ਨਸ਼ੇ ਵਾਲੇ ਪਦਾਰਥਾਂ ਸਣੇ 4 ਵਿਅਕਤੀ ਕਾਬੂ
Sunday, Nov 16, 2025 - 10:20 AM (IST)
ਮਾਨਸਾ (ਸੰਦੀਪ ਮਿੱਤਲ) : ਮਾਨਸਾ ਪੁਲਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋਏ ਵੱਖ-ਵੱਖ ਥਾਣਿਆਂ 'ਚ ਮੁਕੱਦਮੇ ਦਰਜ ਕਰ ਕੇ 4 ਵਿਅਕਤੀ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 13 ਗ੍ਰਾਮ ਹੈਰੋਇਨ, 24 ਬੋਤਲਾਂ ਸ਼ਰਾਬ ਠੇਕਾ ਪੰਜਾਬ, 1095 ਰੁਪਏ ਜੂਆ ਕਰੰਸੀ ਨੋਟ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦੇ ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਮੁਹਿੰਮ ਤਹਿਤ ਸਖ਼ਤ ਨੀਤੀ ਅਪਣਾਈ ਗਈ ਹੈ। ਜਿਸਦੀ ਲੜੀ ’ਚ ਜਨਰਲ ਪੁਲਸ ਪੰਜਾਬ ਗੌਰਵ ਯਾਦਵ ਦੇ ਹੁਕਮਾਂ ਅਨੁਸਾਰ ਅਤੇ ਹਰਜੀਤ ਸਿੰਘ ਡਿਪਟੀ ਇੰਸਪੈਕਟਰ ਜਨਰਲ ਪੁਲਸ, ਬਠਿੰਡਾ ਰੇਂਜ ਦੀ ਅਗਵਾਈ ਹੇਠ ਮਾਨਸਾ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਵੱਖ-ਵੱਖ ਥਾਣਿਆਂ ’ਚ ਮੁਕੱਦਮੇ ਦਰਜ ਕੀਤੇ ਹਨ।
ਜਾਣਕਾਰੀ ਅਨੁਸਾਰ ਥਾਣਾ ਸਦਰ ਮਾਨਸਾ ਸੀ. ਆਈ. ਏ. ਸਟਾਫ਼ ਦੀ ਪੁਲਸ ਟੀਮ ਨੇ ਬਲਜਿੰਦਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਰਾਏਪੁਰ ਕੋਲੋਂ ਦੌਰਾਨੇ ਗਸ਼ਤ 6 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਬਰਾਮਦ ਕਰ ਕੇ ਮੁਕੱਦਮਾ ਥਾਣਾ ਸਦਰ ਮਾਨਸਾ ਦਰਜ ਕਰ ਕੇ ਜਾਂਚ ਅਮਲ ਵਿਚ ਲਿਆਂਦੀ। ਥਾਣਾ ਭੀਖੀ ਸੀ. ਆਈ. ਏ. ਸਟਾਫ਼ ਦੀ ਪੁਲਸ ਟੀਮ ਨੇ ਤੇਜ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਵਾ. ਨੰ. 05 ਭੀਖੀ ਕੋਲੋਂ ਦੌਰਾਨੇ ਗਸ਼ਤ 7 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਮੁਕੱਦਮਾ ਥਾਣਾ ਭੀਖੀ ਦਰਜ ਕੀਤਾ ਹੈ। ਥਾਣਾ ਬਰੇਟਾ ਦੀ ਪੁਲਸ ਟੀਮ ਨੇ ਜੀਵਨ ਕੁਮਾਰ ਪੁੱਤਰ ਜਗਨ ਨਾਥ ਵਾਸੀ ਰੰਘੜਿਆਲ ਹਾਲ ਬਰੇਟਾ ਕੋਲੋਂ ਦੌਰਾਨੇ ਗਸ਼ਤ 1095 ਕਰੰਸੀ ਨੋਟ ਜੂਆ ਲਗਾਉਣ ਸਬੰਧੀ ਬਰਾਮਦ ਕਰ ਕੇ ਮੁਕੱਦਮਾ ਜੂਆ ਐਕਟ ਥਾਣਾ ਬਰੇਟਾ ਤਹਿਤ ਦਰਜ ਕਰ ਲਿਆ ਹੈ। ਥਾਣਾ ਝੁਨੀਰ ਦੀ ਪੁਲਸ ਟੀਮ ਨੇ ਕਮਲਜੀਤ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਭੰਮੇ ਕਲਾਂ ਕੋਲੋਂ ਦੌਰਾਨੇ ਗਸ਼ਤ 24 ਬੋਤਲਾਂ ਸ਼ਰਾਬ ਠੇਕਾ ਪੰਜਾਬ ਬਰਾਮਦ ਕਰ ਕੇ ਮੁਕੱਦਮਾ ਥਾਣਾ ਝੁਨੀਰ ਦਰਜ ਕੀਤਾ ਹੈ।
