ਆਦਰਸ਼ ਸਕੂਲ ਐਕਸ਼ਨ ਕਮੇਟੀ ਨੇ ਫੂਕਿਆ ਪ੍ਰਸ਼ਾਸਨ ਦਾ ਪੁਤਲਾ

Friday, Dec 22, 2017 - 06:44 AM (IST)

ਆਦਰਸ਼ ਸਕੂਲ ਐਕਸ਼ਨ ਕਮੇਟੀ ਨੇ ਫੂਕਿਆ ਪ੍ਰਸ਼ਾਸਨ ਦਾ ਪੁਤਲਾ

ਫ਼ਰੀਦਕੋਟ, (ਹਾਲੀ)- ਆਦਰਸ਼ ਸਕੂਲ ਦੀਆਂ ਅਧਿਆਪਕਾਵਾਂ ਵੱਲੋਂ ਸਕੂਲਾਂ ਦੀ ਪ੍ਰਬੰਧਕ ਕਮੇਟੀ ਦਾ ਚਾਰਜ ਵਾਪਸ ਲੈਣ ਅਤੇ ਆਪਣੀ ਨੌਕਰੀ ਬਹਾਲੀ ਨੂੰ ਲੈ ਕੇ ਸ਼ੁਰੂ ਕੀਤੇ ਗਏ ਦਿਨ-ਰਾਤ ਦੇ ਸੰਘਰਸ਼ ਨੂੰ ਉਸ ਵੇਲੇ ਹੁੰਗਾਰਾ ਮਿਲਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਧਰਨੇ 'ਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਸਮਰਥਨ ਦਿੱਤਾ। 
ਇਸ ਸਮੇਂ ਜ਼ਿਲਾ ਪ੍ਰਧਾਨ ਮਨਤਾਰ ਸਿੰਘ ਬਰਾੜ, ਹਲਕਾ ਫ਼ਰੀਦਕੋਟ ਦੇ ਮੁੱਖ ਸੇਵਾਦਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਜ਼ਿਲਾ ਪ੍ਰਧਾਨ ਦਿਹਾਤੀ ਸਤੀਸ਼ ਗਰੋਵਰ ਆਪਣੀ ਪੂਰੀ ਟੀਮ ਨਾਲ ਸੰਘਰਸ਼ 'ਚ ਸ਼ਾਮਲ ਹੋਏ ਅਤੇ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦਾ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਪੀੜਤ ਅਧਿਆਪਕਾਵਾਂ ਆਦਰਸ਼ ਸਕੂਲਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਜਾਂ ਹੋਰ ਸਹਾਇਤਾ ਲੈਣ ਲਈ ਅਕਾਲੀ ਆਗੂਆਂ ਨਾਲ ਸੰਪਰਕ ਕਰ ਸਕਦੀਆਂ ਹਨ। ਇਸ ਸਮੇਂ ਵਿਜੇ ਛਾਬੜਾ, ਆਸ਼ੂ ਅਗਰਵਾਲ, ਵਿਕਾਸ ਵਿੱਕੀ, ਗੁਰਮੀਤ ਸਿੰਘ ਸੰਧੂ, ਬਲਜਿੰਦਰ ਸਿੰਘ ਧਾਲੀਵਾਲ ਅਤੇ ਹੋਰ ਅਕਾਲੀ ਆਗੂ ਵੀ ਹਾਜ਼ਰ ਸਨ। ਦੂਜੇ ਪਾਸੇ ਆਦਰਸ਼ ਸਕੂਲ ਕਾਂਡ ਵਿਰੋਧੀ ਐਕਸ਼ਨ ਕਮੇਟੀ, ਕਿਸਾਨ, ਮਜ਼ਦੂਰਾਂ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਜ਼ਿਲਾ ਪ੍ਰਸ਼ਾਸਨ, ਆਦਰਸ਼ ਸਕੂਲ ਮਿੱਡੂਮਾਨ ਅਤੇ ਪੱਕਾ ਦੇ ਪ੍ਰਬੰਧਕਾਂ ਖ਼ਿਲਾਫ਼ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਜ਼ਿਲਾ ਪ੍ਰਸ਼ਾਸਨ ਦਾ ਪੁਤਲਾ ਫੂਕਿਆ। 
ਐਕਸ਼ਨ ਕਮੇਟੀ ਦੇ ਕਨਵੀਨਰ ਗੁਰਦਿਆਲ ਸਿੰਘ ਭੱਟੀ, ਪੀ. ਐੱਸ. ਯੂ. ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ, ਮਜ਼ਦੂਰ ਆਗੂ ਬੂਟਾ ਸਿੰਘ, ਅਮਰੀਕ ਸਿੰਘ ਭਾਣਾ, ਗੁਰਪਾਲ ਸਿੰਘ ਨੰਗਲ ਅਤੇ ਕਰਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੁਪਨਿਆਂ ਦਾ ਆਦਰਸ਼ ਸਕੂਲ ਪ੍ਰਾਜੈਕਟ ਕਥਿਤ ਤੌਰ 'ਤੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦੀ ਲੁੱਟ ਦਾ ਸਾਧਨ ਬਣੇ ਹੋਏ ਹਨ। 
ਇਸ ਦੌਰਾਨ ਅਸ਼ੋਕ ਕੌਸ਼ਲ, ਕਾਲਾ ਮੁਹੰਮਦ, ਪ੍ਰਦੀਪ ਸਿੰਘ ਬਰਾੜ, ਗੁਰਸੇਵਕ ਸਿੰਘ, ਨੌ ਨਿਹਾਲ ਸਿੰਘ, ਸਿਕੰਦਰ ਸਿੰਘ ਦਬੜ੍ਹੀਖਾਨਾ ਅਤੇ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਲੋਕਾਂ ਵੱਲੋਂ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਸੁਸਾਇਟੀ ਤੋਂ ਸਕੂਲਾਂ ਦਾ ਪ੍ਰਬੰਧ ਵਾਪਸ ਨਹੀਂ ਲਿਆ। 
ਕੁਲਦੀਪ ਸ਼ਰਮਾ, ਲਾਲ ਸਿੰਘ ਗੋਲੇਵਾਲਾ, ਜਗਤਾਰ ਸਿੰਘ ਵਿਰਦੀ, ਜਸਪਾਲ ਸਿੰਘ ਨੰਗਲ, ਮਾਸਟਰ ਸੂਰਜ ਭਾਨ, ਵੀਰ ਸਿੰਘ ਅਤੇ ਸੁਰਜੀਤ ਢੁੱਡੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਆਦਰਸ਼ ਸਕੂਲਾਂ ਦਾ ਪ੍ਰਬੰਧ ਮੌਜੂਦਾ ਸੁਸਾਇਟੀ ਤੋਂ ਵਾਪਸ ਨਹੀਂ ਲਿਆ ਜਾਂਦਾ ਅਤੇ ਪੀੜਤ ਅਧਿਆਪਕਾਵਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। 


Related News