4 ਸਾਲਾ ਬੱਚੇ ਨੂੰ ਅਗਵਾ ਕਰਨ ਵਾਲੇ ਦੋਸ਼ੀ ਨੂੰ 10 ਸਾਲ ਦੀ ਕੈਦ, ਮਨੁੱਖੀ ਬਲੀ ਦੇਣ ਦੀ ਸੀ ਕੋਸ਼ਿਸ਼
Wednesday, Nov 06, 2024 - 07:10 AM (IST)
ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਸ਼ਿਵ ਮੋਹਨ ਗਰਗ ਦੀ ਅਦਾਲਤ ਨੇ ਨਵਾਦਾ ਜ਼ਿਲ੍ਹੇ ਦੇ ਭੱਟਾ ਨਿਵਾਸੀ ਧਰਮਿੰਦਰ ਸਪੇਰਾ ਨੂੰ ਅਗਵਾ ਦੇ ਦੋਸ਼ ’ਚ ਦੋਸ਼ੀ ਠਹਿਰਾਉਂਦੇ ਹੋਏ ਉਸ ਨੂੰ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਨੂੰ 10,000 ਰੁਪਏ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ’ਚ ਉਸ ਨੂੰ 2 ਮਹੀਨਿਆਂ ਦੀ ਵਾਧੂ ਕੈਦ ਵੀ ਭੁਗਤਣੀ ਪਵੇਗੀ।
ਸਪੇਰੇ ਨੂੰ ਕਥਿਤ ਤੌਰ ’ਤੇ ਆਪਣੀ ਪਤਨੀ ’ਤੇ ਕੰਟਰੋਲ ਪਾਉਣ ਲਈ ਬਲੀ ਦੇਣ ਦੀ ਨੀਅਤ ਨਾਲ 4 ਸਾਲਾਂ ਦੇ ਬੱਚੇ ਨੂੰ ਅਗਵਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਅਦਾਲਤ ਨੇ ਮੁਲਜ਼ਮ ਵੱਲੋਂ ਕੀਤੀ ਗਈ ਨਰਮੀ ਦੀ ਦਲੀਲ ਨੂੰ ਇਹ ਕਹਿੰਦੇ ਹੋਏ ਖਾਰਿਜ ਕਰ ਦਿੱਤਾ ਕਿ ਅਪਰਾਧ ਦੀ ਕਿਸਮ ਨੂੰ ਦੇਖਦੇ ਹੋਏ ਮੁਲਜ਼ਮ ਕਿਸੇ ਵੀ ਨਰਮੀ ਦਾ ਹੱਕਦਾਰ ਨਹੀਂ ਹੈ।
ਇਹ ਵੀ ਪੜ੍ਹੋ : Zomato ਤੋਂ ਮੰਗਵਾਈ ਸੇਵ-ਟਮਾਟਰ ਦੀ ਸਬਜ਼ੀ 'ਚੋਂ ਨਿਕਲੀ ਹੱਡੀ, ਫੂਡ ਵਿਭਾਗ ਨੇ ਜਾਂਚ ਕੀਤੀ ਤਾਂ ਉੱਡੇ ਹੋਸ਼
ਇਹ ਘਟਨਾ 14 ਅਕਤੂਬਰ 2022 ਨੂੰ ਪਹਿਲਵਾਨ ਢਾਬੇ ਕੋਲ ਝੁੱਗੀਆਂ ਦੀ ਲਾਈਨ ਦੇ ਬਾਹਰ ਹੋਈ ਸੀ। ਮੁਲਜ਼ਮ ਕਥਿਤ ਤੌਰ ’ਤੇ ਲੜਕੇ ਨੂੰ ਵਰਗਲਾ ਕੇ ਲੈ ਗਿਆ ਸੀ। ਸੀ. ਸੀ. ਟੀ. ਵੀ. ਫੁਟੇਜ ’ਚ ਸਾਫ ਤੌਰ ’ਤੇ ਇਹ ਹਰਕਤ ਕੈਦ ਹੋਈ ਹੈ, ਜਿਸ ਵਿਚ ਉਹ ਛੋਟੇ ਬੱਚੇ ਨੂੰ ਆਪਣੇ ਨਾਲ ਲਿਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਪੁਲਸ ਨੇ ਕੇਸ ਦਰਜ ਕਰ ਕੇ ਤੁਰੰਤ ਜਾਂਚ ਸ਼ੁਰੂ ਕੀਤੀ। ਅਗਵਾ ਕੀਤੇ ਬੱਚੇ ਦੀਆਂ ਫੋਟੋਆਂ ਪੰਜਾਬ ਦੇ ਵੱਖ-ਵੱਖ ਪੁਲਸ ਥਾਣਿਆਂ ’ਚ ਭੇਜੀਆਂ ਗਈਆਂ। ਅੰਮ੍ਰਿਤਸਰ ਦੇ ਜੰਡਿਆਲਾ ਪੁਲਸ ਥਾਣੇ ਦੀ ਪੁਲਸ ਨੇ ਸਬੂਤਾਂ ਅਤੇ ਤਸਵੀਰਾਂ ਦੇ ਆਧਾਰ ’ਤੇ ਸਪੇਰੇ ਨੂੰ ਗ੍ਰਿਫਤਾਰ ਕਰ ਲਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8