ਕੁੱਟਮਾਰ ਕਰਨ ਦੇ ਦੋਸ਼ ''ਚ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ
Thursday, Nov 16, 2017 - 05:35 AM (IST)
ਟਾਂਡਾ ਉੜਮੁੜ, (ਪੰਡਿਤ, ਮੋਮੀ, ਸ਼ਰਮਾ)- ਨਜ਼ਦੀਕੀ ਪਿੰਡ ਸੈਦੂਪੁਰ ਦਾਤਾ ਵਿਖੇ ਵਕਫ ਬੋਰਡ ਦੀ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਇਕ ਘਰ ਵਿਚ ਜਬਰੀ ਦਾਖਲ ਹੋ ਕੇ ਲੜਕੀ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿਚ ਟਾਂਡਾ ਪੁਲਸ ਨੇ ਪਿੰਡ ਦੇ ਹੀ ਚਾਰ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਕੁੱਟਮਾਰ ਦਾ ਸ਼ਿਕਾਰ ਹੋਈ ਲੜਕੀ ਹਰਜਿੰਦਰ ਕੌਰ ਪੁੱਤਰੀ ਪ੍ਰਗਟ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਾਬਲ ਸਿੰਘ ਪੁੱਤਰ ਗੁਰਮੁਖ ਸਿੰਘ, ਮਹਿੰਦਰ ਸਿੰਘ ਪੁੱਤਰ ਲਾਭ ਸਿੰਘ, ਅਮਰੀਕ ਸਿੰਘ ਪੁੱਤਰ ਚਰਨ ਰਾਮ ਅਤੇ ਗੁਰਮੁਖ ਸਿੰਘ ਪੁੱਤਰ ਲਾਭ ਸਿੰਘ ਖਿਲਾਫ਼ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਬੀ. ਬੀ. ਏ. ਦੀ ਵਿਦਿਆਰਥਣ ਹਰਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨਜ਼ਦੀਕ ਵਕਫ ਬੋਰਡ ਦੀ ਜਗ੍ਹਾ 'ਤੇ ਉਨ੍ਹਾਂ ਦਾ 1990 ਤੋਂ ਕਬਜ਼ਾ ਹੈ, ਜਿੱਥੇ ਉਨ੍ਹਾਂ ਦਰੱਖਤ ਲਾਏ ਹੋਏ ਹਨ ਅਤੇ ਉਸ ਜਗ੍ਹਾ 'ਤੇ ਉਕਤ ਦੋਸ਼ੀ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਹਨ। ਇਸੇ ਰੰਜਿਸ਼ ਨੂੰ ਲੈ ਕੇ ਉਕਤ ਦੋਸ਼ੀ ਬੀਤੇ ਦਿਨੀਂ ਉਨ੍ਹਾਂ ਦੇ ਘਰ ਜਬਰੀ ਦਾਖਲ ਹੋ ਗਏ ਅਤੇ ਉਸ ਸਮੇਂ ਉਹ ਘਰ 'ਚ ਇਕੱਲੀ ਸੀ। ਉਕਤ ਦੋਸ਼ੀਆਂ ਨੇ ਉਸ ਦੀ ਕਿਰਪਾਨ ਤੇ ਡੰਡਿਆਂ ਨਾਲ ਕੁੱਟਮਾਰ ਕੀਤੀ ਅਤੇ ਲਲਕਾਰੇ ਮਾਰਦੇ ਹੋਏ ਘਰੋਂ ਚਲੇ ਗਏ। ਜਦਕਿ ਮਹਿੰਦਰ ਸਿੰਘ ਨੇ ਆਪਣੇ ਹੱਥ ਵਿਚ ਫੜੀ ਡਾਂਗ ਆਪਣੇ ਮੱਥੇ 'ਚ ਮਾਰ ਲਈ ਅਤੇ ਉਹ ਸਾਡੇ ਘਰ ਦੇ ਵਿਹੜੇ 'ਚ ਆਪ ਡਿੱਗ ਪਿਆ। ਰੌਲਾ ਸੁਣ ਕੇ ਹਰਜਿੰਦਰ ਦਾ ਪਿਉ ਅਤੇ ਲੋਕ ਇਕੱਠੇ ਹੋ ਗਏ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਬਾਅਦ ਵਿਚ 108 ਐਂਬੂਲੈਂਸ ਵਾਲੇ ਮਹਿੰਦਰ ਸਿੰਘ ਨੂੰ ਉਨ੍ਹਾਂ ਦੇ ਘਰੋਂ ਲੈ ਗਏ। ਹਰਜਿੰਦਰ ਕੌਰ ਨੂੰ ਵੀ ਸਰਕਾਰੀ ਹਸਪਤਾਲ ਟਾਂਡਾ 'ਚ ਭਰਤੀ ਕਰਵਾਇਆ ਗਿਆ। ਟਾਂਡਾ ਪੁਲਸ ਨੇ ਹਰਜਿੰਦਰ ਕੌਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਤਫਤੀਸ਼ ਕਰ ਰਹੇ ਏ. ਐੱਸ. ਆਈ. ਅਜੀਤ ਸਿੰਘ ਨੇ ਦੱਸਿਆ ਕਿ ਦੂਜੇ ਪਾਸੇ ਮਹਿੰਦਰ ਸਿੰਘ ਦੇ ਬਿਆਨ 'ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ।
