ਸੜਕ ਹਾਦਸੇ ''ਚ ਜ਼ਖਮੀ ਹੋਏ ਤਿੰਨ ਵਿਅਕਤੀਆਂ ਲਈ ਮਸੀਹਾ ਬਣ ਕੇ ਬਹੁੜੇ ਵਿਧਾਇਕ ਦਿਆਲਪੁਰਾ

Saturday, Jul 27, 2024 - 06:08 PM (IST)

ਸਮਰਾਲਾ (ਬੰਗੜ,ਗਰਗ) : ਇਥੋਂ ਦੇ ਮਾਛੀਵਾੜਾ ਰੋਡ ਉਪਰ ਪਿੰਡ ਬਾਲਿਓ ਨੇੜੇ ਵਾਪਰੇ ਸੜਕ ਹਾਦਸੇ ਵਿਚ ਜ਼ਖਮੀ ਪਏ ਪਿਓ–ਪੁੱਤ ਸਮੇਤ ਤਿੰਨ ਵਿਅਕਤੀਆਂ ਲਈ ਇਥੋਂ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਉਸ ਵੇਲੇ ਇਕ ਮਸੀਹਾ ਬਣ ਕੇ ਬਹੁੜੇ ਜਿਸ ਵਕਤ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਕੋਈ ਸਾਧਨ ਨਹੀਂ ਜੁਟ ਰਿਹਾ ਸੀ। ਵਿਧਾਇਕ ਦਿਆਲਪੁਰਾ ਵੱਲੋਂ ਇਨਸਾਨੀਅਤ ਦੇ ਆਧਾਰ 'ਤੇ ਹਿੰਮਤ ਤਿੰਨਾਂ ਵਿਅਕਤੀਆਂ ਨੂੰ ਆਪਣੀ ਗੱਡੀ ਵਿਚ ਪਾ ਕੇ ਸਿਵਲ ਹਸਪਤਾਲ ਸਮਰਾਲਾ ਵਿਖੇ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਅਸ਼ੋਕ ਸਾਹਨੀ ਅਤੇ ਉਸਦਾ ਬੇਟਾ ਵਿਜੈ ਸਾਹਨੀ ਤੋਂ ਇਲਾਵਾ ਕੁਲਤਾਰ ਸਾਹਨੀ ਤਿੰਨੋਂ ਵਾਸੀ ਮਾਛੀਵਾੜਾ ਸਾਹਿਬ ਜੋ ਕਿ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਮਰਾਲਾ ਨੂੰ ਆ ਰਹੇ ਸਨ ਕਿ ਪਿੰਡ ਬਾਲਿਓ ਦੇ ਸਕੂਲ ਲਾਗੇ ਉਨ੍ਹਾਂ ਦੇ ਮੋਟਰਸਾਈਕਲ ਸਾਹਮਣੇ ਅਚਾਨਕ ਅਵਾਰਾ ਪਸ਼ੂ ਆ ਜਾਣ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ।

ਸੜਕ ਉੱਤੇ ਜ਼ਖਮੀ ਹਾਲਤ ਵਿਚ ਪਏ ਜ਼ਖਮੀਆਂ ਨੂੰ ਚੁੱਕਣ ਲਈ ਐਬੂਲੈਂਸ ਵਿਚ ਹੋਈ ਦੇਰੀ ਦੇ ਚੱਲਦਿਆਂ ਅਚਾਨਕ ਹੀ ਕੋਲੋਂ ਲੰਘ ਰਹੇ ਵਿਧਾਇਕ ਦਿਆਲਪੁਰਾ ਵੱਲੋਂ ਆਪਣੀ ਗੱਡੀ ਨੂੰ ਵਾਪਿਸ ਸਮਰਾਲਾ ਵੱਲ ਨੂੰ ਮੋੜ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਅਸ਼ੋਕ ਸਾਹਨੀ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਦਕਿ ਦੂਜੇ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਹਾਦਸਿਆਂ 'ਚ ਜ਼ਖਮੀ ਲੋਕਾਂ ਨੂੰ  ਚੁੱਕਣ 'ਚ ਦੇਰੀ ਨਾ ਕਰੋ : ਵਿਧਾਇਕ ਦਿਆਲਪੁਰਾ

ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਪਿੰਡ ਬਾਲਿਓ ਨੇੜੇ ਹਾਦਸੇ 'ਚ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣ ਉਪਰੰਤ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਇਸ ਤਰ੍ਹਾਂ ਹਾਦਸਿਆਂ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ ਚੁੱਕਣ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਹਾਦਸੇ ਤੋਂ ਬਾਅਦ ਮੁੱਢਲੇ 20–25 ਮਿੰਟ ਬਹੁਤ ਅਹਿਮ ਹੁੰਦੇ ਹਨ। ਅਜਿਹੇ ਸਮੇਂ 'ਤੇ ਜ਼ਖਮੀਆਂ ਨੂੰ ਸਮੇਂ ਸਿਰ ਮੁੱਢਲੀ ਸਹਾਇਤਾ ਮਿਲ ਜਾਵੇ ਤਾਂ ਕੀਮਤੀ ਜਾਨਾਂ ਅਜਾਈਂ ਜਾਣ ਤੋਂ ਬਚ ਸਕਦੀਆਂ ਹਨ।


Gurminder Singh

Content Editor

Related News