ਪੰਚਾਇਤੀ ਚੋਣਾਂ ''ਚ 40 ਹਜ਼ਾਰ ਦੇ ਘਪਲੇ ਦੇ ਤੱਥ ਲੁਕਾਉਣ ''ਤੇ ਕੋਹਾਲਾ ਦਾ ''ਅਕਾਲੀ'' ਸਰਪੰਚ ਮੁਅੱਤਲ

09/22/2017 5:22:34 AM

ਲਾਂਬੜਾ(ਵਰਿੰਦਰ)-ਸ਼੍ਰੀ ਰਾਜੀਵ ਵਰਮਾ ਉਪ ਮੰਡਲ ਮੈਜਿਸਟ੍ਰੇਟ-ਕਮ-ਇਲੈਕਸ਼ਨ ਟ੍ਰਿਬਿਊਨਲ ਜਲੰਧਰ-1 ਵਲੋਂ ਚੋਣਾਂ ਸੰਬੰਧੀ ਇਕ ਸ਼ਿਕਾਇਤ ਦਾ ਨਿਪਟਾਰਾ ਕੀਤਾ ਗਿਆ, ਜਿਸ ਵਿਚ ਸੁਣਵਾਈ ਦੌਰਾਨ ਦੂਸਰੀ ਧਿਰ ਦੇ ਪੇਸ਼ ਨਾ ਹੋਣ 'ਤੇ ਇਕਤਰਫਾ ਫੈਸਲਾ ਸੁਣਾਇਆ ਗਿਆ। ਹੁਕਮਾਂ ਵਿਚ ਪਿੰਡ ਕੋਹਾਲਾ ਦੇ ਅਕਾਲੀ ਦਲ ਨਾਲ ਸੰਬੰਧਤ ਸਰਪੰਚ ਗਿਆਨ ਚੰਦ ਭੱਟੀ ਨੂੰ ਕਾਨੂੰਨ ਦੀ ਉਲੰਘਣਾ ਕਰਨ ਦੇ ਕਾਰਨ ਸਰਪੰਚੀ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਅੱਜ ਇਥੇ ਇਸ ਕੇਸ ਵਿਚ ਸ਼ਿਕਾਇਤਕਰਤਾ ਜੱਸਾ ਸਿੰਘ ਕੋਹਾਲਾ ਸੰਪੂਰਨ ਕੋਲਡ ਸਟੋਰ, ਯੁਵਰਾਜ ਸਿੰਘ ਤੇ ਸਰਦਾਰਾ ਸਿੰਘ ਤੇ ਉਨ੍ਹਾਂ ਦੇ ਨਾਲ ਗੁਰਮੀਤ ਸਿੰਘ, ਜਸਵੀਰ ਸਿੰਘ ਮਿੰਟੂ, ਨਰੰਜਣ ਸਿੰਘ ਨੰਬਰਦਾਰ, ਸੁਰਿੰਦਰ ਸਿੰਘ ਤੇ ਤਰਸੇਮ ਸਿੰਘ ਆਦਿ ਨੇ 6 ਸਤੰਬਰ 2017 ਨੂੰ ਅਦਾਲਤ ਵਲੋਂ ਜਾਰੀ ਹੋਈ ਹੁਕਮਾਂ ਦੀ ਕਾਪੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਾਲ 2005-06 ਵਿਚ ਜਦ ਪਿੰਡ ਕੋਹਾਲਾ ਦਾ ਸਰਪੰਚ ਗਿਆਨ ਚੰਦ ਭੱਟੀ ਪੁੱਤਰ ਜੁਗਿੰਦਰ ਸਿੰਘ ਸੀ ਤਾਂ ਇਸ ਨੇ ਆਪਣੇ ਅਹੁਦੇ ਦੀ ਗਲਤ ਵਰਤੋਂ ਕਰਦੇ ਹੋਏ ਗ੍ਰਾਮ ਪੰਚਾਇਤ ਨੂੰ ਆਰ. ਕੇ. ਆਈ. ਸਕੀਮ ਅਤੇ ਪੰਜਾਬ ਨਿਰਮਾਣ ਸਕੀਮ ਅਧੀਨ ਪ੍ਰਾਪਤ ਗ੍ਰਾਂਟ ਵਿਚ ਪੰਚਾਇਤ ਸਕੱਤਰ ਨਾਲ ਮਿਲ ਕੇ ਗ੍ਰਾਮ ਪੰਚਾਇਤ ਦੇ ਦਰੱਖਤ ਵੇਚ ਕੇ 40 ਹਜ਼ਾਰ ਰੁਪਏ ਦਾ ਘਪਲਾ ਕੀਤਾ ਸੀ। ਇਸ ਤੋਂ ਇਲਾਵਾ ਫੈਸਲੇ ਵਿਚ ਇਹ ਵੀ ਸਾਬਤ ਹੋਇਆ ਕਿ ਸਰਪੰਚ ਗਿਆਨ ਚੰਦ ਭੱਟੀ ਨੇ ਉਸ ਸਮੇਂ ਦੇ ਪੰਚ ਯੁਵਰਾਜ ਸਿੰਘ ਦੀ ਗੈਰ-ਹਾਜ਼ਰੀ ਵਿਚ ਯੁਵਰਾਜ ਸਿੰਘ ਦੇ ਦਸਤਖਤ ਕਰਕੇ ਖੇਵਟ ਨੰਬਰ 22 ਵਿਚ ਮੌਜੂਦ ਪਿੰਡ ਦੇ ਸਰਕਾਰੀ ਸਕੂਲ ਅਤੇ ਫੋਕਲ ਪੁਆਇੰਟ 'ਤੇ ਗੈਰ-ਕਾਨੂੰਨੀ ਕਬਜ਼ਾ ਕਰਵਾਇਆ। ਇਹ ਸਾਰੇ ਦੋਸ਼ ਸਾਬਤ ਹੋਣ 'ਤੇ ਉਸ ਸਮੇਂ ਗਿਆਨ ਚੰਦ 'ਤੇ ਕਾਨੂੰਨੀ ਕਾਰਵਾਈ ਕੀਤੀ ਗਈ। ਸਾਲ 2013 ਵਿਚ ਜਦੋਂ ਪੰਚਾਇਤੀ ਚੋਣਾਂ ਸਨ ਤਾਂ ਗਿਆਨ ਚੰਦ ਭੱਟੀ ਵਲੋਂ ਚੋਣ ਕਮਿਸ਼ਨ ਨੂੰ ਦਿੱਤੇ ਗਏ ਆਪਣੇ ਚੋਣਾਂ ਸੰਬੰਧੀ ਫਾਰਮਾਂ ਵਿਚ ਉਸ 'ਤੇ ਸਾਬਤ ਹੋਏ ਘਪਲੇ ਤੇ ਉਸ 'ਤੇ ਹੋਈ ਕਾਰਵਾਈ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਜਾਣ-ਬੁਝ ਕੇ ਲੁਕੋ ਲਈ ਤੇ ਚੋਣਾਂ ਵਿਚ ਪਿੰਡ ਦਾ ਸਰਪੰਚ ਬਣ ਗਿਆ। ਸਾਲ 2013 'ਚ ਇਸ ਸੰਬੰਧੀ ਵੀ ਸ਼ਿਕਾਇਤ ਕੀਤੀ ਗਈ। ਹੁਣ ਆਏ ਫੈਸਲੇ ਵਿਚ ਸਾਰੇ ਦੋਸ਼ ਸਾਬਤ ਹੋਏ, ਜਿਸ 'ਤੇ ਗਿਆਨ ਚੰਦ ਭੱਟੀ ਨੂੰ ਸਰਪੰਚੀ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ। ਇਸ ਸੰਬੰਧ ਵਿਚ ਗਿਆਨ ਚੰਦ ਭੱਟੀ ਦਾ ਪੱਖ ਜਾਣਨ ਲਈ ਸੰਪਰਕ ਕੀਤਾ ਤਾਂ ਗਿਆਨ ਚੰਦ ਨੇ ਆਖਿਆ ਕਿ ਸਰਪੰਚੀ ਤੋਂ ਮੁਅੱਤਲ ਕਰ ਦੇਣ ਸੰਬੰਧੀ ਅਜੇ ਉਸ ਨੂੰ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।


Related News