿ ਗੋਦਾਮ ਦੀ ਛੱਤ ਤੱਕ ਢਹਿ ਗਈ ਤੇ ਦੇਖਦਿਆਂ ਦੇਖਦਿਆਂ ਸਾਰਾ ਗੋਦਾਮ ਅੱਗ ਦੀਆਂ ਲਪਟਾਂ ਵਿਚ ਘਿਰ ਗਿਆ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ  ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਘਟਨਾ ਦੋਰਾਨ  ਘਟਨਾ ਸਮੇਂ ਗੋਦਾਮ ਅੰਦਰ ਕੋਈ ਵਿਅਕਤੀ ਮੌਜੂਦ ਨਾ ਹੋਣ ਕਾਰਨ  ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਤੱਖਦਰਸ਼ੀਆਂ ਮਮਤਾ ਰਾਣੀ, ਹਰਪਾਲ ਸਿੰਘ ਸੋਨੂ ਅਤੇ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਗੋਦਾਮ ਦੇ ਨਾਲ ਹੀ ਨਗਰ ਕੌਂਸਲ ਸੰਗਰੂਰ ਦਾ ਕੂੜਾ ਡੰਪ ਅਤੇ ਵਾਹਨ ਪਾਰਕਿੰਗ ਸਥਾਨ ਹੈ। ਉਨ੍ਹਾਂ ਕਿਹਾ ਬੁੱਧਵਾਰ ਰਾਤ ਨਗਰ ਕੌਂਸਲ ਦੇ ਮੁਲਾਜ਼ਮ ਇੱਕ ਕੈਂਟਰ ਨੂੰ ਬਾਹਰ ਕੱਢ ਰਹੇ ਸਨ ਜਿਸ ਦੌਰਾਨ ਵਾਹਨ ਗੇਟ ਨਾਲ ਟਕਰਾ ਗਿਆ ਤੇ ਇਸ ਨਾਲ ਬਿਜਲੀ ਦੀਆਂ ਤਾਰਾਂ ਵਿੱਚ ਸਪਾਰਕਿੰਗ ਹੋ ਗਈ ਤੇ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਅੱਗ ਕਾਰਨ ਗੋਦਾਮ ਦੀ ਛੱਤ ਵੀ ਢਹਿ ਗਈ।

ਹਾਜ਼ਰ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਇਸ ਸਮੇਂ ਗੋਦਾਮ ਵਿਚ ਵੱਡੀ ਮਾਤਰਾ ਵਿਚ ਪਟਾਕੇ ਜਾਂ ਵਿਸਫੋਟਕ ਸਮੱਗਰੀ ਮੌਜੂਦ ਨਹੀਂ ਸੀ ਅਤੇ ਇੱਥੇ ਸਿਰਫ਼ ਦੀਵਾਲੀ ਦੇ ਮੌਕੇ 'ਤੇ ਹੀ ਪਟਾਕਿਆਂ ਦਾ ਨਿਰਮਾਣ ਕੀਤਾ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਨਗਰ ਕੌਂਸਲ ਕਾਫ਼ੀ ਸਮੇਂ ਤੋਂ ਦੁਕਾਨ ਖਾਲੀ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਇਸੇ ਤਹਿਤ ਕੈਂਟਰ ਦੀ ਟੱਕਰ ਮਾਰੀ ਗਈ।

ਕੀ ਕਹਿੰਦੇ ਨੇ ਡੀ. ਐੱਸ. ਪੀ. ਸਿੱਧੂ

ਉਕਤ ਮਾਮਲੇ ਸਬੰਧੀ ਵੀਰਵਾਰ ਸਵੇਰੇ ਕਾਹਲੀ ਚ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਡੀਐੱਸਪੀ (ਆਰ) ਦਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਮਾਮਲੇ ਵਿੱਚ ਗੋਦਾਮ ਸੰਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੁਕਾਨ ਦਾ ਲਾਇਸੈਂਸ ਸੁਨਾਮੀ ਗੇਟ, ਸੰਗਰੂਰ ਨਿਵਾਸੀ ਵਿਨੋਦ ਕੁਮਾਰ ਪੁੱਤਰ ਆਤਮਾ ਰਾਮ ਦੇ ਨਾਮ 'ਤੇ ਜਾਰੀ ਸੀ ਜਿਨ੍ਹਾਂ ਦੀ ਲਗਭਗ 22 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਮੌਜੂਦਾ ਸਮੇਂ ਵਿੱਚ ਦੁਕਾਨ ਦਾ ਸੰਚਾਲਨ ਉਨ੍ਹਾਂ ਦਾ ਪੁੱਤਰ ਵਿਕਾਸ ਕੁਮਾਰ ਕਰ ਰਿਹਾ ਸੀ।

ਬਿਨਾਂ ਵੈਧ ਲਾਈਸੰਸ ਬਣ ਰਹੇ ਸੀ ਪਟਾਕੇ: ਅਧਿਕਾਰੀ 

ਪੁਲਸ ਵੱਲੋਂ ਆਪਣੀ ਮੁੱਢਲੀ ਜਾਂਚ ਵਿਚ ਅੱਗ ਅਤੇ ਧਮਾਕਿਆਂ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਬੰਧਿਤ ਲਾਇਸੈਂਸ ਕਾਫ਼ੀ ਸਮਾਂ ਪਹਿਲਾਂ ਹੀ ਮਿਆਦ ਪੁੱਗ ਚੁੱਕਾ ਸੀ ਤੇ ਇਸ ਦੇ ਬਾਵਜੂਦ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਬਿਨਾਂ ਵੈਧ ਲਾਇਸੈਂਸ ਦੇ ਪਟਾਕਿਆਂ ਦਾ ਨਿਰਮਾਣ ਅਤੇ ਭੰਡਾਰਨ ਕੀਤਾ ਜਾ ਰਿਹਾ ਸੀ। ਪੁਲਸ ਨੇ ਇੰਡੀਅਨ ਐਕਸਪਲੋਸਿਵ ਐਕਟ ਦੀ ਧਾਰਾ 9-ਬੀ ਅਤੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 288 ਤਹਿਤ ਮਾਮਲਾ ਦਰਜ ਕਰ ਲਿਆ ਹੈ। ਫੋਰੈਂਸਿਕ ਟੀਮ ਨੇ ਮੌਕੇ ਤੋਂ ਨਮੂਨੇ ਇਕੱਠੇ ਕਰ ਲਏ ਹਨ ਅਤੇ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 


author

Anmol Tagra

Content Editor

Related News