ਜਲੰਧਰ ਨਗਰ ਨਿਗਮ ਚੋਣਾਂ ਲਈ ਵੋਟਿੰਗ ਜਾਰੀ, ਜਾਣੋ ਹੁਣ ਤੱਕ ਦੀ ਵੋਟ ਫ਼ੀਸਦੀ
Saturday, Dec 21, 2024 - 12:20 PM (IST)
ਜਲੰਧਰ (ਸੋਨੂੰ, ਚੋਪੜਾ)– ਜਲੰਧਰ ਜ਼ਿਲ੍ਹੇ ਵਿਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਲਈ ਵੋਟਿੰਗ ਸਵੇਰ ਤੋਂ ਲਗਾਤਾਰ ਜਾਰੀ ਹੈ। ਇਹ ਸਿਲਸਿਲਾ 4 ਵਜੇ ਤੱਕ ਜਾਰੀ ਰਹੇਗਾ। ਵੋਟਾਂ ਦੌਰਾਨ 7, 29, 658 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ, ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਜਲੰਧਰ ਵਿਚ 11 ਵਜੇ ਤੱਕ ਕੁੱਲ੍ਹ 16 ਫ਼ੀਸਦੀ ਪੋਲਿੰਗ ਹੋਈ ਹੈ। ਚੋਣਾਂ ਲੜ ਰਹੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਵੀ ਅੱਜ ਸ਼ਾਮ ਨੂੰ ਹੀ ਹੋ ਜਾਵੇਗਾ, ਕਿਉਂਕਿ ਪੋਲਿੰਗ ਤੋਂ ਬਾਅਦ ਨਾਲ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਅਤੇ ਕੁਝ ਦੇਰ ਬਾਅਦ ਹੀ ਨਤੀਜਿਆਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਜਲੰਧਰ 'ਚ ਵੋਟਿੰਗ ਦੌਰਾਨ ਹੋਇਆ ਹੰਗਾਮਾ, ਪੁਲਸ ਨੇ ਕੀਤੀ ਬਲ ਦੀ ਵਰਤੋਂ
ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਵੋਟਿੰਗ ਤੋਂ ਬਾਅਦ ਪੋਲਿੰਗ ਸਟੇਸ਼ਨਾਂ ’ਤੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ, ਜਿਸ ਤੋਂ ਬਾਅਦ ਦੇਰ ਰਾਤ ਤਕ ਚੋਣ ਨਤੀਜੇ ਸਾਹਮਣੇ ਆ ਜਾਣਗੇ। ਜ਼ਿਲ੍ਹਾ ਚੋਣ ਅਧਿਕਾਰੀ ਨੇ ਵੋਟਰਾਂ ਨੂੰ ਬਿਨਾਂ ਕਿਸੇ ਡਰ ਦੇ ਇਸ ਪੋਲਿੰਗ ਵਿਚ ਵਧ-ਚੜ੍ਹ ਕੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਜ਼ਿਲ੍ਹੇ ਵਿਚ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀ ਵੋਟਿੰਗ ਲਈ ਕੁੱਲ੍ਹ 729 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿਚ ਨਗਰ ਨਿਗਮ ਜਲੰਧਰ ਦੇ 85 ਵਾਰਡਾਂ ਲਈ 677 ਪੋਲਿੰਗ ਬੂਥਾਂ ਤੋਂ ਇਲਾਵਾ ਨਗਰ ਕੌਂਸਲ ਭੋਗਪੁਰ, ਨਗਰ ਕੌਂਸਲ ਗੋਰਾਇਆ ਅਤੇ ਨਗਰ ਕੌਂਸਲ ਫਿਲੌਰ ਦੇ ਇਕ ਵਾਰਡ ਲਈ ਕੁੱਲ੍ਹ 27 ਅਤੇ ਨਗਰ ਪੰਚਾਇਤ ਬਿਲਗਾ, ਨਗਰ ਪੰਚਾਇਤ ਸ਼ਾਹਕੋਟ ਅਤੇ ਨਗਰ ਪੰਚਾਇਤ ਮਹਿਤਪੁਰ ਦੇ ਇਕ ਵਾਰਡ ਲਈ ਕੁੱਲ੍ਹ 25 ਪੋਲਿੰਗ ਬੂਥ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਬਿਲਗਾ ਦੇ 2 ਵਾਰਡਾਂ (ਵਾਰਡ ਨੰਬਰ 1 ਅਤੇ 3) ਵਿਚ ਪਹਿਲਾਂ ਹੀ ਸਰਬਸੰਮਤੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਫਗਵਾੜਾ ਵਿਖੇ ਨਗਰ ਨਿਗਮ ਤੇ ਨਗਰ ਪੰਚਾਇਤਾਂ ਲਈ ਵੋਟਿੰਗ ਜਾਰੀ, ਜਾਣੋ ਪੋਲਿੰਗ ਫ਼ੀਸਦੀ
ਡਾ. ਹਿਮਾਂਸ਼ੂ ਨੇ ਦੱਸਿਆ ਕਿ 3,54,159 ਮਰਦ, 3,29,188 ਔਰਤ ਅਤੇ 20 ਟਰਾਂਸਜੈਂਡਰਾਂ ਸਮੇਤ ਜਲੰਧਰ ਸ਼ਹਿਰ ਵਿਚ ਕੁੱਲ੍ਹ 6,83,367 ਵੋਟਰ ਹਨ, ਜਦਕਿ ਨਗਰ ਕੌਂਸਲ ਭੋਗਪੁਰ, ਗੋਰਾਇਆ ਅਤੇ ਫਿਲੌਰ ਲਈ 24504 ਅਤੇ ਨਗਰ ਪੰਚਾਇਤ ਬਿਲਗਾ, ਸ਼ਾਹਕੋਟ ਅਤੇ ਮਹਿਤਪੁਰ ਲਈ 21787 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨਗੇ।
ਉਨ੍ਹਾਂ ਕਿਹਾ ਕਿ ਪੂਰੇ ਚੋਣ ਅਮਲ ਨੂੰ ਆਜ਼ਾਦ, ਨਿਰਪੱਖ ਅਤੇ ਨਿਰਵਿਘਨ ਢੰਗ ਨਾਲ ਮੁਕੰਮਲ ਕਰਵਾਉਣ ਲਈ 2916 ਕਰਮਚਾਰੀ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 2708 ਕਰਮਚਾਰੀ ਨਗਰ ਨਿਗਮ ਜਲੰਧਰ ਅਤੇ 208 ਕਰਮਚਾਰੀ ਨਗਰ ਕੌਂਸਲ ਭੋਗਪੁਰ, ਗੋਰਾਇਆ, ਫਿਲੌਰ ਅਤੇ ਨਗਰ ਪੰਚਾਇਤ ਬਿਲਗਾ, ਸ਼ਾਹਕੋਟ ਅਤੇ ਮਹਿਤਪੁਰ ਵਿਚ ਪੋਲਿੰਗ ਦੌਰਾਨ ਡਿਊਟੀ ਨਿਭਾਅ ਰਹੇ ਹਨ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਸ ਵੱਲੋਂ 3404 ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿਚ ਨਗਰ ਨਿਗਮ ਦੀ ਪੋਲਿੰਗ ਲਈ 2469 ਅਤੇ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਲਈ 935 ਕਰਮਚਾਰੀ ਸ਼ਾਮਲ ਹਨ।
ਇਹ ਵੀ ਪੜ੍ਹੋ- ਪੋਲਿੰਗ ਦੌਰਾਨ MLA ਦੀ ਕਾਂਗਰਸੀ ਆਗੂ ਨਾਲ ਖੜ੍ਹਕੀ, ਗਰਮਾਇਆ ਮਾਹੌਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8