ਤਰਨਤਾਰਨ ਦੇ ਨਤੀਜੇ 2027 ਦੀਆਂ ਚੋਣਾਂ ਲਈ ਮਜ਼ਬੂਤ ਸੰਕੇਤ: ਵਿਧਾਇਕ ਪੰਡੋਰੀ
Saturday, Nov 15, 2025 - 10:01 AM (IST)
ਮਹਿਲ ਕਲਾਂ (ਹਮੀਦੀ): ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਤਰਨਤਾਰਨ ਹਲਕੇ ਦੀ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਸ਼ਾਨਦਾਰ ਜਿੱਤ ਨੂੰ ਇਤਿਹਾਸਕ ਅਤੇ ਮਹੱਤਵਪੂਰਣ ਕਰਾਰ ਦਿੱਤਾ ਹੈ। ਉਨ੍ਹਾਂ ਨੇ ਹਰਮੀਤ ਸਿੰਘ ਸੰਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤਰਨਤਾਰਨ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਿੰਨ ਸਾਲਾਂ ਦੇ ਕੰਮਾਂ ‘ਤੇ ਮੋਹਰ ਲਾਈ ਹੈ। ਇਹ ਨਤੀਜੇ 2027 ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਸਪੱਸ਼ਟ ਸੰਕੇਤ ਹਨ ਕਿ ਪੰਜਾਬ ਵਿਚ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ। ਪੰਡੋਰੀ ਨੇ ਕਿਹਾ ਕਿ ਭਾਵੇਂ ਵਿਰੋਧੀ ਧਿਰਾਂ ਨੇ ਇੱਕਜੁੱਟ ਹੋ ਕੇ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਪੂਰੀ ਤਾਕਤ ਲਗਾਈ, ਪਰ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਫ਼ੈਸਲਾ ਸੁਣਾ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਸਰਕਾਰ ਦੇ ਵਿਕਾਸਕਾਰੀ ਕੰਮਾਂ ਨਾਲ ਸੰਤੁਸ਼ਟ ਹਨ। ਉਹਨਾਂ ਕਿਹਾ ਕਿ ਤਰਨ ਤਾਰਨ ਦੀ ਜਿੱਤ ਇੱਕ ਕ੍ਰਾਂਤੀਕਾਰੀ ਫ਼ੈਸਲਾ ਹੈ, ਜੋ ਪੰਜਾਬ ਦੇ ਲੋਕਾਂ ਦੇ ਮਨੋਭਾਵਾਂ ਨੂੰ ਸਾਫ਼-ਸਾਫ਼ ਦਰਸਾਉਂਦਾ ਹੈ।
ਪੰਡੋਰੀ ਨੇ ਪਿੰਡਾਂ ਦੇ ਸਰਵਪੱਖੀ ਵਿਕਾਸ, ਸਹੂਲਤਾਂ ਦੇ ਵਾਧੇ ਅਤੇ ਲੋਕ-ਭਲਾਈ ਦੇ ਕੰਮਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਜ਼ਬੂਤ ਬਣਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸਰਪੰਚ ਸੁਖਵਿੰਦਰ ਦਾਸ ਬਾਵਾ, ਮੁੱਖ ਸਲਾਹਕਾਰ ਦਵਿੰਦਰ ਸਿੰਘ ਧਨੋਆ ਕੁਤਬਾ, ਜ਼ਿਲ੍ਹਾ ਆਗੂ ਪਨੀਤ ਸਿੰਘ ਮਾਨ ਗਹਿਲ, ਵਪਾਰ ਮੰਡਲ ਦੇ ਸੰਯੋਜਕ ਗੁਰਪ੍ਰੀਤ ਸਿੰਘ ਗੁਰੀ ਔਲਖ, ਸਰਪੰਚ ਤਜਿੰਦਰ ਸਿੰਘ ਸਰਾਂ ਸੱਦੋਵਾਲ, ਸਰਪੰਚ ਗੁਰਦੀਪ ਸਿੰਘ ਛਾਪਾ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਠੁੱਲੀਵਾਲ, ਬਲਾਕ ਪ੍ਰਧਾਨ ਪ੍ਰਿਤਪਾਲ ਸਿੰਘ ਗਹਿਲ, ਸਮਾਜ ਸੇਵੀ ਹਰਤੇਜ ਸਿੰਘ ਸਿੱਧੂ, ਸਤੀਸ਼ ਕੁਮਾਰ ਮਹਿਲ ਕਲਾਂ, ਹਾਕਮ ਸਿੰਘ ਛੀਨੀਵਾਲ ਕਲਾਂ, ਸਿਕੰਦਰ ਸਿੰਘ ਕੁਤਬਾ ਸਮੇਤ ਕਈ ਆਗੂਆਂ ਨੇ ਹਰਮੀਤ ਸਿੰਘ ਸੰਧੂ ਦੀ ਜਿੱਤ ‘ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਉਹਨਾਂ ਨੂੰ ਵਧਾਈ ਦਿੱਤੀ।
