ਸ਼੍ਰੋਮਣੀ ਅਕਾਲੀ ਦਲ ਆਗੂ ਨਛੱਤਰ ਗਿੱਲ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

Friday, Nov 21, 2025 - 06:15 PM (IST)

ਸ਼੍ਰੋਮਣੀ ਅਕਾਲੀ ਦਲ ਆਗੂ ਨਛੱਤਰ ਗਿੱਲ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਅੰਮ੍ਰਿਤਸਰ/ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੀ ਆਈ.ਟੀ. ਸੈੱਲ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਕੋਰਟ ਦੇ ਇਸ ਫੈਸਲੇ ਤੋਂ ਬਾਅਦ ਅਕਾਲੀ ਦਲ ਨੂੰ ਵੱਡੀ ਰਾਹਤ ਮਿਲੀ ਹੈ। ਤਰਨਤਾਰਨ ਪੁਲਸ ਨੇ ਨਛੱਤਰ ਸਿੰਘ ਗਿੱਲ ਨੂੰ 15 ਨਵੰਬਰ ਨੂੰ ਹਿਰਾਸਤ ਵਿਚ ਲਿਆ ਸੀ। ਉਨ੍ਹਾਂ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸਥਿਤ ਇਕ ਕੈਫੇ ਵਿਚੋਂ ਫੜਿਆ ਗਿਆ ਸੀ, ਜਦੋਂ ਉਹ ਆਪਣੇ ਦੋਸਤਾਂ ਨਾਲ ਬੈਠੇ ਹੋਏ ਸਨ। ਇਹ ਕਾਰਵਾਈ ਤਰਨਤਾਰਨ ਪੁਲਸ ਦੇ ਡੀ.ਐੱਸ.ਪੀ. ਅਤੁਲ ਸੋਨੀ, ਜੋ ਇਸ ਸਮੇਂ ਗੋਇੰਦਵਾਲ ਸਾਹਿਬ ਵਿਚ ਤਾਇਨਾਤ ਹਨ, ਦੀ ਅਗਵਾਈ ਹੇਠ ਕੀਤੀ ਗਈ ਸੀ। ਪੁਲਸ ਟੀਮ ਕੈਫੇ ਦਾ ਡੀ.ਵੀ.ਆਰ. ਵੀ ਨਾਲ ਲੈ ਗਈ ਸੀ। 

ਪੁਲਸ ਦਾ ਕਹਿਣਾ ਹੈ ਕਿ ਨਛੱਤਰ ਸਿੰਘ ਅਤੇ ਉਨ੍ਹਾਂ ਦੇ 20-25 ਸਾਥੀਆਂ ਨੇ 5 ਨਵੰਬਰ ਨੂੰ ਅੰਮ੍ਰਿਤਸਰ ਦੇ ਝੱਬਾਲ ਚੌਕ 'ਤੇ ਡਿਊਟੀ ਤੋਂ ਪਰਤ ਰਹੀ ਸੀ.ਆਈ.ਏ. ਟੀਮ ਨੂੰ ਜ਼ਬਰਦਸਤੀ ਰੋਕ ਕੇ ਸਰਕਾਰੀ ਕੰਮ ਵਿਚ ਅੜਿੱਕਾ ਪਾਇਆ ਸੀ। ਇਹ ਐੱਫ.ਆਈ.ਆਰ. ਸੀ.ਆਈ.ਏ. ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਤਰਨਤਾਰਨ ਵਿਚ ਦਰਜ ਕੀਤੀ ਗਈ ਸੀ। 

ਇਸ ਕਾਰਵਾਈ ਨੂੰ ਲੈ ਕੇ ਸਿਆਸੀ ਤਣਾਅ ਬਣਿਆ ਹੋਇਆ ਸੀ। ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਵੀ, ਅਕਾਲੀ ਦਲ ਨੇ ਆਪਣੇ ਨੇਤਾਵਾਂ 'ਤੇ ਹੋ ਰਹੀ ਕਥਿਤ ਕਾਰਵਾਈ 'ਤੇ ਇਤਰਾਜ਼ ਜਤਾਇਆ ਸੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਨਿਗਰਾਨਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਜ਼ਿਲ੍ਹੇ ਵਿੱਚ ਕੁਝ ਅਧਿਕਾਰੀਆਂ ਦੀ ਸਰਪ੍ਰਸਤੀ ਹੇਠ ਵਿਰੋਧੀ ਨੇਤਾਵਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਪਾਰਟੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੇ ਵੀ ਦੋਸ਼ ਲਾਇਆ ਸੀ ਕਿ ਅਕਾਲੀ ਵਰਕਰਾਂ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਲੈ ਕੇ ਝੂਠੇ ਕੇਸਾਂ ਦੀ ਧਮਕੀ ਦਿੱਤੀ ਗਈ ਸੀ।


author

Anmol Tagra

Content Editor

Related News