ਹਵਾ ਪ੍ਰਦੂਸ਼ਣ ਨਾਲ ਪੰਜਾਬ ''ਚ ਕੈਂਸਰ ਦੇ 15 ਫੀਸਦੀ ਵਧੇ ਮਰੀਜ਼

11/17/2017 9:44:10 AM

ਨਵੀਂ ਦਿੱਲੀ/ਚੰਡੀਗੜ੍ਹ (ਵਿਸ਼ੇਸ਼) : ਦਿੱਲੀ ਦੇ ਨਾਲ-ਨਾਲ ਪੰਜਾਬ ਵਿਚ ਵੀ ਪ੍ਰਦੂਸ਼ਣ ਕਾਰਨ ਸਾਹ ਲੈਣਾ ਵੀ ਔਖਾ ਹੋਇਆ ਹੈ, ਕਿਉਂਕਿ ਇਹ ਤੁਹਾਨੂੰ ਕੈਂਸਰ ਦਾ ਮਰੀਜ਼ ਬਣਾ ਸਕਦਾ ਹੈ। ਚਾਹੇ ਸਿਗਰਟਨੋਸ਼ੀ ਨੂੰ ਹੀ ਹਮੇਸ਼ਾ ਫੇਫੜਿਆਂ ਦੇ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਰਿਹਾ ਹੈ ਪਰ ਹਵਾ ਦਾ ਪ੍ਰਦੂਸ਼ਣ ਵੀ ਤੁਹਾਨੂੰ ਇਸ ਬੀਮਾਰੀ ਦੀ ਲਪੇਟ 'ਚ ਲਿਆ ਸਕਦਾ ਹੈ। ਕੈਂਸਰ ਮਾਹਰਾਂ ਦੀ ਮੰਨੀਏ ਤਾਂ ਪੰਜਾਬ 'ਚ ਹੀ ਹਵਾ ਪ੍ਰਦੂਸ਼ਣ ਕਾਰਨ 15 ਫੀਸਦੀ ਤੱਕ ਕੈਂਸਰ ਦੇ ਮਰੀਜ਼ ਵਧੇ ਹਨ। ਸਾਲ 2013 'ਚ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (ਆਈ. ਏ. ਆਰ. ਸੀ.) ਨੇ ਮਾਹਰਾਂ ਦਾ ਇਕ ਪੈਨਲ ਤਿਆਰ ਕੀਤਾ ਤਾਂ ਕਿ ਕੈਂਸਰ ਅਤੇ ਆਊਟਡੋਰ ਪਾਲਿਊਸ਼ਨ ਵਿਚ ਸਬੰਧਾਂ ਬਾਰੇ ਸਬੂਤਾਂ ਦਾ ਨਿਰੀਖਣ ਕੀਤਾ ਜਾ ਸਕੇ। ਇਸ ਪੈਨਲ ਮੁਤਾਬਕ ਇਸ ਦਾਅਵੇ ਦੇ ਪੁਖਤਾ ਸਬੂਤ ਹਨ ਕਿ ਘਰਾਂ ਦੇ ਬਾਹਰ ਪੀ. ਐੱਮ. 2.5 ਪੱਧਰ ਦਾ ਹਵਾ ਪ੍ਰਦੂਸ਼ਣ ਦਾ ਸਬੱਬ ਬਣ ਸਕਦਾ ਹੈ।  ਹੋਰ ਮੈਟਰੋ ਸ਼ਹਿਰਾਂ ਦੇ ਮੁਕਾਬਲੇ ਦਿੱਲੀ 'ਚ ਫੇਫੜਿਆਂ ਦੇ ਕੈਂਸਰ ਦਾ ਖਤਰਾ ਸਭ ਤੋਂ ਜ਼ਿਆਦਾ ਹੈ। ਇਸ ਬਾਰੇ ਮੈਕਸ ਕੈਂਸਰ ਸੈਂਟਰ ਦੀ ਕੈਂਸਰ ਮਾਹਰ ਡਾ. ਮੀਨੂੰ ਵਾਲੀਆ ਦੀ ਰਾਏ ਜਾਣੀ ਗਈ ਹੈ।
ਆਮ ਦਿਨਾਂ ਨਾਲੋਂ ਜ਼ਿਆਦਾ ਆ ਰਹੇ ਨੇ ਮਰੀਜ਼ 
ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਨਵੀਂ ਦਿੱਲੀ ਵਿਚ ਕੰਮ ਕਰ ਚੁੱਕੇ ਅਤੇ ਕੈਪੀਟੋਲ ਹਸਪਤਾਲ ਵਿਚ ਕੈਂਸਰ ਵਿਭਾਗ ਦੇ ਮੁਖੀ ਡਾ. ਐੱਸ. ਕੇ. ਸ਼ਰਮਾ ਨੇ ਦੱਸਿਆ ਕਿ ਪਿਛਲੇ ਦਿਨੀਂ ਹਵਾ ਪ੍ਰਦੂਸ਼ਣ ਦੀ ਲਪੇਟ ਵਿਚ ਆਏ ਪੰਜਾਬ ਵਿਚ ਗਲੇ, ਮੂੰਹ ਅਤੇ ਫੇਫੜਿਆਂ ਦੇ ਕੈਂਸਰ ਵਾਲੇ ਰੋਗੀਆਂ ਦੀ ਗਿਣਤੀ ਵਿਚ ਪੰਜ ਤੋਂ ਸੱਤ ਫੀਸਦੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਪਿਛਲੇ ਦਿਨੀਂ  ਸਕਰੀਨਿੰਗ ਅਤੇ ਜਾਂਚ ਲਈ ਆਉਣ ਵਾਲੇ ਰੋਗੀਆਂ ਦੀ ਗਿਣਤੀ ਆਮ ਦਿਨਾਂ ਨਾਲੋਂ ਬਹੁਤ ਜ਼ਿਆਦਾ ਸੀ। ਡਾ. ਸ਼ਰਮਾ ਅਨੁਸਾਰ ਕੈਂਸਰ ਬਾਰੇ ਜਾਗਰੂਕਤਾ ਦਾ ਇਕ ਕਾਰਨ ਮੀਡੀਆ ਵਿਚ ਵਾਰ-ਵਾਰ ਇਸ ਸੰਬੰਧੀ ਅੰਕੜਿਆਂ ਨੂੰ ਪੇਸ਼ ਕੀਤੇ ਜਾਣਾ ਵੀ ਹੈ।
ਕੀ ਹੈ ਹਵਾ ਪ੍ਰਦੂਸ਼ਣ?
ਜਦੋਂ ਕਈ ਤੱਤਾਂ ਦੇ ਮਿਲਣ ਨਾਲ ਹਵਾ ਪ੍ਰਦੂਸ਼ਿਤ ਹੋ ਜਾਵੇ ਤਾਂ ਉਸ ਨੂੰ ਹਵਾ ਪ੍ਰਦੂਸ਼ਣ ਕਹਿੰਦੇ ਹਨ। ਇਹ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਤੁਹਾਡੇ ਆਸ-ਪਾਸ ਪ੍ਰਦੂਸ਼ਣ ਦਾ ਪੱਧਰ ਕੀ ਹੈ। ਸਾਲ ਦਾ ਕਿਹੜਾ ਮਹੀਨਾ ਹੈ ਅਤੇ ਇੱਥੋਂ ਤਕ ਕਿ ਮੌਸਮ ਵੀ ਇਸ ਲਈ ਜ਼ਿੰਮੇਵਾਰ ਹੋ ਸਕਦਾ ਹੈ। ਹਵਾ ਪ੍ਰਦੂਸ਼ਣ ਦਾ ਕਾਰਨ ਮਨੁੱਖ  ਵੀ ਹੋ ਸਕਦਾ ਹੈ, ਜਿਵੇਂ ਵਾਹਨਾਂ ਅਤੇ ਕਾਰਖਾਨਿਆਂ ਤੋਂ ਨਿਕਲਣ ਵਾਲਾ ਧੂੰਆਂ। ਉਥੇ ਹੀ ਕੁਦਰਤ ਵੀ ਜਿਵੇਂ ਧੂੜ ਆਦਿ। ਹਵਾ ਪ੍ਰਦੂਸ਼ਣ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ ਆਊਟਡੋਰ ਅਤੇ ਇਨਡੋਰ ਪਾਲਿਊਸ਼ਨ। ਦੋਵਾਂ ਤਰ੍ਹਾਂ ਦੇ ਪ੍ਰਦੂਸ਼ਣ ਨਾਲ ਕੈਂਸਰ ਦਾ ਖਤਰਾ ਵਧਦਾ ਹੈ।
ਇਸ ਦੇ ਕੀ ਖਤਰੇ ਹੋ ਸਕਦੇ ਹਨ?
ਹਵਾ ਵਿਚ ਮੌਜੂਦ ਧੂੰਏਂ ਅਤੇ ਧੂੜ ਦੇ ਕਣ ਇੰਨੇ ਛੋਟੇ ਹੁੰਦੇ ਹਨ ਕਿ ਇਹ ਸਾਹ ਰਾਹੀਂ ਸਰੀਰ ਵਿਚ ਜਾ ਕੇ ਕਈ ਰੋਗ ਪੈਦਾ ਕਰ ਦਿੰਦੇ ਹਨ ਅਤੇ ਸਰਦੀਆਂ ਵਿਚ ਜਦੋਂ ਧੂੰਏਂ ਦੇ ਕਣ ਸਮੋਗ ਬਣਾ ਦਿੰਦੇ ਹਨ ਤਾਂ ਇਹ ਹੋਰ ਵੀ ਖਤਰਨਾਕ ਬਣ ਜਾਂਦੇ ਹਨ। ਸਾਹ ਦੇ ਰੋਗਾਂ ਤੋਂ ਇਲਾਵਾ ਇਹ ਚਮੜੀ ਦੀ ਐਲਰਜੀ ਦਾ ਕਾਰਨ ਵੀ ਬਣ ਸਕਦੇ ਹਨ। ਦਿੱਲੀ ਵਿਚ ਇਹ ਫੇਫੜਿਆਂ ਦੇ ਕੈਂਸਰ ਦੇ ਵਧਦੇ ਮਾਮਲਿਆਂ ਲਈ ਸਭ ਤੋਂ ਵੱਡੇ ਕਾਰਨ ਵਜੋਂ ਸ਼ਾਮਲ ਹੈ। ਸੈਂਟਰ ਆਫ ਸਾਇੰਸ ਐਂਡ ਐਨਵਾਇਰਨਮੈਂਟ ਵਲੋਂ ਸਾਲ 2016 ਵਿਚ ਕਰਵਾਏ ਗਏ ਇਕ ਸਰਵੇ ਦੀ ਰਿਪੋਰਟ ਮੁਤਾਬਕ ਦਿੱਲੀ ਦੀ ਹਵਾ ਵਿਚ ਨਾਈਟ੍ਰੋਜਨ ਆਕਸਾਈਡ ਅਤੇ ਓਜ਼ੋਨ ਦਾ ਪੱਧਰ ਜ਼ਿਆਦਾ ਹੈ ਅਤੇ ਇਹ ਹੋਰ ਜ਼ਿਆਦਾ ਵਧ ਸਕਦਾ ਹੈ। ਰਿਪੋਰਟ ਮੁਤਾਬਕ ਪਿਛਲੇ ਦਹਾਕੇ ਦੇ ਦੂਜੇ ਅੱਧ ਦੇ ਬਾਅਦ ਤੋਂ ਦਿੱਲੀ ਵਿਚ ਫੇਫੜਿਆਂ ਦੇ ਕੈਂਸਰ ਦੇ ਮਾਮਲੇ 33.3% ਤਕ ਵਧ ਗਏ ਹਨ।


Related News