ਸਿਵਲ ਹਸਪਤਾਲ ’ਚ ਲਾਸ਼ ਦੀ ਦੁਰਗਤੀ ਦੇ ਮਾਮਲੇ ''ਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੰਗੀ ਰਿਪੋਰਟ

Monday, Dec 23, 2024 - 06:01 AM (IST)

ਸਿਵਲ ਹਸਪਤਾਲ ’ਚ ਲਾਸ਼ ਦੀ ਦੁਰਗਤੀ ਦੇ ਮਾਮਲੇ ''ਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੰਗੀ ਰਿਪੋਰਟ

ਜਲੰਧਰ (ਵਿਸ਼ੇਸ਼) - ਸਿਵਲ ਹਸਪਤਾਲ ਦੀ ਮੈਡੀਕਲ ਸੁਪਰਿੰਟੈਂਡੈਂਟ (ਐੱਮ. ਐਸ.) ਡਾ. ਗੀਤਾ ਕਟਾਰੀਆ ਲਗਾਤਾਰ ਵਿਵਾਦਾਂ ਵਿਚ ਘਿਰਦੀ ਜਾ ਰਹੀ ਹੈ। ਸਿਵਲ ਹਸਪਤਾਲ ’ਚ ਲਾਸ਼ ਦੀ ਦੁਰਗਤੀ ਦੇ ਇਕ ਮਾਮਲੇ ਵਿਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੁਲਸ ਕਮਿਸ਼ਨਰ ਅਤੇ ਸਿਵਲ ਸਰਜਨ ਤੋਂ ਰਿਪੋਰਟ ਤਲਬ ਕੀਤੀ ਹੈ।

ਦੇਖਣ ਵਿਚ ਆ ਰਿਹਾ ਹੈ ਕਿ ਜਲੰਧਰ ਦੇ ਸਿਵਲ ਹਸਪਤਾਲ ’ਚ ਮਰੀਜ਼ਾਂ ਦਾ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਹਸਪਤਾਲ ਦੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਵਿਵਾਦਾਂ ਵਿਚ ਘਿਰਦੀ ਜਾ ਰਹੀ ਹੈ। ਇਸੇ ਲੜੀ ਵਿਚ ਮੈਡੀਕਲ ਸੁਪਰਿੰਟੈਂਡੈਂਟ ਗੀਤਾ ਕਟਾਰੀਆ ਨੂੰ ਸਸਪੈਂਡ ਕਰਨ ਦੀ ਮੰਗ ਜ਼ੋਰ ਫੜਨ ਲੱਗੀ ਹੈ। ਸਮਾਜ-ਸੇਵਕ ਸੰਜੇ ਸਹਿਗਲ ਨੇ ਕਿਹਾ ਕਿ ਗੀਤਾ ਕਟਾਰੀਆ ਨੂੰ ਸਸਪੈਂਡ ਕੀਤਾ ਜਾਵੇ ਤਾਂ ਕਿ ਮਾਮਲੇ ਦੀ ਜਾਂਚ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਪੈਦਾ ਨਾ ਹੋਵੇ।

ਜ਼ਿਕਰਯੋਗ ਹੈ ਕਿ ਜਲੰਧਰ ਦੇ ਸਿਵਲ ਹਸਪਤਾਲ ਦੇ ਮੇਨ ਗੇਟ ਦੇ ਬਾਹਰ ਦੋ ਮਰੀਜ਼ਾਂ ਨੂੰ ਸੁੱਟਣ ਤੋਂ ਬਾਅਦ ਇਕ ਮਰੀਜ਼, ਜਿਸ ਦੀ ਪਛਾਣ ਅਨਮੋਲ ਵਜੋਂ ਹੋਈ ਸੀ, ਦੀ ਇਲਾਜ ਸਹੀ ਢੰਗ ਨਾਲ ਨਾ ਹੋਣ ਕਾਰਨ ਮੌਤ ਹੋ ਗਈ ਸੀ। ਇਸ ਵੱਡੀ ਲਾਪ੍ਰਵਾਹੀ ਦੇ ਮਾਮਲੇ ਵਿਚ ਸਮਾਜ-ਸੇਵਕ ਲਲਿਤ ਮਹਿਤਾ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹੋਏ ਹਨ।

ਇਹ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਕਿ ਹੁਣ ਸਮਾਜ-ਸੇਵਕ ਸੰਜੇ ਸਹਿਗਲ ਦੀ ਸ਼ਿਕਾਇਤ ਦਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਨੋਟਿਸ ਲਿਆ ਹੈ। ਕਮਿਸ਼ਨ ਨੇ ਪੁਲਸ ਕਮਿਸ਼ਨਰ ਅਤੇ ਸਿਵਲ ਸਰਜਨ ਨੂੰ ਅਗਲੀ ਤਰੀਕ ਤੋਂ 6 ਫਰਵਰੀ 2025 ਤੱਕ ਪੂਰੇ ਮਾਮਲੇ ਦੀ ਰਿਪੋਰਟ ਤਿਆਰ ਕਰ ਕੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ।

ਮਾਮਲੇ ਅਨੁਸਾਰ ਜਲੰਧਰ ਤੋਂ ਸਿਵਲ ਹਸਪਤਾਲ ਵਿਚ ਇਕ ਅਣਪਛਾਤਾ ਵਿਅਕਤੀ ਇਲਾਜ ਲਈ ਪਹੁੰਚਿਆ ਅਤੇ ਕੁਝ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਸਿਵਲ ਹਸਪਤਾਲ ਨੇ ਮਾਮਲੇ ਨੂੰ ਹਲਕੇ ਵਿਚ ਲਿਆ ਅਤੇ ਲਾਸ਼ ਨੂੰ ਮੁਰਦਾਘਰ ਵਿਚ ਰਖਵਾ ਕੇ ਛੱਡ ਦਿੱਤਾ। ਲੱਗਭਗ 50 ਦਿਨਾਂ ਤੱਕ ਲਾਸ਼ ਮੁਰਦਾਘਰ 'ਚ ਪਈ ਰਹੀ। ਲਾਸ਼ ’ਚੋਂ ਬਦਬੂ ਆਉਣ ਤੋਂ ਬਾਅਦ ਸਿਵਲ ਪ੍ਰਸ਼ਾਸਨ ਦਾ ਧਿਆਨ ਇਸ ਪਾਸੇ ਗਿਆ ਪਰ ਉਦੋਂ ਤੱਕ ਲਾਸ਼ ਦੀ ਬੁਰੀ ਤਰ੍ਹਾਂ ਦੁਰਗਤੀ ਹੋ ਚੁੱਕੀ ਸੀ।

ਸਮਾਜ-ਸੇਵੀ ਸੰਸਥਾ ਵੱਲੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ ਅਤੇ ਸਿਵਲ ਹਸਪਤਾਲ ਦੀ ਕਾਰਜਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਲਾਇਆ ਗਿਆ। ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚਿਆ ਤਾਂ ਸਿਵਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਜਗ-ਜ਼ਾਹਰ ਹੋਈ।

ਦੱਸਣਯੋਗ ਹੈ ਕਿ ਸਿਵਲ ਹਸਪਤਾਲ ਵਿਚ ਹਰ ਕੰਮ ਲਈ ਐੱਮ. ਐੱਸ. ਜ਼ਿੰਮੇਵਾਰ ਹੁੰਦਾ ਹੈ। ਇਸੇ ਤਰ੍ਹਾਂ ਜਲੰਧਰ ਦੇ ਸਿਵਲ ਹਸਪਤਾਲ ਵਿਚ ਐੱਮ. ਐੱਸ. ਦੇ ਅਹੁਦੇ ’ਤੇ ਕੰਮ ਕਰ ਰਹੀ ਡਾ. ਗੀਤਾ ਕਟਾਰੀਆ ਦੇ ਕਾਰਜਕਾਲ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਹੈ, ਪਰ ਉਨ੍ਹਾਂ ਦੀ ਸੀਨੀਅਰ ਅਧਿਕਾਰੀਆਂ ਤਕ ਪਹੁੰਚ ਹੋਣ ਕਾਰਨ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ।


author

Inder Prajapati

Content Editor

Related News