ਜਲੰਧਰ ਤੇ ਲੁਧਿਆਣਾ 'ਚ ਬਹੁਮਤ ਤੋਂ ਖੁੰਝੀਆਂ ਪਾਰਟੀਆਂ, ਵਿਧਾਇਕਾਂ ਦੀ 'ਵੋਟ' 'ਤੇ ਟਿਕਿਆ ਸਾਰਾ ਦਾਰੋਮਦਾਰ
Sunday, Dec 22, 2024 - 06:03 AM (IST)
ਚੰਡੀਗੜ੍ਹ/ਲੁਧਿਆਣਾ (ਰਮਨਜੀਤ, ਹਿਤੇਸ਼)- ਨਗਰ ਨਿਗਮ ਚੋਣਾਂ ਦੌਰਾਨ 'ਆਮ ਆਦਮੀ ਪਾਰਟੀ' ਨੇ ਪਟਿਆਲਾ ਦਾ ਕਿਲਾ ਫਤਹਿ ਕਰ ਲਿਆ ਹੈ, ਜਿੱਥੇ ‘ਆਪ’ ਨੂੰ 43 ਕੌਂਸਲਰਾਂ ਦੀ ਜਿੱਤ ਨਾਲ ਪੂਰਨ ਬਹੁਮਤ ਮਿਲਿਆ ਹੈ। ਜਿੱਥੋਂ ਤੱਕ ਬਾਕੀ ਨਗਰ ਨਿਗਮਾਂ ਦਾ ਸਵਾਲ ਹੈ, ਉਨ੍ਹਾਂ ’ਚ ਪੰਜਾਬ ਦੇ ਦੋ ਵੱਡੇ ਸ਼ਹਿਰਾਂ ਲੁਧਿਆਣਾ ਅਤੇ ਜਲੰਧਰ ’ਚ ਸੱਤਾਧਾਰੀ ਪਾਰਟੀ ਪੂਰਨ ਬਹੁਮਤ ਹਾਸਲ ਕਰਨ ਤੋਂ ਖੁੰਝ ਗਈ ਹੈ।
ਇਨ੍ਹਾਂ ਦੋਵਾਂ ਥਾਵਾਂ ’ਤੇ ‘ਆਪ’ ਦੇ ਕ੍ਰਮਵਾਰ 41 ਅਤੇ 38 ਉਮੀਦਵਾਰ ਜਿੱਤੇ ਹਨ, ਜੋ ਕਿ ਮੇਅਰ ਬਣਾਉਣ ਲਈ ਜ਼ਰੂਰੀ ਬਹੁਮਤ ਤੋਂ ਘੱਟ ਹਨ ਕਿਉਂਕਿ ਪੂਰਨ ਬਹੁਮਤ ਲਈ ਲੁਧਿਆਣਾ ’ਚ 48 ਅਤੇ ਜਲੰਧਰ ’ਚ 43 ਕੌਂਸਲਰ ਹੋਣੇ ਚਾਹੀਦੇ ਹਨ, ਜਦੋਂ ਕਿ ਅੰਮ੍ਰਿਤਸਰ ਅਤੇ ਫਗਵਾੜਾ ’ਚ ਕਾਂਗਰਸ ਨੂੰ ਪੂਰਾ ਬਹੁਮਤ ਮਿਲਣ ਕਾਰਨ ਉਥੇ ਉਸ ਦਾ ਮੇਅਰ ਬਣਨ ਦਾ ਰਸਤਾ ਸਾਫ ਹੋ ਗਿਆ ਹੈ। ਅੰਮ੍ਰਿਤਸਰ ’ਚ ਕਾਂਗਰਸ ਦੇ 43 ਅਤੇ ਫਗਵਾੜਾ ’ਚ 22 ਕੌਂਸਲਰ ਬਣ ਗਏ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ AAP ਤੇ ਕਾਂਗਰਸ ਵਿਚਾਲੇ ਫ਼ਸ ਗਿਆ 'ਪੇਚ', Draw ਹੋ ਗਿਆ ਮੁਕਾਬਲਾ
ਪਟਿਆਲਾ ’ਚ ਵੋਟਿੰਗ ਦੌਰਾਨ ਕੁਝ ਵਾਰਡਾਂ ’ਚ ਝੜਪਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਪੁਲਸ ਫੋਰਸ ਨੇ ਕੰਟਰੋਲ ਕਰ ਕੇ ਵੋਟਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਿਆ। 'ਆਮ ਆਦਮੀ ਪਾਰਟੀ' (ਆਪ) ਨੇ ਪੰਜਾਬ ’ਚ ਲੋਕਲ ਬਾਡੀਜ਼ ਚੋਣਾਂ ਵਿਚ 977 ਵਾਰਡਾਂ ’ਚੋਂ 50 ਫੀਸਦੀ ਤੋਂ ਵੱਧ ਜਿੱਤ ਹਾਸਲ ਕਰ ਕੇ ਇਤਿਹਾਸ ਰਚਿਆ ਹੈ। ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਇਹ ਸ਼ਾਨਦਾਰ ਜਿੱਤ 'ਆਮ ਆਦਮੀ ਪਾਰਟੀ' ਦੀ ਲੋਕ ਪੱਖੀ ਸ਼ਾਸਨ ਅਤੇ ਪਾਰਦਰਸ਼ੀ ਰਾਜਨੀਤੀ ਪ੍ਰਤੀ ਵਚਨਬੱਧਤਾ ਦਾ ਸਬੂਤ ਹੈ।
ਵਿਧਾਇਕਾਂ ਦੀ ਵੋਟ ’ਤੇ ਟਿਕਿਆ ਦਾਰੋਮਦਾਰ, ਜੋੜ-ਤੋੜ ਨੂੰ ਲੈ ਕੇ ਸ਼ੁਰੂ ਹੋਈ ਚਰਚਾ
ਲੁਧਿਆਣਾ ਅਤੇ ਜਲੰਧਰ ’ਚ ਪੂਰਨ ਬਹੁਮਤ ਨਾ ਮਿਲਣ ਤੋਂ ਬਾਅਦ 'ਆਮ ਆਦਮੀ ਪਾਰਟੀ' ਦੇ ਮੇਅਰ ਬਣਾਉਣ ਲਈ ਸਾਰਾ ਦਾਰੋਮਦਾਰ ਵਿਧਾਇਕਾਂ ਦੀ ਵੋਟ ’ਤੇ ਟਿਕ ਗਿਆ ਹੈ ਕਿਉਂਕਿ ਉਹ ਵੀ ਜਨਰਲ ਹਾਊਸ ਦੇ ਮੈਂਬਰ ਹਨ ਅਤੇ ਉਨ੍ਹਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਹੈ। ਇਨ੍ਹਾਂ ’ਚ ਲੁਧਿਆਣਾ ’ਚ ‘ਆਪ’ ਦੇ 7 ਅਤੇ ਜਲੰਧਰ ’ਚ 3 ਵਿਧਾਇਕ ਹਨ। ਇਸ ਤੋਂ ਇਲਾਵਾ ਪੂਰਨ ਬਹੁਮਤ ਹਾਸਲ ਕਰਨ ਲਈ ਦੂਜੀਆਂ ਪਾਰਟੀਆਂ ਦੇ ਕੌਂਸਲਰਾਂ ਜਾਂ ਆਜ਼ਾਦ ਕੌਂਸਲਰਾਂ ਨੂੰ ਸ਼ਾਮਲ ਕਰਨ ਲਈ ਜੋੜ-ਤੋੜ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ- ਨਗਰ ਨਿਗਮ ਚੋਣਾਂ 'ਚ ਕਿਸੇ ਪਾਰਟੀ ਨੂੰ ਨਹੀਂ ਮਿਲਿਆ 'ਬਹੁਮਤ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e