ਰੇਲ ਟ੍ਰੈਕ ''ਤੇ ਡਿੱਗੇ ਨੌਜਵਾਨ ਨੂੰ 300 ਮੀਟਰ ਤੱਕ ਘਸੀਟਦੀ ਲੈ ਗਈ ਟਰੇਨ

Wednesday, Jul 26, 2017 - 05:48 AM (IST)

ਜਲੰਧਰ (ਗੁਲਸ਼ਨ)—ਸਿਟੀ ਰੇਲਵੇ ਸਟੇਸ਼ਨ 'ਤੇ ਮੰਗਲਵਾਰ ਸ਼ਾਮ ਕਰੀਬ 4 ਵਜੇ ਇਕ ਹਾਦਸਾ ਹੋ ਗਿਆ। ਇਸ ਹਾਦਸੇ ਵਿਚ 17 ਸਾਲਾ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਅੰਮ੍ਰਿਤਸਰ ਤੋਂ ਕਾਨਪੁਰ ਜਾਣ ਵਾਲੀ ਟਰੇਨ ਅੰਮ੍ਰਿਤਸਰ-ਕਾਨਪੁਰ ਐਕਸਪ੍ਰੈੱਸ ਜਿਵੇਂ ਹੀ ਪਲੇਟਫਾਰਮ ਨੰਬਰ 2 'ਤੇ ਐਂਟਰ ਕਰਨ ਲੱਗੀ ਤਾਂ ਟਰੇਨ ਦੇ ਜਨਰਲ ਕੋਚ ਵਿਚ ਸਵਾਰ ਇਕ ਨੌਜਵਾਨ ਚੱਲਦੀ ਟਰੇਨ ਵਿਚੋਂ ਉਤਰਨ ਦੀ ਕੋਸ਼ਿਸ਼ ਕਰਨ ਲੱਗਾ। ਉਤਰਨ ਵੇਲੇ ਉਸਦਾ ਪੈਰ ਪਲੇਟਫਾਰਮ ਦੀ ਬਜਾਏ ਟਰੇਨ ਅਤੇ ਪਲੇਟਫਾਰਮ ਦੇ ਵਿਚਲੇ ਗੈਪ ਵਿਚ ਚਲਾ ਗਿਆ ਤੇ ਉਹ ਰੇਲ ਲਾਈਨਾਂ ਵਿਚ ਡਿੱਗ ਕੇ ਟਰੇਨ ਦੀ ਲਪੇਟ ਵਿਚ ਆ ਗਿਆ। ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਟਰੇਨ 300 ਮੀਟਰ ਤੱਕ ਘਸੀਟਦੀ ਹੋਈ ਲੈ ਗਈ। ਸਟੇਸ਼ਨ 'ਤੇ ਹੋਏ ਇਸ ਦਰਦਨਾਕ ਹਾਦਸੇ ਤੋਂ ਬਾਅਦ ਸਟੇਸ਼ਨ 'ਤੇ ਖੜ੍ਹੇ ਯਾਤਰੀਆਂ ਦਾ ਸਾਹ ਰੁਕ ਗਿਆ। ਜਿਵੇਂ ਹੀ ਟਰੇਨ ਪਲੇਟਫਾਰਮ 'ਤੇ ਰੁਕੀ ਤਾਂ ਲੋਕਾਂ ਨੇ ਰੌਲਾ ਪਾਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਟੇਸ਼ਨ ਮਾਸਟਰ ਆਰ. ਕੇ. ਬਹਿਲ ਤੇ ਜੀ. ਆਰ. ਪੀ. ਦੇ ਕਰਮਚਾਰੀ ਮੌਕੇ 'ਤੇ ਪਹੁੰਚੇ। ਸਟੇਸ਼ਨ ਮਾਸਟਰ ਸ਼੍ਰੀ ਬਹਿਲ ਨੇ ਵੀ ਕਿਹਾ ਕਿ ਚੱਲਦੀ ਟਰੇਨ ਵਿਚੋਂ ਉਤਰਨ ਦੀ ਕੋਸ਼ਿਸ਼ ਨਾਲ ਇਹ ਹਾਦਸਾ ਹੋਇਆ। ਟਰੇਨ ਦੇ ਰਵਾਨਾ ਹੋਣ ਤੋਂ ਬਾਅਦ ਪੁਲਸ ਨੇ ਟੁਕੜੇ-ਟੁਕੜੇ ਹੋਈ ਲਾਸ਼ ਨੂੰ ਇਕ ਸ਼ਾਲ ਵਿਚ ਲਪੇਟ ਕੇ ਰੇਲ ਲਾਈਨਾਂ ਵਿਚੋਂ ਬਾਹਰ ਕੱਢਿਆ।  ਮ੍ਰਿਤਕ ਦੇ ਨਾਲ ਕੁਝ ਹੋਰ ਨੌਜਵਾਨ ਵੀ ਅੰਮ੍ਰਿਤਸਰ ਤੋਂ ਜਲੰਧਰ ਆ ਰਹੇ ਸਨ, ਜਿਨ੍ਹਾਂ ਨੇ ਉਸਦੇ ਬਾਰੇ ਪੁਲਸ ਅਤੇ ਉਸਦੇ ਪਰਿਵਾਰ ਵਾਲਿਆਂ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਛਾਣ ਕਰਨਵੀਰ ਸਿੰਘ (17) ਪੁੱਤਰ ਅਰਵਿੰਦਰ ਸਿੰਘ ਵਾਸੀ ਪ੍ਰਤਾਪ ਨਗਰ ਅੰਮ੍ਰਿਤਸਰ ਦੇ ਤੌਰ 'ਤੇ ਹੋਈ ਹੈ। ਮ੍ਰਿਤਕ ਜਲੰਧਰ ਵਿਚ ਫ੍ਰੈਂਕਫਿਨ ਇੰਸਟੀਚਿਊਟ ਆਫ ਏਅਰ ਹੋਸਟੇਸ ਜੀ. ਟੀ. ਰੋਡ ਵਿਚ ਕੇਬਿਨ ਕਰੂ ਦਾ ਕੋਰਸ ਕਰ ਰਿਹਾ ਸੀ। ਸ਼ਾਮ 4 ਤੋਂ 6 ਵਜੇ ਤਕ ਲੱਗਣ ਵਾਲੀ ਕਲਾਸ ਲਈ ਉਹ ਅੰਮ੍ਰਿਤਸਰ ਤੋਂ ਜਲੰਧਰ ਤਕ ਡੇਲੀ ਅਪਡਾਊਨ ਕਰਦਾ ਸੀ।  ਮ੍ਰਿਤਕ ਦੀ ਮਾਤਾ ਗਜ਼ਟਿਡ ਆਫੀਸਰ ਹੈ ਤੇ ਪਿਤਾ ਪ੍ਰਾਈਵੇਟ ਜਾਬ ਕਰਦੇ ਹਨ। ਵੱਡਾ ਬੇਟਾ ਤਰਨਵੀਰ ਜੋ ਕਿ 12ਵੀਂ ਦੀ ਪੜ੍ਹਾਈ ਤੋਂ ਬਾਅਦ ਜਹਾਜ਼ ਦੇ ਕੇਬਿਨ ਕਰੂ ਦਾ ਕੋਰਸ ਕਰ ਰਿਹਾ ਸੀ ਤੇ ਛੋਟਾ ਬੇਟਾ ਦਸਵੀਂ ਕਲਾਸ ਵਿਚ ਪੜ੍ਹਦਾ ਹੈ। 
ਪੁਲਸ ਨੇ ਇਸ ਸੰਬੰਧ ਵਿਚ ਧਾਰਾ 174 ਦੇ ਅਧੀਨ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਕੱਲ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
 ਪਿਤਾ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
ਜੀ. ਆਰ. ਪੀ. ਨੇ ਘਟਨਾ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ। ਅੰਮ੍ਰਿਤਸਰ ਵਿਚ ਹੋਣ ਕਾਰਨ ਪਰਿਵਾਰ ਵਾਲਿਆਂ ਨੇ ਤੁਰੰਤ ਫੈਂ੍ਰਕਫਿਨ ਇੰਸਟੀਚਿਊਟ ਵਿਚ ਫੋਨ ਕੀਤਾ। ਉਥੋਂ ਅਕਾਊਂਟੈਂਟ ਵਰਿੰਦਰ ਕੁਮਾਰ ਸਣੇ ਕਈ ਸਟਾਫ ਮੈਂਬਰਾਂ ਤੋਂ ਇਲਾਵਾ ਜਲੰਧਰ ਵਿਚ ਰਹਿੰਦੇ ਮ੍ਰਿਤਕ ਦੇ ਮਾਮਾ ਤੇ ਹੋਰ ਰਿਸ਼ਤੇਦਾਰ ਵੀ ਜੀ. ਆਰ. ਪੀ. ਥਾਣੇ ਪਹੁੰਚੇ ਤੇ ਲਾਸ਼ ਦੀ ਸ਼ਨਾਖਤ ਕੀਤੀ। ਲਾਸ਼ ਦੀ ਹਾਲਤ ਵੇਖ ਸਾਰੇ ਕਾਫੀ ਸਦਮੇ ਵਿਚ ਸਨ। ਸ਼ਾਮ ਕਰੀਬ 7 ਵਜੇ ਮ੍ਰਿਤਕ ਦੇ ਪਿਤਾ ਅਰਵਿੰਦਰ ਸਿੰਘ ਥਾਣੇ ਪਹੁੰਚੇ ਤੇ ਉਨ੍ਹਾਂ ਨੂੰ ਘਟਨਾ ਸੰਬੰਧੀ ਜਾਣਕਾਰੀ ਦਿੱਤੀ ਗਈ।  ਜਵਾਨ ਪੁੱਤਰ ਦੀ ਮੌਤ ਸੁਣ ਕੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਨਾਲ ਆਏ ਰਿਸ਼ਤੇਦਾਰਾਂ ਤੇ ਹੋਰਨਾਂ ਨੇ ਉਨ੍ਹਾਂ ਨੂੰ ਸੰਭਾਲਿਆ। 


Related News