ਜਲੰਧਰ ਸ਼ਹਿਰ ''ਚ ਕਦੇ ਹੁੰਦਾ ਸੀ ਅਕਾਲੀ ਦਲ ਦਾ ਬੋਲਬਾਲਾ, ਹੁਣ ਨਾਮੋ-ਨਿਸ਼ਾਨ ਨਹੀਂ ਬਚਿਆ
Monday, Dec 23, 2024 - 07:23 PM (IST)
ਜਲੰਧਰ (ਖੁਰਾਣਾ)–ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਪੰਜਾਬ ’ਚ ਅਕਾਲੀ-ਭਾਜਪਾ ਦੀ ਸਰਕਾਰ ਹੁੰਦੀ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਅਤੇ ਸੁਖਬੀਰ ਸਿੰਘ ਬਾਦਲ ਉਪ-ਮੁੱਖ ਮੰਤਰੀ ਹੁੰਦੇ ਸਨ, ਉਦੋਂ ਜਲੰਧਰ ਵਰਗੇ ਸ਼ਹਿਰ ’ਚ ਵੀ ਅਕਾਲੀ ਦਲ ਦੀ ਤੂਤੀ ਬੋਲਦੀ ਹੁੰਦੀ ਸੀ ਅਤੇ ਜਲੰਧਰ ਨਗਰ ਨਿਗਮ ’ਚ ਵੀ ਭਾਜਪਾ ਦੇ ਨਾਲ-ਨਾਲ ਅਕਾਲੀ ਦਲ ਦਾ ਪੂਰਾ ਬੋਲਬਾਲਾ ਹੁੰਦਾ ਸੀ। ਉਸ ਸਮੇਂ ਦੌਰਾਨ ਗੁਰਚਰਨ ਸਿੰਘ ਚੰਨੀ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਸਨ, ਜਿਨ੍ਹਾਂ ਨੇ ਲਗਭਗ 15 ਸਾਲ ਅਕਾਲੀ ਦਲ ਦੀ ਪ੍ਰਧਾਨਗੀ ਕੀਤੀ। ਪ੍ਰਧਾਨ ਚੰਨੀ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ-ਨਾਲ ਸੁਖਬੀਰ ਬਾਦਲ ਦੇ ਵੀ ਨਜ਼ਦੀਕੀ ਹੋਇਆ ਕਰਦੇ ਸਨ। ਚੰਨੀ ਦੀ ਪ੍ਰਧਾਨਗੀ ਦੌਰਾਨ ਜਲੰਧਰ ’ਚ ਅਕਾਲੀ ਦਲ ਦਾ ਪੂਰਾ ਸੰਗਠਨ ਕੰਮ ਕਰਦਾ ਸੀ ਪਰ ਅੱਜ ਸ਼ਹਿਰ ’ਚ ਅਕਾਲੀ ਦਲ ਦਾ ਦਬਦਬਾ ਮਿਟ ਚੁੱਕਾ ਹੈ ਅਤੇ ਹਾਲ ਹੀ ਚੁਣੇ ਗਏ 85 ਕੌਂਸਲਰਾਂ ’ਚੋਂ ਅਕਾਲੀ ਦਲ ਦਾ ਇਕ ਵੀ ਉਮੀਦਵਾਰ ਜਿੱਤ ਪ੍ਰਾਪਤ ਨਹੀਂ ਕਰ ਸਕਿਆ।
ਇਹ ਵੀ ਪੜ੍ਹੋ- ਇਨ੍ਹਾਂ ਤਾਰੀਖ਼ਾਂ ਨੂੰ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਸਾਵਧਾਨ, ਪਹਿਲਾਂ ਪੜ੍ਹ ਲਓ ਇਹ ਖ਼ਬਰ
ਇਸ ਵਾਰ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਨ ਵਾਲੇ ਉਮੀਦਵਾਰ ਵੀ ਬਹੁਤ ਘੱਟ ਗਿਣਤੀ ’ਚ ਸਨ ਅਤੇ ਕੋਈ ਵੀ ਉਮੀਦਵਾਰ ਜਿੱਤਣ ਦੀ ਰੇਸ ’ਚ ਜਾਂ ਟੱਕਰ ’ਚ ਨਹੀਂ ਸੀ। ਖ਼ਾਸ ਗੱਲ ਇਹ ਹੈ ਕਿ ਪਿਛਲੇ 7-8 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਹੁਦੇ ’ਤੇ ਜਥੇਦਾਰ ਕੁਲਵੰਤ ਸਿੰਘ ਮੰਨਣ ਕਾਬਜ਼ ਹਨ ਪਰ ਉਨ੍ਹਾਂ ਦੀ ਲੀਡਰਸ਼ਿਪ ’ਚ ਜਲੰਧਰ ਨਿਗਮ ’ਚੋਂ ਅਕਾਲੀ ਦਲ ਬਿਲਕੁਲ ਹੀ ਗਾਇਬ ਜਿਹਾ ਹੋ ਗਿਆ ਹੈ।
ਇਹ ਵੀ ਪੜ੍ਹੋ- ਇੰਸਟਾਗ੍ਰਾਮ 'ਤੇ ਬੇਹੱਦ ਮਸ਼ਹੂਰ ਸੀ ਮੋਹਾਲੀ ਹਾਦਸੇ 'ਚ ਮਾਰੀ ਗਈ ਦ੍ਰਿਸ਼ਟੀ, ਮਾਰਚ 'ਚ ਹੋਣਾ ਸੀ ਵਿਆਹ
ਕਦੇ ਜਲੰਧਰ ਨਿਗਮ ’ਚ ਅਕਾਲੀ ਦਲ ਪੂਰਾ ਹਾਵੀ ਸੀ
ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਅਕਾਲੀ ਦਲ ਦਾ ਸ਼ਹਿਰੀ ਜਥਾ ਕਾਫੀ ਐਕਟਿਵ ਹੁੰਦਾ ਸੀ ਅਤੇ ਜਲੰਧਰ ਨਿਗਮ ’ਚ ਅਕਾਲੀ ਕੌਂਸਲਰਾਂ ਦਾ ਦਲ ਪੂਰਾ ਹਾਵੀ ਰਹਿੰਦਾ ਸੀ। ਉਦੋਂ ਪਰਮਜੀਤ ਸਿੰਘ ਰੇਰੂ, ਗੁਰਪਾਲ ਸਿੰਘ ਟੱਕਰ, ਜਥੇ. ਇੰਦਰਜੀਤ ਸਿੰਘ ਨਾਗਰਾ, ਮਨਜੀਤ ਸਿੰਘ ਟੀਟੂ, ਕੁਲਦੀਪ ਸਿੰਘ ਓਬਰਾਏ, ਪ੍ਰਵੇਸ਼ ਟਾਂਗਰੀ, ਕਮਲਜੀਤ ਸਿੰਘ ਗਾਂਧੀ, ਕੁਲਦੀਪ ਸਿੰਘ ਲੁਬਾਣਾ, ਕਮਲਜੀਤ ਸਿੰਘ ਭਾਟੀਆ, ਹਰਸਿਮਰਤ ਕੌਰ ਛਾਬੜਾ, ਪ੍ਰਿੰਸ ਮੱਕੜ, ਇਕਬਾਲ ਢੀਂਡਸਾ ਅਤੇ ਮੈਡਮ ਪਨੂੰ ਆਦਿ ਅਕਾਲੀ ਦਲ ਦੀ ਟਿਕਟ ’ਤੇ ਹੀ ਜਿੱਤ ਪ੍ਰਾਪਤ ਕਰਦੇ ਹੁੰਦੇ ਸਨ।
ਅੱਜ ਇਨ੍ਹਾਂ ’ਚੋਂ ਵਧੇਰੇ ਜਾਂ ਤਾਂ ਅਕਾਲੀ ਦਲ ਨੂੰ ਛੱਡ ਕੇ ਦੂਜੀਆਂ ਪਾਰਟੀਆਂ ’ਚ ਚਲੇ ਗਏ ਹਨ ਜਾਂ ਸਿਆਸਤ ਤੋਂ ਹੀ ਸੰਨਿਆਸ ਲੈ ਚੁੱਕੇ ਹਨ। ਇਸ ਕਾਰਨ ਸ਼ਹਿਰ ’ਚ ਅਕਾਲੀ ਦਲ ਦਾ ਵਰਕਰ ਬੇਹੱਦ ਮਾਯੂਸ ਤੇ ਨਿਰਾਸ਼ ਹੈ।
ਇਹ ਵੀ ਪੜ੍ਹੋ- ਫਤਿਹਗੜ੍ਹ ਸਾਹਿਬ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ, ਬੱਸਾਂ ਨੂੰ ਲੈ ਕੇ ਮਿਲੇਗੀ ਇਹ ਵੱਡੀ ਸਹੂਲਤ
ਹੁਣ ‘ਆਪ’ ਲਈ ਮਿਹਨਤ ਕਰਦੇ ਦਿਸ ਰਹੇ ਹਨ ਚੰਨੀ, ਟੀਨੂੰ ਆਦਿ ਅਕਾਲੀ
ਪਵਨ ਟੀਨੂੰ ਅਤੇ ਗੁਰਚਰਨ ਸਿੰਘ ਚੰਨੀ ਵਰਗੇ ਕਈ ਆਗੂ ਸ਼੍ਰੋਮਣੀ ਅਕਾਲੀ ਦਲ ਲਈ ਇਕ ਮਜ਼ਬੂਤ ਪਿੱਲਰ ਦਾ ਕੰਮ ਕਰਦੇ ਹੁੰਦੇ ਸਨ ਪਰ ਹੁਣ ਇਹ ਦੋਵੇਂ ਆਗੂ ਅਾਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ। ਹਾਲ ਹੀ ’ਚ ਹੋਈਆਂ ਨਿਗਮ ਚੋਣਾਂ ਦੀ ਗੱਲ ਕਰੀਏ ਤਾਂ ਗੁਰਚਰਨ ਸਿੰਘ ਚੰਨੀ ਅਤੇ ਪਵਨ ਟੀਨੂੰ ਦੀ ਜੋੜੀ ਨੇ ਮਿਲ ਕੇ ‘ਆਪ’ ਦੇ ਕਈ ਉਮੀਦਵਾਰਾਂ ਨੂੰ ਟਿਕਟ ਦਿਵਾਈ ਅਤੇ ਉਨ੍ਹਾਂ ਨੂੰ ਜਿੱਤਣ ’ਚ ਵੀ ਪੂਰਾ ਸਹਿਯੋਗ ਦਿੱਤਾ। ਮੈਡਮ ਅਨੂਪ ਕੌਰ ਦੀ ਟਿਕਟ ਵੀ ਆਖਰੀ ਸਮੇਂ ’ਚ ਇਨ੍ਹਾਂ ਦੋਵਾਂ ਦੀ ਜੋੜੀ ਨੇ ਹੀ ਫਾਈਨਲ ਕਰਵਾਈ। ਇਸੇ ਤਰ੍ਹਾਂ ਵਾਰਡ 39 ’ਚ ਲੱਕੀ ਦਾਦਰਾ ਦੀ ਜਿੱਤ ’ਚ ਵੀ ਟੀਨੂੰ ਦਾ ਪੂਰਾ-ਪੂਰਾ ਯੋਗਦਾਨ ਰਿਹਾ। ਦੂਜੇ ਪਾਸੇ ਅਕਾਲੀ ਦਲ ਦੇ ਸ਼ਹਿਰੀ ਹਲਕਾ ਇੰਚਾਰਜ ਇਕਬਾਲ ਸਿੰਘ ਢੀਂਡਸਾ ਨੇ ਆਪਣੀ ਪਤਨੀ ਨੂੰ ਆਜ਼ਾਦ ਰੂਪ ਨਾਲ ਮੈਦਾਨ ’ਚ ਖੜ੍ਹਾ ਕੀਤਾ ਅਤੇ ਆਪਣੀ ਹੀ ਪਾਰਟੀ ਨੂੰ ਤਵੱਜੋ ਨਹੀਂ ਦਿੱਤੀ। ਕੁੱਲ੍ਹ ਮਿਲਾ ਕੇ ਜਲੰਧਰ ’ਚ ਅਕਾਲੀ ਦਲ ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ, ਜਦਕਿ ਹੋਰ ਸ਼ਹਿਰਾਂ ਦੀਆਂ ਨਗਰ ਨਿਗਮਾਂ ’ਚ ਅਕਾਲੀ ਦਲ ਦੇ ਉਮੀਦਵਾਰ ਕੁਝ ਨਾ ਕੁਝ ਹਾਸਲ ਕਰਨ ’ਚ ਸਫ਼ਲ ਰਹੇ ਹਨ।
ਇਹ ਵੀ ਪੜ੍ਹੋ- ਮੋਹਾਲੀ ਬਿਲਡਿੰਗ ਹਾਦਸੇ ਦੀ ਰੂਹ ਕੰਬਾਊ ਲਾਈਵ ਵੀਡੀਓ ਆਈ ਸਾਹਮਣੇ, 6 ਸਕਿੰਟਾਂ 'ਚ ਹੋਈ ਢਹਿ-ਢੇਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e