ਪ੍ਰਤਾਪ ਸਿੰਘ ਬਾਜਵਾ ਨੂੰ SC ਕਮਿਸ਼ਨ ਦਾ ਨੋਟਿਸ, ਡਿਪਟੀ ਕਮਿਸ਼ਨਰ ਨੂੰ ਵੀ ਸਖ਼ਤ ਹੁਕਮ ਜਾਰੀ
Friday, Nov 07, 2025 - 04:57 PM (IST)
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਬਾਰੇ ਦਿੱਤੇ ਬਿਆਨਾਂ ਕਾਰਨ ਖੜ੍ਹਾ ਹੋਇਆ ਵਿਵਾਦ ਅਜੇ ਸ਼ਾਂਤ ਨਹੀਂ ਸੀ ਹੋਇਆ ਕਿ ਹੁਣ ਇਕ ਹੋਰ ਨਵਾਂ ਵਿਵਾਦ ਛਿੜ ਗਿਆ ਹੈ। ਇਸ ਵਾਰ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ 10 ਨਵੰਬਰ ਨੰ ਕਮਿਸ਼ਨ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕਮਿਸ਼ਨ ਨੇ ਤਰਨਤਾਰਨ ਦੇ ਰਿਟਰਨਿੰਗ ਅਫਸਰ (ਡਿਪਟੀ ਕਮਿਸ਼ਨਰ) ਨੂੰ ਵੀ ਨੋਟਿਸ ਭੇਜ ਕੇ 17 ਨਵੰਬਰ ਨੂੰ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਨਵੀਂ ਹਲਚਲ! 2027 ਲਈ ਕਾਂਗਰਸ ਦਾ ਵੱਡਾ ਦਾਅ
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਨੋਟਿਸ ਜਾਰੀ ਕਰਦਿਆਂ 10 ਨਵੰਬਰ ਨੂੰ ਆਪਣਾ ਪੱਖ ਰੱਖਣ ਲਈ ਪੇਸ਼ ਹੋਣ ਦੀ ਸੱਦਾ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਤਰਨਤਾਰਨ 'ਚ ਪਾਰਟੀ ਉਮੀਦਵਾਰ ਦੇ ਚੋਣ ਪ੍ਰਚਾਰ ਦੌਰਾਨ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੀ ਤਸਵੀਰ ਲਗਾਈ ਸੀ। ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਕਿਉਂਕਿ ਸਟੇਜ 'ਤੇ ਸਭ ਤੋਂ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਹੀ ਸਨ, ਇਸ ਲਈ ਉਨ੍ਹਾਂ ਨੂੰ 10 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।

ਚੇਅਰਮੈਨ ਗੜ੍ਹੀ ਨੇ ਦੱਸਿਆ ਕਿ ਹੋਰਡਿੰਗ ਵਿਚ ਕਈ ਸਿਆਸੀ ਪਾਰਟੀਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ, ਜਿਸ ਵਿਚ ਭਾਈ ਜੈਤਾ ਜੀ ਦੀ ਤਸਵੀਰ ਵੀ ਸ਼ਾਮਲ ਹੈ। ਇਹ ਫੋਟੋ ਪ੍ਰਿੰਟ ਤੋਂ ਲੈ ਕੇ ਇੰਟਰਨੈਟ ਮੀਡੀਆ 'ਤੇ ਵੀ ਪਾਈ ਗਈ ਹੈ। ਕਮਿਸ਼ਨ ਨੇ ਇਸ ਦਾ ਨੋਟਿਸ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਨੈਸ਼ਨਲ ਹਾਈਵੇਅ ਨੇੜੇ ਵਪਾਰੀ ਤੇ ਕਿਸਾਨ ਦਾ ਕਤਲ
ਰਾਜਾ ਵੜਿੰਗ ਨੂੰ ਵੀ ਕੀਤਾ ਗਿਆ ਸੀ ਤਲਬ
ਇੱਥੇ ਦੱਸ ਦਈਏ ਕਿ ਤਰਨਤਾਰਨ ਚੋਣਾਂ ਦੌਰਾਨ ਕਮਿਸ਼ਨ ਨੇ ਕਾਂਗਰਸ ਦੇ ਦੋ ਸੀਨੀਅਰ ਆਗੂਆਂ ਖ਼ਿਲਾਫ਼ ਨੋਟਿਸ ਜਾਰੀ ਕੀਤਾ ਹੈ। ਬਾਜਵਾ ਤੋਂ ਪਹਿਲਾਂ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਵੀ ਨੋਟਿਸ ਜਾਰੀ ਕੀਤਾ ਗਿਆ ਸੀ। ਵੜਿੰਗ ਨੇ ਕੇਂਦਰ ਦੇ ਸਾਬਕਾ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਖਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਵੜਿੰਗ ਨੂੰ ਕਮਿਸ਼ਨ ਨੇ 6 ਨਵੰਬਰ ਨੂੰ ਤਲਬ ਕੀਤਾ ਸੀ, ਪਰ ਉਨ੍ਹਾਂ ਦੇ ਵਕੀਲ ਨੇ ਕਮਿਸ਼ਨ ਅੱਗੇ ਪੇਸ਼ ਹੋ ਕੇ ਰਾਜਾ ਵੜਿੰਗ ਲਈ ਤਰਨਤਾਰਨ ਜ਼ਿਮਨੀ ਚੋਣਾਂ ਤੋਂ ਬਾਅਦ ਪੇਸ਼ ਹੋਣ ਦੀ ਛੋਟ ਮੰਗੀ ਸੀ।
