ਪੰਜਾਬ ਦੇ ਇਸ ਸਰਕਾਰੀ ਸਕੂਲ ਦੇ ਬੱਚਿਆਂ ਦੀ ਹੈਂਡਰਾਈਟਿੰਗ ਮੋਤੀਆਂ ਤੋਂ ਵੀ ਸੋਹਣੀ, ਮਿਲਿਆ ਵੱਡਾ ਐਵਾਰਡ
Monday, Dec 08, 2025 - 06:40 PM (IST)
ਮੋਗਾ (ਕਸ਼ਿਸ਼)- ਮੋਗਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਭੀਮ ਨਗਰ ਨੇ ਆਪਣੇ ਸਾਰੇ ਵਿਦਿਆਰਥੀਆਂ ਦੀ ਹੈਂਡਰਾਈਟਿੰਗ ਔਸਤ ਤੋਂ ਕਾਫ਼ੀ ਵਧੀਆ ਕਰ ਦਿੱਤੀ ਹੈ। ਉਨ੍ਹਾਂ ਦੀ ਰਾਈਟਿੰਗ ਐਦਾਂ ਹੈ, ਜਿਵੇਂ ਟਾਈਪ ਕੀਤੀ ਹੋਵੇ। ਪਿਛਲੇ 3-4 ਸਾਲਾਂ ਤੋਂ ਸਰਕਾਰੀ ਸਕੂਲਾਂ ਦੇ ਜ਼ਿਲ੍ਹਾ-ਸਤ੍ਹਰੀ ਲੇਖਨ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਨਾਲ ਸਕੂਲ ਦੀ ਪਛਾਣ 'ਬੈਸਟ ਰਾਈਟਿੰਗ ਮਾਡਲ ਸਕੂਲ' ਵਜੋਂ ਉਭਰੀ ਹੈ। ਸਕੂਲ ਦੇ ਤਕਰੀਬਨ 500 ਬੱਚਿਆਂ ਵਿੱਚੋਂ 210 ਦੀ ਲਿਖਤ ਬਹੁਤ ਸੁੰਦਰ ਹੋ ਚੁੱਕੀ ਹੈ। ਬੱਚਿਆਂ ਦੀ ਲਿਖਤ ਸੁਧਾਰਨ ਲਈ ਸਕੂਲ ਦੇ ਅਧਿਆਪਕ ਸੰਪੰਦਰ ਕੌਰ, ਸਤਿੰਦਰ ਕੁਮਾਰ, ਕ੍ਰਿਤੀ ਕਪੂਰ ਅਤੇ ਸੈਂਟਰ ਹੈਡ ਡਾ. ਮਨੁ ਸ਼ਮਾ ਨੇ ਬਹੁਤ ਮਿਹਨਤ ਕੀਤੀ ਹੈ।

ਇਹ ਵੀ ਪੜ੍ਹੋ: ਸਾਵਧਾਨ! ਤੁਹਾਡੇ ਨਾਲ ਵੀ ਹੋ ਸਕਦੈ ਅਜਿਹਾ, ਮਿੰਟਾਂ 'ਚ ਉੱਡੇ ਕਰੋੜਾਂ ਰੁਪਏ, ਖੁੱਲ੍ਹੇ ਭੇਤ ਨੇ ਚੱਕਰਾਂ 'ਚ ਪਾਇਆ ਟੱਬਰ
ਇਸ ਮੌਕੇ ਅਧਿਆਪਕਾਂ ਨੇ ਦੱਸਿਆ ਕਿ ਚੰਗੀ ਹੈਂਡਰਾਈਟਿੰਗ ਲਈ ਸਭ ਤੋਂ ਜ਼ਰੂਰੀ ਚੀਜ਼ ਏਕਾਗ੍ਰਤਾ ਹੈ। ਫੋਕਸ ਹੋਣ ਤੇ ਬੱਚੇ ਪੜ੍ਹਾਈ ਵਿਚ ਵੀ ਹੁਸ਼ਿਆਰ ਹੁੰਦੇ ਹਨ ਅਤੇ ਉਨ੍ਹਾਂ ਦੀ ਲਿਖਤ ਵੀ ਸੁੰਦਰ ਬਣਦੀ ਹੈ। ਹੈਂਡਰਾਈਟਿੰਗ ਸੁਧਾਰਨ ਲਈ ਅਸੀਂ ਬੱਚਿਆਂ ਨੂੰ ਲੰਮੇ-ਲੰਮੇ ਵਾਕ ਲਿਖਵਾਉਣ ਦੀ ਬਜਾਏ ਪੰਜਾਬੀ ਵਰਣਮਾਲਾ ਨੂੰ 5-5 ਅੱਖਰਾਂ ਦੇ ਸੈੱਟਾਂ ਵਿਚ ਵੰਡਿਆ। ਹਰ ਸੈੱਟ ਦੀ ਪ੍ਰੈਕਟਿਸ ਕਰਵਾਈ। ਇਸ ਨਾਲ ਬੱਚੇ ਬੋਰ ਨਹੀਂ ਹੋਏ। ਬੱਚਿਆਂ ਵਿੱਚ ਏਕਾਗ੍ਰਤਾ ਵਧੀ ਅਤੇ ਉਨ੍ਹਾਂ ਨੇ ਲੰਮੇ ਵਾਕ ਵੀ ਉਨੀ ਹੀ ਖ਼ੂਬਸੂਰਤੀ ਨਾਲ ਲਿਖਣੇ ਸ਼ੁਰੂ ਕਰ ਦਿੱਤੇ। ਅਧਿਆਪਕ ਸਤਿੰਦਰ ਕੁਮਾਰ, ਕ੍ਰਿਤੀ ਕਪੂਰ ਨੇ ਦੱਸਿਆ ਕਿ 10 ਦਿਨ ਦੀ ਪ੍ਰੈਕਟਿਸ ਨਾਲ ਹੀ ਲਿਖਤ ਵਿੱਚ ਨਿਖਾਰ ਆ ਜਾਂਦਾ ਹੈ। ਰਾਈਟਿੰਗ ਪ੍ਰੈਕਟਿਸ ਕਰਵਾ ਕੇ ਬੱਚਿਆਂ ਦੀਆਂ ਨੋਟਬੁੱਕਾਂ ਲਗਾਤਾਰ ਚੈੱਕ ਕੀਤੀਆਂ। ਇਸ ਨਾਲ ਬੱਚਿਆਂ ਦੀ ਰਾਈਟਿੰਗ ਬਿਹਤਰ ਹੋਈ। ਬਿਨ੍ਹਾਂ ਗਲਤੀ ਦੇ ਸੁੰਦਰ ਲਿਖਤ ਦੇ ਨਾਲ-ਨਾਲ ਬੱਚੇ ਪੋਸਟਰ ਮੇਕਿੰਗ, ਇੰਡੋਰ ਗੇਮਜ਼, ਗਾਇਨ ਅਤੇ ਪੇਂਟਿੰਗ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦੇ ਮਾਮਲੇ 'ਚ ਖ਼ੁਲਾਸਾ! ਦਰਿੰਦਾ ਬੋਲਿਆ ਨੀਅਤ ਬਦਲੀ ਤਾਂ...

ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਇਸ ਕੰਮ ਲਈ ਉਨ੍ਹਾਂ ਦੇ ਸਕੂਲ ਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਮਿਲਿਆ ਹੈ। ਖ਼ਾਸ ਗੱਲ ਇਹ ਹੈ ਕਿ ਬਹੁਤ ਸਾਰੇ ਬੱਚਿਆਂ ਦੇ ਮਾਪੇ ਹਿੰਦੀ ਭਾਸ਼ੀ ਰਾਜਾਂ ਤੋਂ ਆਏ ਮਜ਼ਦੂਰ ਹਨ ਪਰ ਮਾਂ ਬੋਲੀ ਨਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਪੰਜਾਬੀ ਲਿਖਤ ਇੰਨੀ ਸੁੰਦਰ ਹੈ ਕਿ ਲੋਕ ਹੈਰਾਨ ਰਹਿ ਜਾਂਦੇ ਹਨ। ਪਿਛਲੇ ਸਾਲ ਡਿਪਟੀ ਕਮਿਸ਼ਨਰ ਇਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਆਏ ਸਨ, ਤਾਂ ਬੱਚਿਆਂ ਨੂੰ ਬਲੈਕਬੋਰਡ 'ਤੇ ਇੰਨਾ ਸੁੰਦਰ ਲਿਖਦੇ ਵੇਖ ਕੇ ਹੈਰਾਨ ਰਹਿ ਗਏ। ਉਸ ਤੋਂ ਬਾਅਦ ਸਕੂਲ ਪੂਰੇ ਖੇਤਰ ਵਿੱਚ ਮਸ਼ਹੂਰ ਹੋ ਗਿਆ। ਸਕੂਲ ਦੀਆਂ ਵਿਦਿਆਰਥਣਾਂ ਸੰਜਨਾ, ਅਮਨਦੀਪ ਕੌਰ, ਰੁਚੀ ਅਤੇ ਰੁਪਾਲੀ ਦੱਸਦੀਆਂ ਹਨ ਕਿ ਸਕੂਲ ਵਿੱਚ ਸੁੰਦਰ ਲਿਖਤ, ਖ਼ੂਬਸੂਰਤ ਪੇਂਟਿੰਗ ਅਤੇ ਪੋਸਟਰ ਮੇਕਿੰਗ ਦੀ ਲਗਾਤਾਰ ਪ੍ਰੈਕਟਿਸ ਕਰਵਾਈ ਗਈ। ਇਸ ਨਾਲ ਹੁਣ ਸਾਡੀ ਹੈਂਡਰਾਈਟਿੰਗ ਬਹੁਤ ਵਧੀਆ ਹੋ ਗਈ ਹੈ। ਹੋਰ ਸਕੂਲਾਂ ਦੇ ਬੱਚੇ ਅਤੇ ਅਧਿਆਪਕ ਜਦੋਂ ਤਾਰੀਫ਼ ਕਰਦੇ ਹਨ ਤਾਂ ਬਹੁਤ ਚੰਗਾ ਲੱਗਦਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ Cold Wave ਦਾ ਅਲਰਟ! ਮੌਸਮ ਵਿਭਾਗ ਨੇ 11 ਦਸੰਬਰ ਤੱਕ ਕਰ 'ਤੀ ਵੱਡੀ ਭਵਿੱਖਬਾਣੀ
