ਭੱਠਿਆਂ ਦਾ ਧੂੰਆਂ ਸਾਹਾਂ ''ਚ ਘੋਲ ਰਿਹਾ ਜ਼ਹਿਰ

Monday, Oct 23, 2017 - 07:49 AM (IST)

ਭੱਠਿਆਂ ਦਾ ਧੂੰਆਂ ਸਾਹਾਂ ''ਚ ਘੋਲ ਰਿਹਾ ਜ਼ਹਿਰ

ਫ਼ਰੀਦਕੋਟ  (ਹਾਲੀ) - ਅੱਜਕਲ ਜਿਥੇ ਇਕ ਪਾਸੇ ਖੇਤਾਂ ਵਿਚ ਕਿਸਾਨਾਂ ਵੱਲੋਂ ਪਰਾਲੀ ਸਾੜ ਕੇ ਆਸਮਾਨ 'ਤੇ ਧੂੰਏਂ ਦਾ ਗੁਬਾਰ ਚੜ੍ਹਾਇਆ ਜਾ ਰਿਹਾ ਹੈ, ਉਥੇ ਭੱਠਿਆਂ ਦੀਆਂ ਚਿਮਨੀਆਂ ਵਿਚੋਂ ਲਗਾਤਾਰ ਤੇ ਹਰ ਰੋਜ਼ ਨਿਕਲ ਰਿਹਾ ਧੂੰਆਂ ਮਨੁੱਖੀ ਸਾਹਾਂ ਵਿਚ ਜ਼ਹਿਰ ਘੋਲ ਰਿਹਾ ਹੈ। ਮਾਹਿਰਾਂ ਅਨੁਸਾਰ ਭਾਵੇਂ ਇਹ ਧੂੰਆਂ ਸਿਹਤ ਲਈ ਕਾਫ਼ੀ ਹਾਨੀਕਾਰਕ ਹੈ ਪਰ ਇਸ ਦੀ ਹਰ ਰੋਜ਼ 'ਡੋਜ਼' ਲੈਣਾ ਮਨੁੱਖੀ ਜੀਵਨ ਦਾ ਅੰਗ ਬਣ ਚੁੱਕਾ ਹੈ। ਜਾਣਕਾਰੀ ਅਨੁਸਾਰ ਫ਼ਰੀਦਕੋਟ ਜ਼ਿਲੇ ਵਿਚ 100 ਦੇ ਕਰੀਬ ਭੱਠੇ ਹਨ, ਜਿਨ੍ਹਾਂ 'ਤੇ ਪ੍ਰਤੀ ਭੱਠਾ 1 ਲੱਖ ਤੋਂ ਵੱਧ ਇੱਟਾਂ ਬਣਾਈਆਂ ਤੇ ਪਕਾਈਆਂ ਜਾਂਦੀਆਂ ਹਨ। ਇੱਟਾਂ ਨੂੰ ਪਕਾਉਣ ਲਈ ਭੱਠਿਆਂ ਉੱਪਰ ਲਾਈਆਂ ਗਈਆਂ ਚਿਮਨੀਆਂ ਇਸ ਗੱਲ ਦਾ ਸਬੂਤ ਹਨ ਕਿ ਭੱਠਿਆਂ ਦੀਆਂ ਭੱਠੀਆਂ 'ਚ ਸਰਕਾਰੀ ਨਿਯਮਾਂ ਦਾ ਧੂੰਆਂ ਕੱਢਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਸਰਕਾਰ ਵੱਲੋਂ ਬਣਾਏ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕਰ ਰਹੇ ਹਨ। ਦੇਖਣ ਵਿਚ ਆਇਆ ਹੈ ਕਿ ਭੱਠਾ ਮਾਲਕ ਇੱਟਾਂ ਪਕਾਉਣ ਸਮੇਂ ਕੋਲੇ ਦੀ ਥਾਂ ਲੱਕੜ ਦੇ ਬੂਰੇ ਤੋਂ ਬਣੇ ਗੱਟੂਆਂ ਦੀ ਵਰਤੋਂ ਕਰਦੇ ਹਨ।
ਕੋਲੇ ਦੀਆਂ ਕੀਮਤਾਂ 'ਚ ਜਦੋਂ ਦਾ ਵਾਧਾ ਹੋਇਆ ਹੈ, ਉਦੋਂ ਤੋਂ ਕਈ ਭੱਠਿਆਂ ਵਾਲੇ ਕੋਲੇ ਦੇ ਨਾਲ-ਨਾਲ ਗੱਟੂ, ਨਰਮੇ ਦੀਆਂ ਛਿਟੀਆਂ ਤੇ ਦਰੱਖਤਾਂ ਦੇ ਪੱਤਿਆਂ ਦੀ ਵਰਤੋਂ ਕਰਦੇ ਹਨ। ਇਸ ਨਾਲ ਧੂੰਏਂ ਦੀ ਮਾਤਰਾ 'ਚ ਹੋਰ ਵਾਧਾ ਹੋ ਜਾਂਦਾ ਹੈ ਤੇ ਇੱਟਾਂ ਦੀ ਪਕਾਈ ਵਿਚ ਵੀ ਫਰਕ ਰਹਿ ਜਾਂਦਾ ਹੈ।
ਕੀ ਕਹਿੰਦੇ ਹਨ ਲੋਕ
ਭੱਠਿਆਂ ਦੇ ਨਜ਼ਦੀਕ ਰਹਿਣ ਵਾਲੇ ਧਨਜੀਤ ਸਿੰਘ ਧਨੀ ਤੇ ਧਰਮਪਾਲ ਨੇ ਦੱਸਿਆ ਕਿ ਭੱਠਿਆਂ ਦੀਆਂ ਚਿਮਨੀਆਂ ਵਿਚੋਂ ਨਿਕਲਦਾ ਧੂੰਆਂ ਅਕਸਰ ਹੀ ਉਨ੍ਹਾਂ ਦੀਆਂ ਘਰਾਂ ਦੀਆਂ ਛੱਤਾਂ 'ਤੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੌਸਮ ਬਦਲਣ ਦੇ ਨਾਲ ਛੋਟੀਆਂ-ਮੋਟੀਆਂ ਬੀਮਾਰੀਆਂ ਤਾਂ ਹੁੰਦੀਆਂ ਹੀ ਹਨ, ਇਸ ਧੂੰਏਂ ਕਾਰਨ ਅੱਖਾਂ ਵਿਚ ਜਲਣ ਤੇ ਗਲੇ ਖਰਾਬ ਹੋਣ ਦੀਆਂ ਕੁਰੀਤੀਆਂ ਉਨ੍ਹਾਂ ਨੂੰ ਅਕਸਰ ਹੀ ਰਹਿੰਦੀਆਂ ਹਨ। ਇਸੇ ਕਰਕੇ ਉਹ ਇਸ ਸਬੰਧੀ ਲੋੜੀਂਦੀਆਂ ਦਵਾਈਆਂ ਦਾ ਪਹਿਲਾਂ ਹੀ ਘਰਾਂ 'ਚ ਪ੍ਰਬੰਧ ਕਰ ਕੇ ਰੱਖਦੇ ਹਨ।
ਕੀ ਕਹਿੰਦੇ ਹਨ ਭੱਠਾ ਮਾਲਕ
ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਭੱਠਿਆਂ 'ਤੇ ਕਾਨੂੰਨਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ ਤੇ ਪ੍ਰਦੂਸ਼ਣ ਵਿਭਾਗ ਵੱਲੋਂ ਭੱਠਿਆਂ ਅਤੇ ਚਿਮਨੀਆਂ ਦੀ ਜੋ ਡਰਾਇੰਗ ਬਣਾ ਕੇ ਦਿੱਤੀ ਜਾਂਦੀ ਹੈ, ਉਸ ਅਨੁਸਾਰ ਹੀ ਭੱਠੇ ਦੀ ਚਿਮਨੀ ਨੂੰ ਲਾਇਆ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਸਾਲ 2000 'ਚ ਵਿਭਾਗ ਵੱਲੋਂ ਪੱਕੀਆਂ ਚਿਮਨੀਆਂ, ਜੋ ਕਰੀਬ 120 ਫੁੱਟ ਉੱਚੀਆਂ ਹਨ, ਲਾਉਣ ਲਈ ਕਿਹਾ ਗਿਆ ਸੀ ਤੇ ਇਨ੍ਹਾਂ ਨਿਯਮਾਂ ਤਹਿਤ ਹੀ ਹੁਣ ਨਵੀਆਂ ਚਿਮਨੀਆਂ ਬਣਾਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਭੱਠੇ ਦਾ ਲਾਇਸੈਂਸ ਲੈਣ ਸਮੇਂ ਪ੍ਰਦੂਸ਼ਣ ਵਿਭਾਗ ਸਰਟੀਫਿਕੇਟ ਜਾਰੀ ਕਰਦਾ ਹੈ ਤੇ ਹਰ ਤਰ੍ਹਾਂ ਦਾ ਮੌਕਾ ਦੇਖਦਾ ਹੈ। ਭੱਠਾ ਮਾਲਕਾਂ ਨੇ ਇਹ ਵੀ ਕਿਹਾ ਕਿ ਕਈ ਭੱਠੇ ਸਰਕਾਰੀ ਨੀਤੀਆਂ ਦੀ ਭੇਟ ਚੜ੍ਹ ਕੇ ਬੰਦ ਹੋ ਰਹੇ ਹਨ। ਇਸ ਵੇਲੇ ਭੱਠਿਆਂ ਦਾ ਖਰਚ ਪੈਦਾਵਾਰ ਨਾਲੋਂ ਪਹਿਲਾਂ ਹੀ ਵਧਿਆ ਹੋਇਆ ਹੈ, ਜਿਸ ਲਈ ਇਹ ਕਾਰੋਬਾਰ ਲਾਭਕਾਰੀ ਬਣਾਉਣ ਵਾਸਤੇ ਨੀਤੀਆਂ ਦੀ ਲੋੜ ਹੈ।
ਕੀ ਕਹਿੰਦੇ ਹਨ ਅਧਿਕਾਰੀ
ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਨੇ ਨਵੀਂ ਤਕਨੀਕ ਹਾਈਡਰਾਫ ਸ਼ੁਰੂ ਕੀਤੀ ਹੈ, ਜੋ ਕਿ ਗੁਆਂਢੀ ਸੂਬੇ ਹਰਿਆਣਾ ਤੇ ਪੰਜਾਬ ਦੇ ਕੁਝ ਵੱਡੇ ਸ਼ਹਿਰਾਂ 'ਚ ਲਾਗੂ ਕਰ ਦਿੱਤੀ ਗਈ ਹੈ ਤੇ ਹੁਣ ਇਹ ਤਕਨੀਕ ਪੰਜਾਬ ਦੇ ਮਾਲਵੇ ਖੇਤਰ 'ਤੇ ਵੀ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਦੇ ਫੈਸਲੇ ਅਨੁਸਾਰ ਨੈਸ਼ਨਲ ਗਰੀਨ ਟ੍ਰਿਬਿਊਨਲ ਅਧੀਨ ਨਵੀਂ ਤਕਨੀਕ ਨਾਲ ਲੱਗਣ ਵਾਲੇ ਭੱਠੇ ਬਿਲਕੁਲ ਪ੍ਰਦੂਸ਼ਣ ਰਹਿਤ ਹੋਣਗੇ।


Related News