ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ Mobile Shop ਤੋਂ 2.50 ਲੱਖ ਰੁਪਏ ਦੀ ਲੁੱਟ
Saturday, Dec 14, 2024 - 01:50 PM (IST)
ਲੁਧਿਆਣਾ (ਰਾਜ)- ਫਿਰੋਜ਼ਪੁਰ ਰੋਡ ਦੇ ਕਿੰਗ ਐਨਕਲੇਵ ’ਚ ਬਾਈਕ ਸਵਾਰ 3 ਨਕਾਬਪੋਸ਼ ਬਦਮਾਸ਼ਾਂ ਨੇ ਇਕ ਮੋਬਾਈਲ ਸ਼ਾਪ ਨੂੰ ਨਿਸ਼ਾਨਾ ਬਣਾਇਆ। ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਦੁਕਾਨਦਾਰ ਤੋਂ 2.50 ਲੱਖ ਰੁਪਏ ਲੁੱਟ ਲਏ। ਜਦੋਂ ਦੁਕਾਨਦਾਰ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਦੁਕਾਨਦਾਰ ਦੇ ਹੱਥ ’ਤੇ ਸੱਟ ਲੱਗ ਗਈ ਪਰ ਫਿਰ ਵੀ ਦੁਕਾਨਦਾਰ ਨੇ ਹਾਰ ਨਾ ਮੰਨਦੇ ਹੋਏ 1 ਲੁਟੇਰੇ ਨੂੰ ਦਬੋਚ ਲਿਆ, ਜਦੋਂਕਿ ਬਾਕੀ 2 ਲੁਟੇਰੇ ਕੈਸ਼ ਲੈ ਕੇ ਫਰਾਰ ਹੋ ਗਏ।
ਲੁੱਟ ਦੀ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਸੂਚਨਾ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਸ ਮੌਕੇ ’ਤੇ ਪੁੱਜੀ। ਲੋਕਾਂ ਨੇ ਮੁਲਜ਼ਮ ਨੂੰ ਪੁਲਸ ਹਵਾਲੇ ਕਰ ਦਿੱਤਾ। ਪੁਲਸ ਨੇ ਮੁਲਜ਼ਮ ਖਿਲਾਫ ਕਾਰਵਾਈ ਕਰ ਕੇ ਉਸ ਦੇ ਬਾਕੀ 2 ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਵਾਰਦਾਤ ਵੀਰਵਾਰ ਰਾਤ ਦੀ ਹੈ। ਦੁਕਾਨਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਮੇਨ ਰੋਡ ’ਤੇ ਸਥਿਤ ਸ਼ਰਮਾ ਮਾਰਕੀਟ, ਕਿੰਗ ਐਨਕਲੇਵ ’ਚ ਉਸ ਦੀ ਮੋਬਾਈਲਾਂ ਦੀ ਦੁਕਾਨ ਹੈ। ਉਹ ਦੁਕਾਨ ’ਤੇ ਇਕੱਲਾ ਬੈਠਾ ਸੀ ਤਾਂ ਉਸੇ ਸਮੇਂ ਬਾਈਕ ਸਵਾਰ 3 ਨੌਜਵਾਨ ਉਸ ਦੀ ਦੁਕਾਨ ਦੇ ਬਾਹਰ ਆ ਕੇ ਰੁਕੇ। ਇਕ ਨੌਜਵਾਨ ਬਾਈਕ ਸਟਾਰਟ ਕਰ ਕੇ ਬਾਹਰ ਖੜ੍ਹਾ ਰਿਹਾ, ਜਦੋਂਕਿ 2 ਨੌਜਵਾਨ ਦੁਕਾਨ ਦੇ ਅੰਦਰ ਆਏ। ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਨ੍ਹਾਂ ਨੇ ਮੋਬਾਈਲ ਕਵਰ ਖਰੀਦਣਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਹਰਪ੍ਰੀਤ ਮੁਤਾਬਕ ਜਿਉਂ ਹੀ ਉਹ ਕਵਰ ਦਿਖਾਉਣ ਲੱਗਾ ਤਾਂ ਇਕ ਲੁਟੇਰੇ ਨੇ ਦੁਕਾਨ ਦਾ ਸ਼ਟਰ ਸੁੱਟ ਦਿੱਤਾ। ਬਦਮਾਸ਼ਾਂ ਨੇ ਬੈਗ ’ਚੋਂ ਤੇਜ਼ਧਾਰ ਹਥਿਆਰ ਕੱਢ ਕੇ ਉਸ ਦੀ ਗਰਦਨ ’ਤੇ ਰੱਖ ਦਿੱਤਾ ਅਤੇ ਕਿਹਾ ਕਿ ਉਹ ਚੁੱਪ ਕਰ ਕੇ ਬੈਠ ਜਾਵੇ, ਨਹੀਂ ਤਾਂ ਮਾਰ ਦੇਣਗੇ। ਉਸ ਦੀ ਦੁਕਾਨ ’ਚ ਕਰੀਬ 3 ਲੱਖ ਰੁਪਏ ਦੀ ਨਕਦੀ ਪਈ ਸੀ, ਜਿਸ ’ਚੋਂ ਲੁਟੇਰੇ ਨੇ ਕਰੀਬ 2.50 ਲੱਖ ਰੁਪਏ ਲੁੱਟ ਲਏ।
ਹਰਪ੍ਰੀਤ ਨੇ ਦੱਸਿਆ ਕਿ ਉਸ ਨੇ ਵਿਰੋਧ ਜਤਾਇਆ ਤਾਂ ਮੁਲਜ਼ਮ ਬਾਹਰ ਵੱਲ ਭੱਜੇ, ਜਿਥੇ ਉਨ੍ਹਾਂ ਦਾ ਤੀਜਾ ਸਾਥੀ ਬਾਈਕ ਸਟਾਰਟ ਕਰ ਕੇ ਖੜ੍ਹਾ ਹੋਇਆ ਸੀ। ਮੁਲਜ਼ਮ ਬਾਈਕ ’ਤੇ ਬੈਠ ਕੇ ਭੱਜਣ ਲੱਗੇ ਤਾਂ ਉਸ ਨੇ 1 ਨੂੰ ਫੜ ਲਿਆ ਤਾਂ ਮੁਲਜ਼ਮ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਹੱਥ ’ਤੇ ਵਾਰ ਕਰ ਦਿੱਤਾ, ਜਿਸ ਨਾਲ ਉਸ ਦੇ ਹੱਥ ’ਚ ਫੈਕਚਰ ਵੀ ਹੋਇਆ ਹੈ।
ਇਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਵੀ ਇਕੱਠੇ ਹੋ ਗਏ ਅਤੇ ਮੁਲਜ਼ਮ ਨੂੰ ਦਬੋਚ ਲਿਆ। ਬਾਕੀ ਦੋਵੇਂ ਮੁਲਜ਼ਮ ਆਪਣੇ ਸਾਥੀ ਨੂੰ ਛੁਡਾਉਣ ਲਈ ਵਾਪਸ ਆਏ ਸਨ ਪਰ ਪਬਲਿਕ ਨੂੰ ਦੇਖ ਕੇ ਭੱਜ ਗਏ। ਫਰਾਰ ਮੁਲਜ਼ਮਾਂ ਕੋਲ ਉਸ ਦਾ ਲੁੱਟਿਆ ਹੋਇਆ ਕੈਸ਼ ਸੀ। ਉੱਧਰ, ਥਾਣਾ ਸਰਾਭਾ ਨਗਰ ਦੇ ਐੱਸ. ਐੱਚ. ਓ. ਨੀਰਜ ਚੌਧਰੀ ਨੇ ਦੱਸਿਆ ਕਿ 1 ਬਦਮਾਸ਼ ਨੂੰ ਗ੍ਰਿਫਤਾਰ ਲਿਆ ਗਿਆ ਹੈ। ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8