ਮਹਿੰਦਰਾ ਨੇ ਹਾਸਲ ਕੀਤਾ 40 ਲੱਖ ਟਰੈਕਟਰ ਵੇਚਣ ਦਾ ਮੁਕਾਮ
Monday, Apr 29, 2024 - 07:32 PM (IST)
ਨਵੀਂ ਦਿੱਲੀ- ਮਹਿੰਦਰਾ ਨੇ ਇਕ ਨਵਾਂ ਮੁਕਾਮ ਹਾਸਲ ਕੀਤਾ ਹੈ। ਮਹਿੰਦਰਾ ਟਰੈਕਟਰਜ਼ 40 ਲੱਖ ਯੂਨਿਟ ਟਰੈਕਟਰ ਵੇਚ ਕੇ ਇਕ ਇਤਿਹਾਸਕ ਮੀਲ ਦੇ ਪੱਥਰ ’ਤੇ ਪਹੁੰਚ ਗਿਆ ਹੈ, ਜੋ ਗਲੋਬਲ ਟਰੈਕਟਰ ਬਾਜ਼ਾਰ ’ਚ ਆਪਣੇ ਦਬਦਬੇ ਦੀ ਕਹਾਣੀ ਦੱਸਦਾ ਹੈ। ਇਸ ਮੌਕੇ ’ਤੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਖੁਸ਼ੀ ਜ਼ਾਹਿਰ ਕੀਤੀ ਅਤੇ ਕਿਸਾਨ ਭਰਾਵਾਂ ਨੂੰ ਧੰਨਵਾਦ ਕੀਤਾ। ਆਨੰਦ ਮਹਿੰਦਰਾ ਨੇ ਵੀਡੀਓ ਦੇ ਜ਼ਰੀਏ ਆਪਣੀ ਖੁਸ਼ੀ ਜ਼ਾਹਿਰ ਕੀਤੀ।
ਮਹਿੰਦਰਾ ਦੀ ਅਗਲੀ ਪੀੜ੍ਹੀ ਦੇ ਯੁਵੋ ਟਰੈਕਟਰ ਪਲੇਟਫਾਰਮ ’ਤੇ ਆਧਾਰਿਤ ਮਹਿੰਦਰਾ ਯੁਵੋ ਟੈਕ ਪਲੱਸ ਇਸ ਪ੍ਰਾਪਤੀ ਨੂੰ ਦਰਸਾਉਂਦਾ ਹੈ, ਜੋ ਮਹਿੰਦਰਾ ਦੀ ਜ਼ਹੀਰਾਬਾਦ ਪਲਾਂਟ ਤੋਂ ਸ਼ੁਰੂ ਹੋਈ ਸੀ। ਇਹ ਮਹਿੰਦਰਾ ਦਾ ਸਭ ਤੋਂ ਨਵਾਂ ਟਰੈਕਟਰ ਪਲਾਂਟ ਅਤੇ ਮਹਿੰਦਰਾ ਟਰੈਕਟਰਾਂ ਦੇ ਲਈ ਗਲੋਬਲ ਉਤਪਾਦਨ ਕੇਂਦਰ ਹੈ।
ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਦੇ ਪ੍ਰਧਾਨ (ਖੇਤੀਬਾੜੀ ਉਪਕਰਨ ਖੇਤਰ) ਹੇਮੰਤ ਸਿੱਕਾ ਨੇ ਕਿਹਾ, ‘‘ਸਾਨੂੰ ਖੇਤੀ ਦੇ ਤੌਰ-ਤਰੀਕਿਆਂ ’ਚ ਬਦਲਾਅ ਲਿਆਉਣ ਅਤੇ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਦੇ ਉਦੇਸ਼ ਨਾਲ ਪ੍ਰੇਰਿਤ ਹੋ ਕੇ ਆਪਣਾ 40 ਲੱਖਵਾਂ ਮਹਿੰਦਰਾ ਟਰੈਕਟਰ ਨੂੰ ਵੇਚਣ ’ਚ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਨਾਲ ਹੀ ਅਸੀਂ ਦਹਾਕਿਆਂ ਦੀ ਅਗਵਾਈ ਅਤੇ ਮਹਿੰਦਰਾ ਟਰੈਕਟਰ ਦੇ 60 ਸਾਲ ਦੇ ਲਗਾਤਾਰ ਯਤਨ ਦਾ ਜਸ਼ਨ ਮਨਾ ਰਹੇ ਹਾਂ ਅਤੇ ਇਹ ਸਭ ਇਕ ਹੀ ਸਾਲ ’ਚ ਹੋ ਰਿਹਾ ਹੈ।
ਮਹਿੰਦਰਾ ਟਰੈਕਟਰਜ਼ ਦੇ 40 ਲੱਖ ਗਾਹਕਾਂ ਦੇ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹੋਏ ਕੰਪਨੀ ਨੇ ‘40 ਲੱਖ ਖੁਸ਼ ਗਾਹਕ ਅਤੇ 60 ਸਾਲ ਦਾ ਬ੍ਰਾਂਡ ਭਰੋਸਾ’ ਟਾਈਟਲ ਦੇ ਤਹਿਤ ਇਕ ਨਵਾਂ ਡਿਜੀਟਲ ਵੀਡੀਓ ਕਮਰਸ਼ੀਅਲ (ਡੀ.ਵੀ.ਸੀ.) ਲਾਂਚ ਕੀਤਾ ਅਤੇ ਨਾਲ ਹੀ ਦੇਸ਼ ਭਰ ’ਚ ਆਪਣੇ ਉਤਪਾਦਾਂ ਅਤੇ ਸੇਵਾਵਾਂ ’ਤੇ ਨਵੇਂ ਆਫਰ ਵੀ ਪੇਸ਼ ਕੀਤੇ। ਇਹ ਮੁਹਿੰਮ ‘ਲਾਲ’ ਰੰਗ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਖੁਸ਼ਹਾਲੀ ਦਾ ਪ੍ਰਤੀਕ ਹੈ ਅਤੇ ਮਹਿੰਦਰਾ ਟਰੈਕਟਰਜ਼ ਦਾ ਸਮਾਨਾਰਥੀ ਹੈ।