ਮੀਤ ਹੇਅਰ ਨੇ ਗਿਣਵਾਈਆਂ ਮਹਿਕਮੇ ਦੀਆਂ ਪ੍ਰਾਪਤੀਆਂ, ਅਧਿਆਪਕਾਂ ਲਈ ਤਨਖ਼ਾਹ ਕਮਿਸ਼ਨ ਸਣੇ ਲਏ ਕਈ ਫ਼ੈਸਲੇ

Wednesday, Dec 28, 2022 - 06:00 PM (IST)

ਚੰਡੀਗੜ੍ਹ : ਸਿੱਖਿਆ ਖੇਤਰ ਨੂੰ ਅਹਿਮੀਅਤ ਦੇਣਾ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਹੈ। ਉੱਚ ਸਿੱਖਿਆ ਖੇਤਰ ਵਿੱਚ ਸਰਕਾਰ ਨੇ ਗਠਨ ਤੋਂ ਬਾਅਦ ਵੱਡਾ ਵਾਅਦਾ ਪੂਰਾ ਕਰਦਿਆਂ ਕਾਲਜ-ਯੂਨੀਵਰਸਿਟੀਆਂ ਦੇ ਅਧਿਆਪਕਾਂ ਦੀ ਪਿਛਲੇ 6 ਸਾਲਾਂ ਤੋਂ ਲਟਕਦੀ ਮੰਗ ਨੂੰ ਪੂਰਾ ਕੀਤਾ। ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪਹਿਲੇ ਹੀ ਸਾਲ ਭਗਵੰਤ ਮਾਨ ਸਰਕਾਰ ਨੇ ਵੱਡੀ ਪੁਲਾਂਘ ਪੁੱਟਦਿਆਂ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਲਈ ਯੂ.ਜੀ.ਸੀ. 7ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ।

ਇਹ ਵੀ ਪੜ੍ਹੋ : ਅੰਮ੍ਰਿਤਸਰ ਹਵਾਈ ਅੱਡੇ ਤੋਂ ਕਾਰਗੋ ਦੀ ਲਿਫਟਿੰਗ ਨਾ ਹੋਣ ਕਾਰਨ ਐਕਸਪੋਟਰਾਂ ’ਚ ਖਲਬਲੀ

ਉਨ੍ਹਾਂ ਕਿਹਾ ਕਿ ਅਕਤੂਬਰ ਮਹੀਨੇ ਵਿੱਚ ਲਾਗੂ ਕੀਤੇ ਇਸ ਫ਼ੈਸਲੇ ਨਾਲ ਸਰਕਾਰੀ ਖ਼ਜ਼ਾਨੇ ਵਿੱਚੋਂ ਅਧਿਆਪਕਾਂ ਨੂੰ 280 ਕਰੋੜ ਰੁਪਏ ਦਾ ਵਿੱਤੀ ਲਾਭ ਮਿਲੇਗਾ। ਇਸ ਦੇ ਨਾਲ ਹੀ ਕਾਲਜਾਂ ਵਿੱਚ ਕੰਮ ਕਰਦੇ ਗੈਸਟੀ ਫੈਕਲਟੀ ਤੇ ਪਾਰਟ ਟਾਈਮ ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਈ ਪ੍ਰਕਾਰ ਦੀਆਂ ਛੁੱਟੀਆਂ ਦੀ ਸਹੂਲਤ ਦਿੱਤੀ ਗਈ।

ਪੰਜਾਬੀ ਭਾਸ਼ਾ 'ਚ ਬੋਰਡ ਲਗਾਉਣ ਦੇ ਆਦੇਸ਼

ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਤਿਕਾਰ ਦੇਣ ਲਈ ਭਾਸ਼ਾ ਵਿਭਾਗ ਵੱਲੋਂ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਨਵੰਬਰ ਮਹੀਨੇ ਨੂੰ ਪੰਜਾਬੀ ਮਾਹ ਵਜੋਂ ਮਨਾਇਆ ਗਿਆ। ਇਸ ਮਾਹ ਦੇ ਦੌਰਾਨ ਅੰਮ੍ਰਿਤਸਰ ਵਿਖੇ ਇਕ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫ਼ੈਸਲਾ ਕਰਦਿਆਂ ਸੂਬੇ ਭਰ ਵਿੱਚ 21 ਫਰਵਰੀ 2023 ਤੱਕ ਸਾਰੇ ਬੋਰਡਾਂ ਉਤੇ ਪੰਜਾਬੀ ਭਾਸ਼ਾ ਨੂੰ ਪ੍ਰਮੁੱਖ ਤਰਜੀਹ ਦੇਣ ਦਾ ਐਲਾਨ ਕੀਤਾ। ਕੋਈ ਵੀ ਸਰਕਾਰੀ, ਪ੍ਰਾਈਵੇਟ ਜਾਂ ਹੋਰ ਬੋਰਡ ਉੱਤੇ ਸਭ ਤੋਂ ਉੱਪਰ ਪੰਜਾਬੀ ਭਾਸ਼ਾ ਲਿਖਣੀ ਲਾਜ਼ਮੀ ਹੋਵੇਗੀ, ਇਸ ਤੋਂ ਬਾਅਦ ਕੋਈ ਵੀ ਭਾਸ਼ਾ ਲਿਖੀ ਜਾ ਸਕਦੀ ਹੈ।ਕੌਮਾਂਤਰੀ ਮਾਂ ਬੋਲੀ ਦਿਵਸ 21 ਫਰਵਰੀ ਤੋਂ ਬਾਅਦ ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਨ ਉਤੇ ਜੁਰਮਾਨੇ ਕੀਤੇ ਜਾਣਗੇ।

ਇਹ ਵੀ ਪੜ੍ਹੋ : ਹੁਣ ਬਸਪਾ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਡਰਦਿਆਂ ਟਰਾਂਸਫਰ ਵੀ ਕਰ ਦਿੱਤੇ ਪੈਸੇ

ਪੰਜਾਬੀ ਲੇਖਕਾਂ ਦਾ ਸਨਮਾਨ

ਪੰਜਾਬੀ ਮਾਹ ਦੀ ਸ਼ੁਰੂਆਤ ਭਾਸ਼ਾ ਭਵਨ ਵਿਖੇ ਸਰਵੋਤਮ ਪੁਸਤਕਾਂ ਲਈ ਚੁਣੇ ਗਏ ਲੇਖਕਾਂ ਨੂੰ ਇਨਾਮ ਦਿੱਤੇ ਗਏ। ਇਸ ਤੋਂ ਇਲਾਵਾ ਪੂਰਾ ਮਹੀਨੇ ਵੱਡੇ ਸਾਹਿਤਾਕਾਰਾਂ ਨੂੰ ਸਮਰਪਿਤ ਸਮਾਗਮ ਕਰਵਾਏ ਗਏ। ਵਾਰਿਸ਼ ਸ਼ਾਹ, ਭਾਈ ਵੀਰ ਸਿੰਘ, ਬਲਵੰਤ ਗਾਰਗੀ, ਨਾਨਕ ਸਿੰਘ, ਸੰਤ ਰਾਮ ਉਦਾਸੀ, ਅਜਮੇਰ ਔਲਖ ਨੂੰ ਵੱਖ-ਵੱਖ ਸਮਾਗਮਾਂ ਰਾਹੀਂ ਯਾਦ ਕੀਤਾ ਗਿਆ। ਨਵੀਆਂ ਜ਼ਿਲ੍ਹਾ ਲਾਇਬ੍ਰੇਰੀਆਂ ਲਈ 30 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ। ਇਸ ਸਾਲ ਕਹਾਣੀਕਾਰ ਸੁਖਜੀਤ ਨੂੰ ‘ਮੈਂ ਅਯਨਘੋਸ਼ ਨਹੀਂ’ ਅਤੇ ਭੁਪਿੰਦਰ ਕੌਰ ਪ੍ਰੀਤ ਨੂੰ ਆਦਿਵਾਸੀ ਕਵਿਤਾ ਪੁਸਤਕ ‘ਨਗਾਰੇ ਵਾਂਗ ਵਜਦੇ ਸ਼ਬਦ’ ਦੇ ਅਨੁਵਾਦ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਾਸਤੇ ਚੁਣਿਆ ਗਿਆ ਜੋ ਕਿ ਪੰਜਾਬ ਲਈ ਮਾਣ ਵਾਲੀ ਗੱਲ ਰਹੀ।

ਇਹ ਵੀ ਪੜ੍ਹੋ : 27 ਲੱਖ 'ਚ ਕੈਨੇਡਾ ਭੇਜਣ ਦਾ ਹੋਇਆ ਸੀ ਇਕਰਾਰ, ਬਦਲ ਗਈ ਸਾਰੀ ਖੇਡ, ਮਾਮਲਾ ਪਹੁੰਚਿਆ ਥਾਣੇ

ਖੇਡਾਂ ਤੇ ਹੋਰ ਕਾਰਜਾਂ ਲਈ ਜਾਰੀ ਕੀਤੀ ਗ੍ਰਾਂਟ

ਸੂਬੇ ਦੇ ਕਾਲਜਾਂ ਲਈ ਖੇਡਾਂ ਵਾਸਤੇ 5 ਕਰੋੜ ਰੁਪਏ, ਈ-ਕੰਟੈਂਟ ਵਾਲੇ ਡਿਜੀਟਲ ਕਲਾਸ ਰੂਮਾਂ ਵਾਸਤੇ 10 ਕਰੋੜ ਰੁਪਏ, ਕੁੜੀਆਂ ਲਈ 5.39 ਕਰੋੜ ਰੁਪਏ ਦਾ ਸੈਨੇਟਰੀ ਨੈਪਕਿਨ ਦੀ ਵਿਵਸਥਾ, ਸੋਲਰ ਪ੍ਰਣਾਲੀ ਲਈ 11.50 ਕਰੋੜ ਰੁਪਏ ਨਾਲ ਸੋਲਰ ਪ੍ਰਣਾਲੀ ਦੀ ਵਿਵਸਥਾ ਰੱਖੀ ਗਈ। ਸੂਬੇ ਦੇ ਐੱਨ .ਸੀ. ਸੀ. ਯੂਨਿਟਾਂ ਅਤੇ ਸਿਖਲਾਈ ਕੇਂਦਰਾਂ ਵਿੱਚ 5 ਕਰੋੜ ਰੁਪਏ ਨਾਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਸਹੂਲਤਾਂ ਮੁਹੱਈਆ ਕਰਵਾਉਣਾ ਪ੍ਰਮੁੱਖ ਕੰਮ ਰਹੇ।

ਨੋਟ:: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News