ਵਕੀਲਾਂ ਨੂੰ ਮਿਲੀ ਅਦਾਲਤਾਂ ''ਚ ਨਵੇਂ ਦੀਵਾਨੀ ਕੇਸ ਦਾਇਰ ਕਰਨ ਦੀ ਇਜਾਜ਼ਤ

07/05/2020 9:30:44 AM

ਲੁਧਿਆਣਾ (ਮਹਿਰਾ) : ਮਹਾਮਾਰੀ ਕੋਰੋਨਾ ਵਾਇਰਸ ਦੇ ਚੱਲਦੇ ਬੀਤੀ ਮਾਰਚ ਮਹੀਨੇ ਤੋਂ ਬੰਦ ਪਈਆਂ ਜ਼ਿਲ੍ਹਾ ਅਦਾਲਤਾਂ 'ਚ ਵਕੀਲਾਂ ਅਤੇ ਲੋਕਾਂ ਨੂੰ ਰਾਹਤ ਦੇਣ ਦੇ ਲਈ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਵੱਲੋਂ ਅਦਾਲਤਾਂ 'ਚ ਹਾਲ ਦੀ ਘੜੀ ਗੈਰ ਜ਼ਰੂਰੀ ਹਰ ਕਿਸਮ ਦੇ ਦੀਵਾਨੀ ਕੇਸਾਂ ਨੂੰ ਦਾਖਲ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜੱਜ ਗੁਰਬੀਰ ਸਿੰਘ ਨੇ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਰਾਜ ਦੇ ਸਾਰੇ ਸੈਸ਼ਨ ਜੱਜਾਂ ਨੂੰ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪਹਿਲਾਂ ਵਕੀਲਾਂ ਨੂੰ ਅਦਾਲਤਾਂ 'ਚ ਕੁਝ ਕੈਟਾਗਰੀ ਨਾਲ ਸਬੰਧਤ ਨਵੇਂ ਕੇਸ ਦਾਖਲ ਕਰਨ ਦੀ ਆਗਿਆ ਦਿੱਤੀ ਸੀ ਪਰ ਹੁਣ ਵਕੀਲ ਸੋਮਵਾਰ ਮਤਲਬ 6 ਜੁਲਾਈ ਤੋਂ ਹੇਠਲੀ ਅਤੇ ਸੈਸ਼ਨ ਕੋਰਟ 'ਚ ਹਰ ਤਰ੍ਹਾਂ ਦੇ ਗੈਰ ਜ਼ਰੂਰੀ ਦੀਵਾਨੀ ਕੇਸ ਦਾਖਲ ਕਰ ਸਕਣਗੇ।

ਉਨ੍ਹਾਂ ਦੱਸਿਆ ਕਿ ਲੁਧਿਆਣਾ ਤੋਂ ਇਲਾਵਾ ਖੰਨਾ, ਸਮਰਾਲਾ, ਜਗਰਾਓਂ ਅਤੇ ਪਾਇਲ ਦੀਆਂ ਅਦਾਲਤਾਂ 'ਚ ਵੀ ਕੇਸ ਦਾਇਰ ਕੀਤੇ ਜਾ ਸਕਣਗੇ। ਜੱਜ ਦੇ ਮੁਤਾਬਕ ਹਾਈਕੋਰਟ ਦੇ ਹੁਕਮ ਮੁਤਾਬਕ ਹਾਲ ਦੀ ਘੜੀ ਸਿਰਫ ਉਨ੍ਹਾਂ ਕੇਸਾਂ ਨੂੰ ਹੀ ਅਦਾਲਤਾਂ 'ਚ ਦਾਖਲ ਕੀਤਾ ਜਾਵੇਗਾ, ਜਿਨ੍ਹਾਂ ਦੀ ਹਾਲ 'ਚ ਕੋਈ ਅਤਿ ਜ਼ਰੂਰੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵਕੀਲਾਂ ਦੇ ਚੈੱਕ ਫੇਲ, ਵਿਆਹੁਤਾ ਕੇਸਾਂ ਅਤੇ ਦੀਵਾਨੀ ਅਪੀਲਾਂ, ਵਾਹਨ ਦੁਰਘਟਨਾ ਕਲੇਮ, ਰੇਂਟ ਪਟੀਸ਼ਨ ਅਤੇ ਹੋਰਨਾਂ ਨੂੰ ਦਾਖਲ ਕੀਤੇ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਇਨ੍ਹਾਂ ਕੇਸਾਂ 'ਤੇ ਹਾਲ ਦੀ ਘੜੀ ਅਦਾਲਤਾਂ ਵੱਲੋਂ ਕੋਈ ਰੈਗੂਲਰ ਸੁਣਵਾਈ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਵਕੀਲ ਸਵੇਰ 10 ਵਜੇ ਤੋਂ ਇਕ ਵਜੇ ਤੱਕ ਕੇਸ ਦਾਖਲ ਕਰ ਸਕਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਕ ਵਕੀਲ ਨੂੰ ਇਕ ਸਮੇਂ 'ਚ ਪੰਜ ਕੇਸ ਦਾਇਰ ਕਰਨ ਦੀ ਮਨਜ਼ੂਰੀ ਹੋਵੇਗੀ। ਕਾਊਂਟਰਾਂ 'ਚ ਇਨ੍ਹਾਂ ਕੇਸਾਂ ਨੂੰ ਫਾਈਲ ਕੀਤਾ ਜਾ ਸਕੇਗਾ ਪਰ ਅਗਲੇ ਹੁਕਮਾਂ ਤੱਕ ਇਨ੍ਹਾਂ 'ਤੇ ਕੋਈ ਰੈਗੂਲਰ ਸੁਣਵਾਈ ਨਹੀਂ ਹੋਵੇਗੀ । ਜ਼ਿਕਰਯੋਗ ਹੈ ਕਿ ਸੈਸ਼ਨ ਜੱਜ ਨੇ ਵਕੀਲਾਂ ਨੂੰ ਹੀ ਉਪਰੋਕਤ ਕੇਸ ਦਾਇਰ ਕੀਤੇ ਜਾਣ ਦੀ ਇਜਾਜ਼ਤ ਦਿੱਤੀ ਹੈ ਅਤੇ ਕਲਰਕ ਅਤੇ ਲੋਕਾਂ ਦੀ ਅਦਾਲਤ 'ਚ ਦਾਖਲੇ ਦੀ ਮਨਾਹੀ ਕੀਤੀ ਗਈ ਹੈ।

ਵਰਨਣਯੋਗ ਹੈ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਜਨਰਲ ਸੰਜੀਵ ਬੇਬੀ ਨੇ ਬੀਤੇ ਮਹੀਨੇ ਅਤੇ ਹਰਿਆਣਾ ਦੇ ਜ਼ਿਲ੍ਹਿਆਂ 'ਚ ਪੈਦੀਆਂ ਸਾਰੀਆਂ ਜ਼ਿਲ੍ਹਾ ਅਦਾਲਤਾਂ ਦੇ ਸੈਸ਼ਨ ਜੱਜਾਂ ਨੂੰ ਲਿਖੇ ਇਕ ਪੱਤਰ 'ਚ ਸੂਚਿਤ ਕੀਤਾ ਸੀ ਕਿ ਫਿਲਹਾਲ ਅਦਾਲਤਾਂ 'ਚ ਗੈਰ ਜ਼ਰੂਰੀ ਮਹੱਤਵਪੂਰਨ ਮਾਮਲਿਆਂ ਨੂੰ ਫਾਈਲ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ ਪਰ ਮਾਮਲਿਆਂ ਦੀ ਸ਼੍ਰੇਣੀ ਦਾ ਫੈਸਲਾ ਜਿਲਾ ਅਤੇ ਸੈਸ਼ਨ ਜੱਜ 'ਤੇ ਛੱਡਿਆ ਗਿਆ ਹੈ। ਹਾਈਕੋਰਟ ਦੇ ਮੁਤਾਬਕ ਦਫਤਰ ਅਤੇ ਕੋਰਟ 'ਚ ਸਾਰੇ ਜੱਜ ਅਤੇ ਅਧਿਕਾਰੀ ਸਮੇਂ-ਸਮੇਂ 'ਤੇ ਜਾਰੀ ਕੀਤੇ ਗਏ ਸਰਕਾਰੀ ਅਤੇ ਸਿਹਤ ਸਲਾਹ ਅਤੇ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਨਗੇ। ਸਮਾਜਿਕ ਸੁਰੱਖਿਆ ਬਣਾਈ ਰੱਖਣ ਲਈ ਮਾਸਕ, ਸੈਨੀਟਾਈਜਰ ਆਦਿ ਦਾ ਇਸਤੇਮਾਲ ਕਰਕੇ ਸਾਵਧਾਨੀ ਵਰਤਣਗੇ।


Babita

Content Editor

Related News