ਲੋਹੜੀ ਤੋਂ ਬਾਅਦ ਖ਼ਤਰਨਾਕ ਪੱਧਰ ’ਤੇ ਪੁੱਜੀ ਸ਼ਹਿਰ ਦੀ ਹਵਾ, AQI 400 ਤੋਂ ਪਾਰ
Monday, Jan 15, 2024 - 10:59 AM (IST)
ਚੰਡੀਗੜ੍ਹ (ਰਜਿੰਦਰ) : ਲੋਹੜੀ ਦੇ ਤਿਓਹਾਰ ਤੋਂ ਬਾਅਦ ਸ਼ਹਿਰ ਦੀ ਹਵਾ ਖ਼ਤਰਨਾਕ ਪੱਧਰ ’ਤੇ ਪਹੁੰਚ ਗਈ ਹੈ। ਐਤਵਾਰ ਨੂੰ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) 400 ਨੂੰ ਪਾਰ ਕਰ ਗਿਆ, ਜੋ ਸਾਹ ਦੇ ਮਰੀਜ਼ਾਂ ਲਈ ਖ਼ਤਰਨਾਕ ਹੈ। ਐਤਵਾਰ ਸਵੇਰੇ ਸੈਕਟਰ-53 ਦੇ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ ’ਤੇ ਏ. ਕਿਊ. ਆਈ. 421 ਦੇ ਕਰੀਬ ਦਰਜ ਕੀਤਾ ਗਿਆ ਅਤੇ ਸ਼ਾਮ ਨੂੰ ਵੀ 400 ਤੋਂ ਹੇਠਾਂ ਨਹੀਂ ਆਇਆ।
ਦੀਵਾਲੀ ਤੋਂ ਬਾਅਦ ਪਿਛਲੇ ਦੋ ਮਹੀਨਿਆਂ 'ਚ ਇਹ ਸਭ ਤੋਂ ਵੱਧ ਏ. ਕਿਊ. ਆਈ. ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਸੈਕਟਰ-22 ਦੇ ਮਾਨੀਟਰਿੰਗ ਸਟੇਸ਼ਨ ’ਤੇ ਵੀ ਸਵੇਰੇ ਏ. ਕਿਊ. ਆਈ. ਵੱਧ ਤੋਂ ਵੱਧ 419 ਦੇ ਕਰੀਬ ਦਰਜ ਕੀਤਾ ਗਿਆ। ਦੱਸ ਦੇਈਏ ਕਿ ਨਵੰਬਰ ਮਹੀਨੇ ਵਿਚ ਏ. ਕਿਊ. ਆਈ. ਜ਼ਿਆਦਾਤਰ ਦਿਨ ਪੂਅਰ ਕੈਟੇਗਿਰੀ ਵਿਚ ਸੀ, ਜਦੋਂ ਕਿ ਦਸੰਬਰ ਮਹੀਨੇ ਵਿਚ ਤਾਂ ਇਹ ਵੈਰੀ ਪੂਅਰ ਕੈਟੇਗਿਰੀ 'ਚ ਹੀ ਚੱਲਿਆ ਗਿਆ।
ਇਸ ਵਾਰ ਦੀਵਾਲੀ ’ਤੇ ਵੀ ਸ਼ਹਿਰ ਵਿਚ ਆਮ ਦਿਨਾਂ ਦੇ ਮੁਕਾਬਲੇ ਸਭ ਤੋਂ ਵੱਧ ਏ. ਕਿਊ. ਆਈ. ਦਰਜ ਕੀਤਾ ਗਿਆ ਅਤੇ ਇੱਥੋਂ ਤਕ ਕਿ ਇਸਨੇ ਪਿਛਲੇ ਚਾਰ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਸੀ। ਸੈਕਟਰ-53 ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ ’ਤੇ ਏ. ਕਿਊ. ਆਈ. 453 ਦੇ ਕਰੀਬ ਦਰਜ ਕੀਤਾ ਗਿਆ। ਏਅਰ ਕੁਆਲਿਟੀ ਇੰਡੈਕਸ 200 ਤੋਂ ਉੱਪਰ ਪੂਅਰ ਮੰਨਿਆ ਜਾਂਦਾ ਹੈ ਅਤੇ 300 ਤੋਂ ਉੱਪਰ ਵੈਰੀ ਪੂਅਰ ਮੰਨਿਆ ਜਾਂਦਾ ਹੈ ਅਤੇ 400 ਤੋਂ ਉੱਪਰ ਨੂੰ ਖ਼ਤਰਨਾਕ ਮੰਨਿਆ ਜਾਂਦਾ ਹੈ।