ਨਸ਼ੀਲੀਆਂ ਦਵਾਈਆਂ ਸਮੇਤ ਫੜ੍ਹੇ ਜਾਣ ਦੇ ਦੋਸ਼ੀ ਨੂੰ 10 ਸਾਲ ਕੈਦ
Wednesday, Dec 21, 2022 - 11:53 AM (IST)
ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਗੌਤਮ (39) ਸਾਲ, ਨਿਵਾਸੀ ਖ਼ਲੀਫਾ ਗੇਟ ਚੌਂਕ ਕੋਲ ਚੋਡਿਆ ਮੰਦਰ, ਕਰਤਾਰਪੁਰ, ਜ਼ਿਲ੍ਹਾ ਜਲੰਧਰ ਨਿਵਾਸੀ ਨੂੰ ਨਸ਼ੀਲੇ ਕੈਪਸੂਲ ਅਤੇ ਦਵਾਈਆਂ ਸਮੇਤ ਫੜ੍ਹੇ ਜਾਣ ਦੇ ਦੋਸ਼ 'ਚ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਦੀ ਰਹਿਮ ਦੀ ਅਪੀਲ ਖਾਰਿਜ ਕਰ ਦਿੱਤੀ ਹੈ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਵਿਧਵਾ ਮਾਂ ਅਤੇ ਪਤਨੀ ਦੀ ਦੇਖ-ਭਾਲ ਕਰਨ ਵਾਲਾ ਪਰਿਵਾਰ ਦਾ ਇੱਕੋ-ਇਕ ਪੁਰਸ਼ ਮੈਂਬਰ ਹੈ।
ਸਰਕਾਰੀ ਵਕੀਲ ਪੂਜਾ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਸਦਰ ਖੰਨਾ ਥਾਣੇ ’ਚ 15 ਨਵੰਬਰ, 2018 ਨੂੰ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਨੂੰ ਸਬ-ਇੰਸਪੈਕਟਰ ਮਲਕੀਤ ਸਿੰਘ ਦੀ ਅਗਵਾਈ ’ਚ ਇਕ ਪੁਲਸ ਦਲ ਨੇ ਟੀ-ਪੁਆਇੰਟ ਗੱਗੜ ਮਾਜਰਾ, ਸਰਵਿਸ ਰੋਡ, ਜੀ. ਟੀ. ਰੋਡ ’ਤੇ ਨਾਕਾਬੰਦੀ ਦੌਰਾਨ ਫੜ੍ਹਿਆ ਸੀ। ਪੁਲਸ ਪਾਰਟੀ ਨੂੰ ਦੇਖ ਕੇ ਮੁਲਜ਼ਮ ਨੇ ਉਨ੍ਹਾਂ ਤੋਂ ਬਚਣ ਦਾ ਯਤਨ ਕੀਤਾ ਪਰ ਸ਼ੱਕ ਦੇ ਆਧਾਰ ’ਤੇ ਮੁਲਜ਼ਮ ਨੂੰ ਫੜ੍ਹ ਲਿਆ ਗਿਆ ਅਤੇ ਮੁਲਜ਼ਮ ਕੋਲ ਬਿਨਾਂ ਪਰਮਿਟ ਜਾਂ ਲਾਇਸੈਂਸ ਦੇ ਟ੍ਰਾਮਾਡੋਲ ਨਾਮੀ 6600 ਕੈਪਸੂਲ ਅਤੇ ਹਲਪ੍ਰਾਜੋਲਮ ਦੀਆਂ 3000 ਨਸ਼ੀਲੀਆਂ ਗੋਲੀਆਂ ਮਿਲੀਆਂ ਸਨ।