ਗਰਮੀਆਂ ਦੀ ਆਫਤ: ਪੰਜਾਬ ਤੋਂ ਰੋਜ਼ਾਨਾ ਹਿਮਾਚਲ ਦੇ ਹਿਲ ਸਟੇਸ਼ਨਾਂ ’ਤੇ ਪਹੁੰਚ ਰਹੇ ਲੱਖਾਂ ਸੈਲਾਨੀ
Sunday, Jun 23, 2024 - 06:35 PM (IST)
ਅੰਮ੍ਰਿਤਸਰ (ਇੰਦਰਜੀਤ)-ਅੱਤ ਦੀ ਗਰਮੀ ਕਾਰਨ ਹਿਮਾਚਲ ਦੇ ਲੱਗਭਗ ਸਾਰੇ ਹਿਲ ਸਟੇਸ਼ਨਾਂ ’ਤੇ ਸੈਲਾਨੀਆਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ। ਇਸ ’ਚ ਸ਼ਿਮਲਾ ਅਤੇ ਇਸ ਦੇ ਨਾਲ ਲੱਗਦੇ ਕਸੌਲੀ, ਚਹਿਲ, ਪਰਵਾਣੂ ਅਤੇ ਸੋਲਨ ਵਰਗੇ ਬਰਫ਼ ਵਾਲੇ ਅਹਿਮ ਸਥਾਨ ਮੰਨੇ ਜਾਂਦੇ ਹਨ, ਜਦੋਂ ਕਿ ਮਨਾਲੀ, ਰੋਹਤਾਂਗ, ਗੁਲਾਬਾ, ਸੋਲਾਂਗ-ਨਾਲਾ, ਅਟਲ-ਟਨਲ ਆਦਿ ਦੇ ਨਾਲ ਲੱਗਦੇ ਰਸਤੇ ਪ੍ਰਸਿੱਧ ਹਨ। ਇਸ ਦੇ ਨਾਲ ਹੀ ਅਜਿਹੇ ਦਰਜਨਾਂ ਛੋਟੇ-ਵੱਡੇ ਪਹਾੜੀ ਸਟੇਸ਼ਨ ਹਨ, ਜਿੱਥੇ ਪੰਜਾਬ ਤੋਂ ਸੈਲਾਨੀ ਆਕਰਸ਼ਿਤ ਹੁੰਦੇ ਹਨ ਅਤੇ ਲਗਾਤਾਰ ਪਹੁੰਚ ਰਹੇ ਹਨ। ਮਨਾਲੀ ਅਤੇ ਸ਼ਿਮਲਾ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਉਥੋਂ ਦੇ 80 ਫੀਸਦੀ ਹੋਟਲ ਬੁਕ ਹਨ।
ਹਿਮਾਚਲ ਦੇ ਹਿਲ ਸਟੇਸ਼ਨਾਂ ’ਤੇ ਜ਼ਿਆਦਾਤਰ ਸੈਲਾਨੀ ਪੰਜਾਬ ਤੋਂ ਆਉਂਦੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਜੰਮੂ-ਕਸ਼ਮੀਰ ਦੇ ਸੈਲਾਨੀ ਉਥੇ ਜਾਂ ਆਪਣੇ ਸੂਬੇ ’ਚ ਹੀ ਰਹਿੰਦੇ ਹਨ ਕਿਉਂਕਿ ਜੰਮੂ-ਕਸ਼ਮੀਰ ਦਾ ਖੇਤਰਫਲ 2 ਲੱਖ 22 ਹਜ਼ਾਰ 222 ਵਰਗ ਕਿਲੋਮੀਟਰ ਹੈ, ਜੋ ਕਿ 55 ਹਜ਼ਾਰ 693 ਵਰਗ ਕਿਲੋਮੀਟਰ ਦਾ ਖੇਤਰਫਲ ਰੱਖਣ ਵਾਲੇ ਹਿਮਾਚਲ ਪ੍ਰਦੇਸ਼ ਵਰਗੇ ਚਾਰ ਸੂਬਿਆਂ ਦੇ ਖੇਤਰਫਲ ਤੋਂ ਵੱਧ ਹੈ। ਦੂਜੇ ਪਾਸੇ ਹਰਿਆਣਾ ਤੋਂ ਸੈਲਾਨੀ ਜ਼ਿਆਦਾਤਰ ਉੱਤਰਾਖੰਡ ਦੇ ਮਨਸੂਰੀ, ਨੈਨੀਤਾਲ ਅਤੇ ਹੋਰ ਪਹਾੜੀ ਖੇਤਰਾਂ ਵੱਲ ਆਉਂਦੇ ਹਨ। ਕੁੱਲ ਮਿਲਾ ਕੇ ਹਿਮਾਚਲ ’ਚ ਪੰਜਾਬ ਦੇ ਸੈਲਾਨੀਆਂ ਦੀ ਗਿਣਤੀ 80 ਫੀਸਦੀ ਤੋਂ ਵੱਧ ਹੋਣ ਦਾ ਅਨੁਮਾਨ ਹੈ। ਸ਼ਿਮਲਾ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਇੱਥੇ ਹਰ ਰੋਜ਼ 48 ਹਜ਼ਾਰ 235 ਟੂਰਿਸਟ ਵਾਹਨ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਯੋਗਾ ਕਰਨ ਵਾਲੀ ਕੁੜੀ ਦੇ ਮੁਆਫ਼ੀ ਮੰਗਣ ਮਗਰੋਂ SGPC ਦੀ ਵੱਡੀ ਕਾਰਵਾਈ
ਐੱਸ. ਪੀ. ਸੰਜੀਵ ਗਾਂਧੀ ਨੇ ਦੱਸਿਆ ਕਿ ਸ਼ਿਮਲਾ ਪ੍ਰਬੰਧਨ ਅਨੁਸਾਰ ਪਿਛਲੇ 17 ਦਿਨਾਂ ’ਚ ਆਉਣ ਵਾਲੇ ਵਾਹਨਾਂ ਦੀ ਗਿਣਤੀ 8 ਲੱਖ 20 ਹਜ਼ਾਰ ਦੱਸੀ ਜਾਂਦੀ ਹੈ। ਦੂਜੇ ਪਾਸੇ ਮਨਾਲੀ ’ਚ ਹਰ ਰੋਜ਼ 10 ਹਜ਼ਾਰ ਯਾਤਰੀ ਵਾਹਨ ਆ ਰਹੇ ਹਨ, ਜਦਕਿ ਵੀਕਐਂਡ ’ਤੇ ਇਨ੍ਹਾਂ ਦੀ ਗਿਣਤੀ ਦੁੱਗਣੀ ਹੋ ਜਾਂਦੀ ਹੈ। ਜੇਕਰ ਇਨ੍ਹਾਂ ਯਾਤਰੀ ਵਾਹਨਾਂ ’ਚ ਸਫ਼ਰ ਕਰਨ ਵਾਲੇ ਸੈਲਾਨੀਆਂ ਦੀ ਗਿਣਤੀ ਕੀਤੀ ਜਾਵੇ ਤਾਂ ਵੱਡੀਆਂ ਅਤੇ ਛੋਟੀਆਂ ਗੱਡੀਆਂ ਦੀ ਮਿਲਾ ਕੇ ਗਿਣਤੀ ਕਈ ਗੁਣਾ ਵੱਧ ਜਾਵੇਗੀ, ਜਦੋਂਕਿ ਹਿਮਾਚਲ ਦੇ ਮੱਧ ਵਰਗ ਦੇ ਤਰਜੀਹੀ ਹਿਲ ਸਟੇਸ਼ਨਾਂ ’ਚ ਡਲਹੌਜ਼ੀ, ਚੰਬਾ, ਖਿਜ਼ਰ, ਧਰਮਸ਼ਾਲਾ, ਭਾਗਸੁਨਾਗ, ਮੈਕਲੋਡ-ਗੰਜ ਤੇ ਬਰੋਟ ਵੈਲੀ ਸ਼ਾਮਲ ਹਨ। ਇੱਥੇ ਵੀ ਸੈਲਾਨੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ।
ਇਸੇ ਤਰ੍ਹਾਂ ਹੋਰ ਹਿਲ ਸਟੇਸ਼ਨ ਜਿੱਥੇ ਪੰਜਾਬ ਜਾਂ ਸਥਾਨਕ ਸੈਲਾਨੀ ਘੱਟ ਗਿਣਤੀ ’ਚ ਪਹੁੰਚਦੇ ਹਨ, ਹਿਮਾਚਲ ਦੇ ਬਰਾਲਾਚਾ, ਭਰਮੌਰ, ਖਰਦੂਂਗਲਾ, ਪੰਗੀ ਆਦਿ ਸ਼ਾਮਲ ਹਨ ਪਰ ਉਕਤ ਬਰਫੀਲੇ ਸਥਾਨਾਂ ’ਤੇ ਵੀ ਵਿਦੇਸ਼ੀ ਸੈਲਾਨੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਦੂਜੇ ਪਾਸੇ ਛੋਟੇ ਹਿਲ ਸਟੇਸ਼ਨਾਂ ’ਚ 40 ਤੋਂ ਵੱਧ ਸਥਾਨ ਅਜਿਹੇ ਹਨ, ਜਿੱਥੇ ਮੱਧ ਵਰਗ ਦੇ ਲੋਕ ਸਾਲ ਭਰ ਆਉਂਦੇ-ਜਾਂਦੇ ਰਹਿੰਦੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਨੇਵੀ ਅਫ਼ਸਰ ਨਾਲ ਵੱਡਾ ਹਾਦਸਾ, ਹਫ਼ਤੇ ਤੋਂ ਨਹੀਂ ਲੱਗਾ ਕੋਈ ਸੁਰਾਗ, ਪਿਓ ਨੇ ਰੋ-ਰੋ ਦੱਸੀ ਇਹ ਗੱਲ (ਵੀਡੀਓ)
ਆਸਾਨ ਨਹੀਂ ਹੈ ਸੈਲਾਨੀਆਂ ਲਈ ਹਿਮਾਚਲ ਦੇ ਰਸਤੇ
ਭਰਮੌਰ ਰੋਡ ’ਤੇ 8 ਘੰਟੇ ਜਾਮ ਰਿਹਾ ਪੀ. ਡਬਲਯੂ. ਡੀ. ਸਬੰਧਤ ਅਧਿਕਾਰੀ (ਐੱਸ. ਡੀ. ਓ.) ਬੀ. ਸੀ. ਠਾਕੁਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮੰਡੀ ਖੇਤਰ ਤੋਂ ਪੰਡੋਹ ਡੈਮ ਤੱਕ ਸੜਕਾਂ ’ਤੇ ਕਈ ਦਿਨਾਂ ਤੋਂ ਜਾਮ ਲੱਗਾ ਹੋਇਆ ਹੈ। ਮੰਡੀ ਦੇ ਡਿਪਟੀ ਕਮਿਸ਼ਨਰ ਅਪੂਰਵਾ ਦੇਵਗਨ ਨੇ ਇਕ ਨਿਰਦੇਸ਼ ’ਚ ਪਹਾੜੀ ਕਟਾਈ ’ਤੇ 31 ਅਗਸਤ ਤੱਕ ਪਾਬੰਦੀ ਲਾ ਦਿੱਤੀ ਹੈ।
- ਟ੍ਰੈਫਿਕ ਮੈਨੇਜਮੈਂਟ ਡਵੀਜ਼ਨ ਨੇ ਉੱਚੇ ਵਾਹਨਾਂ ਦੇ ਰੂਟਾਂ ਨੂੰ ਮੋੜਦੇ ਹੋਏ ਮਨਾਲੀ’ਵਿੱਚ 5.5 ਮੀਟਰ ਜਾਂ ਇਸ ਤੋਂ ਵੱਧ ਉੱਚੇ ਵਾਹਨਾਂ ਦੇ ਦਾਖਲੇ ’ਤੇ ਰੋਕ ਲਾ ਦਿੱਤੀ ਹੈ। ਐੱਸ. ਪੀ. ਟ੍ਰੈਫਿਕ ਸੰਜੀਵ ਚੌਹਾਨ ਅਨੁਸਾਰ 250 ਸਿਪਾਹੀ ਆਉਣ-ਜਾਣ ਵਾਲੇ ਵਾਹਨਾਂ ’ਤੇ ਧਿਆਨ ਦੇ ਰਹੇ ਹਨ।
- 18 ਜੂਨ ਨੂੰ ਕੁੱਲੂ ਵਿਚ ਵੀ ਭਾਰੀ ਟ੍ਰੈਫਿਕ ਜਾਮ ਹੈ, ਇਸ ਗੱਲ ਦੀ ਪੁਸ਼ਟੀ ਐੱਸ. ਪੀ. ਖੁਸ਼ਹਾਲ ਸ਼ਰਮਾ ਨੇ ਕੀਤਾ। ਇਸ ਦੇ ਨਾਲ ਹੀ ਕੁੱਲੂ ਵਿਚ ਵੀ ਡਾਇਰੀਆ ਕਾਰਨ ਲੋਕ ਪ੍ਰੇਸ਼ਾਨ ਰਹੇ। ਦੂਜੇ ਪਾਸੇ ਸ਼ਿਮਲਾ ’ਚ 17 ਜੂਨ ਤੋਂ 21 ਜੂਨ ਤੱਕ ਪਾਣੀ ਦੀ ਭਾਰੀ ਕਿੱਲਤ ਰਹੀ। ਉਥੋਂ ਦੀ ਵਾਟਰ ਸਪਲਾਈ ਮੈਨੇਜਮੈਂਟ ਇਸ ਲਈ ਕਾਫੀ ਉਪਰਾਲੇ ਕਰ ਰਹੀ ਹੈ।
ਇਹ ਵੀ ਪੜ੍ਹੋ- ਵਿਦੇਸ਼ ਗਏ ਵਿਧਵਾ ਮਾਂ ਦੇ ਇਕਲੌਤੇ ਪੁੱਤ ਨਾਲ ਵਾਪਰਿਆ ਭਾਣਾ, ਅਦਾਲਤ ਨੇ ਸੁਣਾਈ 2 ਸਾਲ ਦੀ ਕੈਦ, ਜਾਣੋ ਪੂਰਾ ਮਾਮਲਾ
ਹਿਮਾਚਲ ਪ੍ਰਦੇਸ਼ ’ਚ ਸੈਲਾਨੀਆਂ ਅਤੇ ਟੂਰਿਸਟਾਂ ਵਿਚਾਲੇ ਤਣਾਅ, ਹੋਈ ਕੁੱਟਮਾਰ!
- ਮਨਾਲੀ ’ਚ 16 ਜੂਨ ਨੂੰ ਦਿੱਲੀ ਤੋਂ ਆਏ ਪਤੀ-ਪਤਨੀ ਨੂੰ ਇਕ ਰੈਸਟੋਰੈਂਟ ’ਚ ਸੜੀ ਹੋਈ ਪਾਵ ਭਾਜੀ ਪਰੋਸੀ ਗਈ। ਇਤਰਾਜ਼ ਕਰਨ ’ਤੇ ਪਤੀ-ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਡੀ. ਐੱਸ. ਪੀ ਕੇ. ਡੀ. ਸ਼ਰਮਾ ਅਨੁਸਾਰ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ।
-ਪਿਛਲੇ ਹਫਤੇ ਡਲਹੌਜ਼ੀ ਦੇ ਖਿਜ਼ਰ ’ਚ ਸਪੈਨਿਸ਼ ਜੋੜੇ ’ਤੇ ਹੋਏ ਹਮਲੇ ਦਾ ਮਾਮਲਾ ਦੇਸ਼ ਭਰ ਵਿਚ ਗੂੰਜਿਆ ਸੀ। ਪਿਛਲੇ ਮਹੀਨੇ ਵੀ ਘਾਟੀ ਦੇ ਸਥਾਨਕ ਲੋਕਾਂ ਨੇ ਇਕ ਸੈਲਾਨੀ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।
-ਪੰਜਾਬ ਵਿਚ ਚੋਣਾਂ ਵਾਲੇ ਦਿਨ 1 ਜੂਨ ਨੂੰ ਧਰਮਸ਼ਾਲਾ ਦੇ ਮੈਕਲੋਡਗੰਜ ਇਲਾਕੇ ਵਿਚ ਮੋਟਰਸਾਈਕਲ ਸਵਾਰ ਸੈਲਾਨੀਆਂ ਦੀ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਉਥੇ ਦੇ ਸਥਾਨਕ ਲੋਕਾਂ ਵਿਚ ਲੜਾਈ ਹੋ ਗਈ। ਪੁਲਸ ਨੇ ਮਾਮਲਾ ਸੁਲਝਾ ਲਿਆ ਪਰ ਕੋਈ ਐੱਫ. ਆਈ. ਆਰ ਦਰਜ ਨਹੀਂ ਕੀਤੀ ਗਈ ਪਰ ਮਾਮਲਾ ਕਾਫੀ ਭਖ ਗਿਆ ਹੈ।
- ਕੱਲ ਕਾਂਗੜਾ ਜ਼ਿਲੇ ਅਧੀਨ ਪੈਂਦੇ ਵਿਆਸ ਨਦੀ ’ਚ ਨਹਾਉਂਦੇ ਸਮੇਂ ਜਸਵੀਰ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਸਥਾਨਕ ਗੁਰਜਰ ਭਾਈਚਾਰੇ ਦੇ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ।
ਪੰਜਾਬ ਅਤੇ ਹਿਮਾਚਲ ਦੋਵੇਂ ਪ੍ਰਾਹੁਣਚਾਰੀ ਸੂਬ ਮੰਨੇ ਜਾਂਦੇ ਹਨ। ਇਨ੍ਹਾਂ ਖੇਤਰਾਂ ’ਚ ਸਾਰੇ ਮਹਿਮਾਨਾਂ ਦਾ ਸਵਾਗਤ ਹੁੰਦਾ ਹੈ, ਜਿੱਥੇ ਪੰਜਾਬ ਦੇ ਲੋਕ ਸੈਰ-ਸਪਾਟੇ ਲਈ ਵੱਡੀ ਗਿਣਤੀ ਵਿਚ ਹਿਮਾਚਲ ਜਾਂਦੇ ਹਨ, ਉਥੇ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਅਤੇ ਵਾਹਗਾ ਬਾਰਡਰ ਰੀਟ੍ਰੀਟ ਸਮਾਰੋਹ ਦੇਖਣ ਲਈ ਲੋਕ ਵੱਡੀ ਗਿਣਤੀ ਵਿਚ ਪੰਜਾਬ ਆਉਂਦੇ ਹਨ। ਹਿਮਾਚਲ ਅਤੇ ਜੰਮੂ-ਕਸ਼ਮੀਰ ਦੀਆਂ ਸਰਹੱਦਾਂ ’ਤੇ ਪੰਜਾਬ ਦੀ ਟ੍ਰੈਫਿਕ ਵਿਵਸਥਾ ਬਿਲਕੁਲ ਠੀਕ ਹੈ। ਦੂਜੇ ਪਾਸੇ ਪੰਜਾਬ ਅਤੇ ਹਿਮਾਚਲ ਪੁਲਸ ਪੂਰੀ ਤਰ੍ਹਾਂ ਆਪਸੀ ਸੰਪਰਕ ’ਚ ਹੈ। ਫਿਰ ਵੀ ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਪੁਲਸ ਨਾਲ ਸੰਪਰਕ ਕਰ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8