ਗੁਜਰਾਤ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਤੋਂ 2 ਸਾਈਬਰ ਠੱਗ ਕਾਬੂ
Tuesday, Dec 17, 2024 - 05:04 AM (IST)
ਫਾਜ਼ਿਲਕਾ/ਅਬੋਹਰ (ਨਾਗਪਾਲ, ਸੁਨੀਲ) – ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਸ ਫਾਜ਼ਿਲਕਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡੀ. ਐੱਸ. ਪੀ. (ਇੰਨਵੈ) ਫਾਜ਼ਿਲਕਾ ਬਲਕਾਰ ਸਿੰਘ ਸੰਧੂ ਦੀ ਯੋਗ ਅਗਵਾਈ ’ਚ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਾਈਬਰ ਕ੍ਰਾਈਮ ਫਾਜ਼ਿਲਕਾ ਦੀ ਟੀਮ ਵੱਲੋਂ ਸਾਈਬਰ ਧੋਖਾਦੇਹੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਥਾਣਾ ਸਾਈਬਰ ਕ੍ਰਾਈਮ ਫਾਜ਼ਿਲਕਾ ਵਿਖੇ ਸੁਸ਼ਾਂਤ ਨਾਗਪਾਲ ਵਾਸੀ ਸਰਕੂਲਰ ਰੋਡ ਅਬੋਹਰ ਦੇ ਬਿਆਨਾਂ ਦੇ ਆਧਾਰ ’ਤੇ 18 ਸਤੰਬਰ ਨੂੰ ਯਸ਼ਪਾਲ ਵਗੈਰਾ ਦੇ ਖਿਲਾਫ ਜਿਨਾਂ ਨੇ ਮੁੱਦਈ ਨਾਲ 60,23,000 ਰੁਪਏ ਦੀ ਸਾਈਬਰ ਧੋਖਾਦੇਹੀ ਕੀਤੀ ਸੀ। ਜਿਸ ’ਤੇ ਪੁਲਸ ਵੱਲੋਂ ਤਕਨੀਕੀ ਤੌਰ ’ਤੇ ਬੈਂਕਾਂ ’ਚੋਂ ਰਿਕਾਰਡ ਹਾਸਲ ਕਰ ਕੇ ਮਾਮਲਾ ਦਰਜ ਕੀਤਾ ਗਿਆ ਸੀ।
ਦੌਰਾਨੇ ਤਫਤੀਸ਼ ਮੁਕੱਦਮਾ ਉਕਤ ਮੁਲਜ਼ਮ ਨਾਇਕ ਰਾਹੁਲ ਕੁਮਾਰ ਉਰਫ ਯਸ਼ਪਾਲ ਵਾਸੀ ਨਿਊ ਕ੍ਰਿਸ਼ਨਾਪਾਰੂ, ਜਵੇਰੀਆਪਾਰੂ ਤਹਿਸੀਲ ਉਨਜਾਂ, ਜ਼ਿਲਾ ਮਹਿਸਾਣਾ (ਗੁਜਰਾਤ) ਨੂੰ 27 ਅਤੂਬਰ ਨੂੰ ਏ. ਐੱਸ. ਆਈ. ਸੁਖਪਾਲ ਸਿੰਘ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਗ੍ਰਿਫਤਾਰ ਕਰ ਕੇ 28 ਅਕਤੂਬਰ ਨੂੰ ਮਾਨਯੋਗ ਅਦਾਲਤ ਗੁਜਰਾਤ ਸਟੇਟ ਦੇ ਪੇਸ਼ ਕਰ ਕੇ 31 ਅਕਤੂਬਰ ਤੱਕ ਦਾ ਟਰਾਂਜਿਟ ਰਿਮਾਂਡ ਹਾਸਲ ਕੀਤਾ ਗਿਆ।
ਮੁਕੱਦਮੇ ’ਚ ਅੰਕਿਤ ਰਾਵਲ ਵਾਸੀ ਸ਼ਾਸਤਰੀ ਨਗਰ ਉੜਕਾ ਵੀਸਟ ਚੌਕੜੀ ਤਹਿਸੀਲ ੳਂਨਜਾ ਜ਼ਿਲਾ ਮਹਿਸਾਨਾ (ਗੁਜਰਾਤ) ਨੂੰ 1 ਨਵੰਬਰ ਨੂੰ ਮੁਲਜ਼ਮ ਨਾਮਜ਼ਦ ਕੀਤਾ ਗਿਆ। ਜਿਸ ਨੂੰ 24 ਨਵੰਬਰ ਨੂੰ ਊਂਝਾ ਗੁਜਰਾਤ ਸਟੇਟ ਤੋਂ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਾਈਬਰ ਕ੍ਰਾਈਮ ਸਮੇਤ ਪੁਲਸ ਪਾਰਟੀ ਵੱਲੋਂ ਗ੍ਰਿਫਤਾਰ ਕਰ ਕੇ ਮੁੱਦਈ ਸੁਸ਼ਾਂਤ ਨਾਗਪਾਲ ਨੂੰ 15,50,000 ਰੁਪਏ ਮੁਲਜ਼ਮ ਵੱਲੋਂ ਮੁੱਦਈ ਦੇ ਖਾਤੇ ’ਚ ਵਾਪਸ ਹੋ ਚੁੱਕੇ ਹਨ। ਇਸ ਤੋਂ ਇਲਾਵਾ ਮੁਲਜ਼ਮ ਦੇ ਖਾਤੇ ’ਚ ਪਈ ਰਕਮ ਕਰੀਬ 5,50,000 ਰੁਪਏ ਫਰੀਜ ਕਰਵਾਈ ਗਈ।
ਦੌਰਾਨੇ ਤਫਤੀਸ਼ 13 ਦਸੰਬਰ ਨੂੰ ਉਕਤ ਮੁਕੱਦਮਾ ’ਚ ਸਲੇਸ਼ ਕੁਮਾਰ ਅਤੇ ਰਕੇਸ਼ ਕੁਮਾਰ ਭਾਰਤੀ ਵਾਸੀਆਨ ਬਾਨਪੁਰੀ ਕਾਲੋਨੀ, ਜ਼ਿਲਾ ਖੇਰੀ ਉਤਰ ਪ੍ਰਦੇਸ਼ ਨੂੰ ਗ੍ਰਿਫਤਾਰ ਕਰ ਕੇ 14 ਦਸੰਬਰ ਨੂੰ ਮਾਣਯੋਗ ਅਦਾਲਤ (ਉੱਤਰ ਪ੍ਰਦੇਸ਼) ਵਿਖੇ ਪੇਸ਼ ਕਰ ਕੇ 4 ਦਿਨ ਦਾ ਟਰਾਂਜਿਟ ਰਿਮਾਂਡ ਹਾਸਲ ਕੀਤਾ ਗਿਆ ਹੈ। ਇਨ੍ਹਾਂ ਦੋਨੋਂ ਮੁਲਜ਼ਮਾਂ ਨੂੰ ਫਾਜ਼ਿਲਕਾ ਲਿਆ ਕੇ ਮਾਨਯੋਗ ਅਦਾਲਤ ਵਿਖੇ ਪੇਸ਼ ਕਰ ਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌਰਾਨੇ ਰਿਮਾਂਡ ਇਨ੍ਹਾਂ ਦੋਨਾਂ ਵੱਲੋਂ ਸਾਈਬਰ ਠੱਗੀ ਰਾਹੀਂ ਹਾਸਲ ਕੀਤੀ ਰਕਮ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।