ਆਨਲਾਈਨ ਗੇਮਾਂ ''ਤੇ ਪੈਸੇ ਲਾਉਣ ਵਾਲੇ 7 ਮੁਲਜ਼ਮਾਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

Thursday, Jul 16, 2026 - 06:12 PM (IST)

ਆਨਲਾਈਨ ਗੇਮਾਂ ''ਤੇ ਪੈਸੇ ਲਾਉਣ ਵਾਲੇ 7 ਮੁਲਜ਼ਮਾਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਤਪਾ ਮੰਡੀ (ਸ਼ਾਮ, ਗਰਗ, ਗੋਇਲ)- ਤਪਾ ਪੁਲਸ ਨੇ ਅਹਿਮ ਕਾਰਵਾਈ ਕਰਦਿਆਂ ਕਥਿਤ ਤੌਰ ’ਤੇ ਆਨਲਾਈਨ ਸੱਟੇਬਾਜ਼ੀ ’ਚ ਸ਼ਾਮਲ ਸੱਤ ਵਿਅਕਤੀਆਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਕਾਰਵਾਈ ਦੌਰਾਨ ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੰਜ ਮੋਬਾਈਲ ਫੋਨ ਅਤੇ 2,070 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਪੁਲਸ ਵੱਲੋਂ ਸਾਰੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਿਟੀ ਤਪਾ ਦੇ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਵਾਲਮੀਕਿ ਚੌਕ ਤਪਾ ਵਿਖੇ ਗਸ਼ਤ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ।

ਇਸ ਦੌਰਾਨ ਪੁਲਸ ਨੂੰ ਇਕ ਭਰੋਸੇਯੋਗ ਮੁਖਬਰ ਤੋਂ ਸੂਚਨਾ ਮਿਲੀ ਕਿ ਕੁਝ ਵਿਅਕਤੀ ਟਰੱਕ ਯੂਨੀਅਨ ਤਪਾ ਦੇ ਪਿਛਲੇ ਪਾਸੇ ਸਥਿਤ ਇਕ ਲਾਟਰੀ ਦੀ ਦੁਕਾਨ ’ਚ ਬੈਠ ਕੇ ਮੋਬਾਈਲ ਫੋਨਾਂ ਰਾਹੀਂ ਆਨਲਾਈਨ ਗੇਮਾਂ ’ਤੇ ਪੈਸੇ ਲਗਾ ਕੇ ਕਥਿਤ ਤੌਰ ’ਤੇ ਜੂਆ ਖੇਡ ਰਹੇ ਹਨ। ਸੂਚਨਾ ’ਚ ਇਹ ਵੀ ਦੱਸਿਆ ਗਿਆ ਕਿ ਉੱਥੇ ਆਉਣ ਵਾਲੇ ਲੋਕਾਂ ਨੂੰ ਵੀ ਪੈਸੇ ਲਗਾਉਣ ਲਈ ਉਕਸਾਇਆ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਤੁਰੰਤ ਮੌਕੇ ’ਤੇ ਛਾਪੇਮਾਰੀ ਕੀਤੀ ਅਤੇ ਉੱਥੋਂ 7 ਵਿਅਕਤੀਆਂ ਨੂੰ ਕਾਬੂ ਕਰ ਲਿਆ।

ਪੁਲਸ ਮੁਤਾਬਕ ਕਾਬੂ ਕੀਤੇ ਗਏ ਵਿਅਕਤੀਆਂ ਦੇ ਕਬਜ਼ੇ ’ਚੋਂ ਪੰਜ ਮੋਬਾਈਲ ਫੋਨ ਅਤੇ 2,070 ਰੁਪਏ ਦੀ ਨਕਦੀ ਬਰਾਮਦ ਹੋਈ। ਪੁਲਸ ਨੇ ਸਾਰੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਇਸ ਕਥਿਤ ਆਨਲਾਈਨ ਸੱਟੇਬਾਜ਼ੀ ਨਾਲ ਹੋਰ ਕਿੰਨੇ ਲੋਕ ਜੁੜੇ ਹੋਏ ਹਨ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਸਮੱਗਲਿੰਗ, ਜੂਆ, ਸੱਟੇਬਾਜ਼ੀ ਅਤੇ ਹੋਰ ਸਮਾਜ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਵਿਅਕਤੀਆਂ ਖਿਲਾਫ ਆਉਣ ਵਾਲੇ ਸਮੇਂ ’ਚ ਵੀ ਇਸੇ ਤਰ੍ਹਾਂ ਸਖਤ ਕਾਰਵਾਈ ਜਾਰੀ ਰਹੇਗੀ। ਇਸ ਕਾਰਵਾਈ ਦੌਰਾਨ ਗੁਰਮੇਲ ਸਿੰਘ, ਗੁਰਜੀਤ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਵੀ ਮੌਜੂਦ ਸਨ।


author

Anmol Tagra

Content Editor

Related News