ਖਨੌਰੀ ਬਾਰਡਰ ਪੁੱਜੀ ਮੈਡੀਕਲ ਟੀਮ, ਜਗਜੀਤ ਡੱਲੇਵਾਲ ਨੇ ਇਲਾਜ ਲੈਣ ਤੋਂ ਕੀਤਾ ਸਾਫ਼ ਇਨਕਾਰ
Friday, Dec 27, 2024 - 09:24 PM (IST)
ਪਟਿਆਲਾ/ਸਨੌਰ (ਮਨਦੀਪ ਜੋਸਨ, ਰਾਜੇਸ਼ ਪੰਜੌਲਾ)- ਮਰਨ ਵਰਤ 'ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਇਲਾਜ ਦੇਣ ਲਈ ਅੱਜ ਇੱਕ ਹੋਰ ਵੱਡਾ ਹੰਭਲਾ ਮਾਰਿਆ ਗਿਆ, ਪਰ ਡੱਲੇਵਾਲ ਨਹੀ ਮੰਨੇ। ਉਨ੍ਹਾਂ ਨੇ ਮੈਡੀਕਲ ਇਲਾਜ ਲੈਣ ਤੋਂ ਇਨਕਾਰ ਕਰ ਦਿੱਤਾ।
ਪਟਿਆਲਾ ਰੇਂਜ ਦੇ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ, ਐੱਸ.ਐੱਸ.ਪੀ. ਪਟਿਆਲਾ ਡਾ. ਮਨਦੀਪ ਸਿੰਘ ਸਿੱਧੂ ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਈਸ਼ਾ ਸਿੰਗਲ ਦੀ ਅਗਵਾਈ ਵਿਚ ਇੱਕ ਡਾਕਟਰਾਂ ਦੇ ਵਫਦ ਨੇ ਖਨੌਰੀ ਬਾਰਡਰ 'ਤੇ ਪੂਰਾ ਇੱਕ ਘੰਟੇ ਤੋਂ ਵਧ ਸਮਾਂ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਬੇਨਤੀ ਕੀਤੀ ਕਿ ਉਹ ਮੈਡੀਕਲ ਸਪੋਰਟ ਲੈਣ ਭਾਵੇਂ ਉਹ ਮੂੰਹ ਰਾਹੀਂ ਨਾ ਲੈਣ। ਡਾਕਟਰਾਂ ਨੇ ਡੱਲੇਵਾਲ ਸਾਹਿਬ ਨੂੰ ਆਖਿਆ ਕਿ ਤੁਹਾਡੇ ਸੰਘਰਸ਼ ਨੂੰ ਤਗੜਾ ਕਰਨ ਲਈ ਹੀ ਅਸੀਂ ਆਏ ਹਾਂ। ਜੇਕਰ ਤੁਸੀ ਮੈਡੀਕਲ ਸਪੋਰਟ ਲੈ ਲਵੋਗੇ ਤਾਂ ਤੁਸੀ ਸੰਘਰਸ਼ ਨੂੰ ਹੋਰ ਜ਼ਿਆਦਾ ਵਧੀਆ ਢੰਗ ਨਾਲ ਚਲਾ ਸਕੋਗੇ।
ਡਾਕਟਰਾਂ ਨੇ ਡੱਲੇਵਾਲ ਨੂੰ ਅਪੀਲ ਕੀਤੀ ਕਿ ਭਾਵੇ ਉਹ ਇਸ ਟੈਂਟ ਵਿਚ ਹੀ ਮੈਡੀਕਲ ਸਪੋਰਟ ਲੈ ਲੈਣ। ਅਸੀਂ ਇਥੇ ਹੀ ਸਾਰਾ ਇੰਤਜ਼ਾਮ ਕਰ ਦੇਵਾਂਗੇ। ਡਾਕਟਰਾਂ ਦੇ 6 ਮੈਂਬਰੀ ਵਫਦ ਵਿਚ ਸੀਨੀਅਰ ਡਾਕਟਰ ਵੀ ਹਾਜ਼ਰ ਸਨ। ਲਗਾਤਾਰ ਇੰਕ ਘੰਟੇ ਤੋਂ ਵਧ ਸਮਾਂ ਡੱਲੇਵਾਲ ਨੂੰ ਬੇਨਤੀਆਂ ਕਰਨ ਦੇ ਬਾਅਦ ਵੀ ਡੱਲੇਵਾਲ ਨਹੀ ਮੰਨੇ। ਉਨ੍ਹਾਂ ਆਖਿਆ ਕਿ ਉਹ ਮੈਡੀਕਲ ਸਪੋਰਟ ਵੀ ਨਹੀਂ ਲੈਣਗੇ ਤੇ ਇਲਾਜ ਵੀ ਨਹੀਂ ਕਰਵਾਉਣਗੇ।
ਇਹ ਵੀ ਪੜ੍ਹੋ- ਸਿਆਸੀ ਡਰਾਮਾ ; ਕਾਂਗਰਸੀ ਕੌਂਸਲਰ ਨੇ 12 ਘੰਟਿਆਂ 'ਚ 3 ਵਾਰ ਬਦਲ ਲਈ ਪਾਰਟੀ
ਡੱਲੇਵਾਲ ਨੇ ਇਸ ਮੌਕੇ ਬੜੇ ਹੌਲੇ ਬੋਲਣ ਦੀ ਕੋਸ਼ਿਸ਼ ਕਰਦਦਿਆਂ ਆਖਿਆ ਕਿ ਉਹ 70 ਸਾਲ ਦੇ ਹੋ ਗਏ ਹਨ ਤੇ ਆਪਣੀ ਜ਼ਿੰਦਗੀ ਪੰਜਾਬੀਆਂ ਦੇ ਲੇਖੇ ਲਗਾਉਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਦੇਸ਼ ਦੀ ਆਜ਼ਾਦੀ ਵਿਚ ਵੀ ਹਜ਼ਾਰਾਂ-ਲੱਖਾਂ ਕੁਰਬਾਨੀਆਂ ਹੋਈਆਂ ਹਨ ਤੇ ਅੱਜ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਵਾਉਣ ਲਈ ਵੀ ਕੁਰਬਾਨੀਆਂ ਦੀ ਲੋੜ ਹੈ। ਸਾਡੀ ਲੜਾਈ ਸਿਧਾਂਤਾਂ ਦੀ ਤੇ ਮਰ ਰਹੇ ਕਿਸਾਨ ਮਜ਼ਦੂਰ ਦੀ ਹੈ। ਅਸੀਂ ਇਸ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਵੀ ਤਿਆਰ ਹਾਂ। ਉਨ੍ਹਾਂ ਆਖਿਆ ਕਿ ਪਹਿਲਾਂ ਤੁਸੀ ਕੇਂਦਰ ਸਰਕਾਰ ਤੋਂ ਕਿਸਾਨਾਂ ਦੀਆਂ ਐੱਮ.ਐੱਸ.ਪੀ. ਸਮੇਤ ਸਾਰੀਆਂ ਮੰਗਾਂ ਮੰਨਵਾ ਕੇ ਆਉ, ਫਿਰ ਹੀ ਮੈਂ ਮੈਡੀਕਲ ਇਲਾਜ ਲਵਾਂਗਾ।
ਡੱਲੇਵਾਲ ਦੀ ਹਾਲਤ ਬੇਹਦ ਨਾਜ਼ੁਕ : ਸਰੀਰ ਵਿਚ ਕੀਟੋਨ ਦਾ ਪੱਧਰ ਵਧਿਆ
ਉਧਰ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹਦ ਨਾਜ਼ੁਕ ਹੋ ਗਈ ਹੈ। ਉਨ੍ਹਾਂ ਦੇ ਸ਼ਰੀਰ ਵਿਚ ਕੀਟੋਨ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਹੈ। ਉਨ੍ਹਾਂ ਦਾ ਬੀ.ਪੀ. ਲਗਾਤਾਰ ਘਟ ਰਿਹਾ ਹੈ ਤੇ ਕਿਸੇ ਵੀ ਪਲ ਕੋਈ ਵੀ ਭਾਣਾ ਵਾਪਰ ਸਕਦਾ ਹੈ।
ਇਹ ਵੀ ਪੜ੍ਹੋ- ਛੁੱਟੀ 'ਤੇ ਆਏ ਫ਼ੌਜੀ ਨਾਲ ਵਾਪਰ ਗਿਆ ਦਰਦਨਾਕ ਭਾਣਾ, ਰਿਸ਼ਤੇਦਾਰ ਵੀ ਹੋ ਗਏ ਜ਼ਖ਼ਮੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e