ਲੁਧਿਆਣਾ ਪੁਲਸ ਨੇ ਕਈ ਥਾਈਂ ਲਾਏ ਨਾਕੇ, 93 ਵਿਅਕਤੀਆਂ ਦੇ ਕੱਟੇ ਚਲਾਨ

Tuesday, Nov 11, 2025 - 12:36 PM (IST)

ਲੁਧਿਆਣਾ ਪੁਲਸ ਨੇ ਕਈ ਥਾਈਂ ਲਾਏ ਨਾਕੇ, 93 ਵਿਅਕਤੀਆਂ ਦੇ ਕੱਟੇ ਚਲਾਨ

ਲੁਧਿਆਣਾ (ਸੰਨੀ)- ਬੀਤੀ ਰਾਤ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ 93 ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ। ਟ੍ਰੈਫਿਕ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਵੱਖ-ਵੱਖ ਥਾਈਂ ਨਾਕਾਬੰਦੀ ਕਰ ਕੇ ਇਹ ਮੁਹਿੰਮ ਚਲਾਈ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਏ. ਡੀ. ਸੀ. ਪੀ. ਟ੍ਰੈਫਿਕ ਗੁਰਪ੍ਰੀਤ ਕੌਰ ਪੁਰੇਵਾਲ ਦੇ ਨਿਰਦੇਸ਼ਾਂ ’ਤੇ ਚਲਾਈ ਗਈ ਇਸ ਮੁਹਿੰਮ ਦੀ ਜ਼ਮੀਨੀ ਪੱਧਰ ’ਤੇ ਸਮੀਖਿਆ ਏ. ਸੀ. ਪੀ. ਟ੍ਰੈਫਿਕ-1 ਜਤਿਨ ਬਾਂਸਲ ਅਤੇ ਏ. ਸੀ. ਪੀ. ਟ੍ਰੈਫਿਕ-2 ਗੁਰਦੇਵ ਸਿੰਘ ਨੇ ਕੀਤੀ। ਇਸ ਦੌਰਾਨ ਆਲਕੋਮੀਟਰ ਦੀ ਮਦਦ ਨਾਲ ਵਾਹਨ ਚਾਲਕਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਜਾਂਚ ਪਾਜ਼ੇਟਿਵ ਆਉਣ ’ਤੇ ਉਨ੍ਹਾਂ ਦੇ ਚਲਾਨ ਕੀਤੇ ਗਏ ਹਨ।

5000 ਰੁਪਏ ਜੁਰਮਾਨਾ, 3 ਮਹੀਨਿਆਂ ਲਈ ਲਾਇਸੈਂਸ ਸਸਪੈਂਡ

ਸ਼ਰਾਬ ਪੀ ਕੇ ਵਾਹਨ ਚਲਾਉਣ ’ਤੇ ਚਾਲਕ ਦਾ 5000 ਰੁਪਏ ਦੀ ਜੁਰਮਾਨਾ ਰਾਸ਼ੀ ਦਾ ਚਲਾਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਸ ਦਾ ਡਰਾਈਵਿੰਗ ਲਾਇਸੈਂਸ ਵੀ 3 ਮਹੀਨਿਅਾਂ ਲਈ ਸਸਪੈਂਡ ਕਰਨ ਦੀ ਵਿਵਸਥਾ ਹੈ। ਨਿਯਮਾਂ ਮੁਤਾਬਕ ਅਜਿਹੇ ਮਾਮਲਿਆਂ ’ਚ ਪੁਲਸ ਵਿਭਾਗ ਵਲੋਂ ਚਾਲਕ ਨੂੰ ਬਿਨਾਂ ਨੋਟਿਸ ਮੌਕੇ ’ਤੇ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਪਰ ਟ੍ਰੈਫਿਕ ਪੁਲਸ ਉਨ੍ਹਾਂ ਦੇ ਚਲਾਨ ਕਰ ਕੇ ਉਨ੍ਹਾਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਕਰਵਾ ਰਹੀ ਹੈ।

ਪੁਲਸ ਦਾ ਮਕਸਦ ਜਾਨ ਬਚਾਉਣਾ : ਸੀ. ਪੀ.

ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਪੁਲਸ ਦਾ ਮਕਸਦ ਲੋਕਾਂ ਦੇ ਚਲਾਨ ਕਰਨਾ ਨਹੀਂ, ਸਗੋਂ ਉਨ੍ਹਾਂ ਦੀ ਜਾਨ ਬਚਾਉਣਾ ਹੈ। ਸ਼ਰਾਬ ਪੀ ਕੇ ਵਾਹਨ ਚਲਾਉਣਾ ਜਿਥੇ ਨਿਯਮਾਂ ਦੀ ਉਲੰਘਣਾ ਹੈ, ਉਥੇ ਦੂਜਿਆਂ ਦੀ ਜਾਨ ਵੀ ਖਤਰੇ ’ਚ ਰਹਿੰਦੀ ਹੈ। ਇਸ ਲਈ ਲੋਕ ਸ਼ਰਾਬ ਪੀ ਕੇ ਵਾਹਨ ਚਲਾਉਣ ਤੋਂ ਪਰਹੇਜ ਕਰਨ। ਉਨ੍ਹਾਂ ਦੀ ਜਗ੍ਹਾ ਕੈਬ ਜਾਂ ਡਰਾਈਵਰ ਦੀ ਵਰਤੋਂ ਕੀਤੀ ਜਾ ਸਕਦੀ ਹੈ।


author

Anmol Tagra

Content Editor

Related News