ਸਾਲਾਨਾ ਹੱਜ ਯਾਤਰਾ ਲਈ ਮੱਕਾ ਪਹੁੰਚੇ 15 ਲੱਖ ਤੋਂ ਵੱਧ ਵਿਦੇਸ਼ੀ ਮੁਸਲਮਾਨ

Wednesday, Jun 12, 2024 - 02:16 PM (IST)

ਸਾਲਾਨਾ ਹੱਜ ਯਾਤਰਾ ਲਈ ਮੱਕਾ ਪਹੁੰਚੇ 15 ਲੱਖ ਤੋਂ ਵੱਧ ਵਿਦੇਸ਼ੀ ਮੁਸਲਮਾਨ

ਮੱਕਾ - ਇਸ ਹਫ਼ਤੇ ਦੇ ਅੰਤ 'ਚ ਸ਼ੁਰੂ ਹੋਣ ਵਾਲੀ ਹਜ ਯਾਤਰਾ ਤੋਂ ਪਹਿਲਾਂ ਵੱਡੀ ਗਿਣਤੀ 'ਚ ਹੱਜ ਯਾਤਰੀ ਸਾਊਦੀ ਅਰਬ ਦੇ ਮੱਕਾ ਪਹੁੰਚ ਗਏ ਹਨ। ਸਾਊਦੀ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਤੱਕ 15 ਲੱਖ ਤੋਂ ਜ਼ਿਆਦਾ ਵਿਦੇਸ਼ੀ ਹੱਜ ਯਾਤਰੀ ਦੇਸ਼ ਵਿਚ ਪਹੁੰਚ ਚੁੱਕੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਹਵਾਈ ਜਹਾਜ਼ ਰਾਹੀਂ ਇੱਥੇ ਪਹੁੰਚੇ ਹਨ। ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਨੂੰ ਅਧਿਕਾਰਤ ਤੌਰ 'ਤੇ ਸ਼ੁਰੂ ਹੋਣ ਵਾਲੇ ਹੱਜ ਲਈ ਹੋਰ ਲੋਕਾਂ ਦੇ ਆਉਣ ਦੀ ਉਮੀਦ ਹੈ।

ਇਸ ਤੋਂ ਇਲਾਵਾ ਸਾਊਦੀ ਅਰਬ ਵਿਚ ਰਹਿ ਰਹੇ ਹਜ਼ਾਰਾਂ ਮੁਸਲਮਾਨ ਅਤੇ ਹੋਰ ਲੋਕ ਵੀ ਹੱਜ ਵਿਚ ਸ਼ਾਮਲ ਹੋਣਗੇ। ਸਾਊਦੀ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਇਸ ਸਾਲ ਹੱਜ ਯਾਤਰਾਂ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ 2023 ਤੋਂ ਜ਼ਿਆਦਾ ਹੋਵੇਗੀ। ਉਹਨਾਂ ਨੇ ਕਿਹਾ ਕਿ 2023 ਵਿਚ 18 ਲੱਖ ਤੋਂ ਜ਼ਿਆਗਾ ਲੋਕਾਂ ਨੇ ਹੱਜ ਕੀਤਾ ਸੀ, ਜਦਕਿ ਕੋਰੋਨਾ ਮਹਾਮਾਰੀ ਤੋਂ ਪਹਿਲਾਂ, ਸਾਲ 2019 ਵਿਚ 24 ਲੱਖ ਤੋਂ ਜ਼ਿਆਦਾ ਮੁਸਲਮਾਨਾਂ ਨੇ ਹੱਜ ਕੀਤਾ ਸੀ। ਫਲਸਤੀਨੀ ਮੰਤਰਾਲੇ ਦੇ ਅਨੁਸਾਰ ਇਸ ਮਹੀਨੇ ਦੀ ਸ਼ੁਰੂਆਤ ਵਿਚ ਮੱਕਾ ਪਹੁੰਚਣ ਵਾਲੇ ਹੱਜ ਯਾਤਰੀਆਂ ਵਿਚ 4200 ਫਲਸਤੀਨੀ ਲੋਕ ਸ਼ਾਮਲ ਹਨ। 

ਮੱਕਾ ਦੀ ਵਿਸ਼ਾਲ ਮਸਜਿਦ ਵਿਚ ਮੰਗਲਵਾਰ ਨੂੰ ਹਜ ਯਾਤਰੀਆਂ ਦੀ ਬਾਰੀ ਭੀੜ ਵਿਖਾਈ ਦਿੱਤੀ ਅਤੇ ਉਹਨਾਂ ਨੇ ਮੱਕਾ ਦੇ ਚਾਰੇ ਪਾਸੇ 7 ਵਾਰ ਚੱਕਰ ਲੱਘਾ ਕੇ ਰਸਮ ਪੂਰੀ ਕੀਤੀ। ਮੱਕਾ ਮਸਜਿਦ ਨੂੰ ਇਸਲਾਮ ਦਾ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਮੰਗਲਵਾਰ ਨੂੰ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਦੌਰਾਨ ਕਈ ਲੋਕ ਧੁੱਪ ਤੋਂ ਬਚਾਅ ਕਰਨ ਲਈ ਛਤਰੀਆਂ ਲੈ ਕੇ ਘੁੰਮਦੇ ਵਿਖਾਈ ਦਿੱਤੇ। ਹੱਜ ਲਈ ਮੱਕਾ ਪਹੁੰਚੀ ਮੋਰੱਕੋ ਦੀ ਇਕ ਔਰਤ ਰਾਬੀਆ ਅਲ-ਰਘੀ ਨੇ ਕਿਹਾ,''ਜਦੋਂ ਮੈਂ ਅਲ-ਮਸਜਿਦ ਅਲ-ਹਰਮ ਪਹੁੰਚੀ ਅਤੇ ਕਾਬਾ ਨੂੰ ਦੇਖਿਆ ਤਾਂ ਮੈਨੂੰ ਰਾਹਤ ਮਿਲੀ। ਮੈਂ ਬਹੁਤ ਖ਼ੁਸ਼ ਹਾਂ।'' ਮਹਿਲਾ ਆਪਣੇ ਪਤੀ ਅਤੇ ਧੀ ਨਾਲ ਇਥੇ ਪਹੁੰਚੀ ਹੈ।


author

rajwinder kaur

Content Editor

Related News