ਏ. ਐੱਸ. ਆਈ. ਦੀ ਕਾਰ ''ਚੋਂ ਅਫੀਮ ਬਰਾਮਦ
Thursday, Nov 23, 2017 - 02:05 AM (IST)
ਹੁਸ਼ਿਆਰਪੁਰ, (ਜ.ਬ.)- ਥਾਣਾ ਸਦਰ ਦੀ ਪੁਲਸ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਜਦੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਨੇੜੇ ਖੜ੍ਹੀ ਏ. ਐੱਸ. ਆਈ. ਰਵਿੰਦਰ ਸਿੰਘ ਦੀ ਕਾਰ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਇਕ 1 ਗ੍ਰਾਮ ਅਫੀਮ ਬਰਾਮਦ ਹੋਈ।
ਤਲਾਸ਼ੀ ਦੀ ਸੂਚਨਾ ਮਿਲਦੇ ਹੀ ਦੋਸ਼ੀ ਏ. ਐੱਸ. ਆਈ. ਮੌਕੇ ਤੋਂ ਗਾਇਬ ਹੋ ਗਿਆ, ਜਿਸ ਖਿਲਾਫ਼ ਥਾਣਾ ਸਦਰ ਦੀ ਪੁਲਸ ਨੇ ਨਾਰਕੋਟਿਕਸ ਐਕਟ ਅਧੀਨ ਕੇਸ ਦਰਜ ਕਰ ਕੇ ਕਾਰ ਨੂੰ ਕਬਜ਼ੇ 'ਚ ਲੈਣ ਉਪਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰ ਦੋਸ਼ੀ ਪੁਲਸ ਅਧਿਕਾਰੀ ਅਜੇ ਫ਼ਰਾਰ ਚੱਲ ਰਿਹਾ ਹੈ।
ਕੀ ਕਹਿੰਦੇ ਹਨ ਜਾਂਚ ਅਧਿਕਾਰੀ
ਥਾਣਾ ਸਦਰ 'ਚ ਤਾਇਨਾਤ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਚੰਚਲ ਸਿੰਘ ਨੇ ਦੱਸਿਆ ਕਿ ਦੋਸ਼ੀ ਏ. ਐੱਸ. ਆਈ. ਪੁਲਸ ਜਾਂਚ ਲਈ ਆਪਣੀ ਕਾਰ 'ਚ ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਆਇਆ ਸੀ। ਇਸੇ ਦੌਰਾਨ ਕਿਸੇ ਕੰਮ ਥਾਣਾ ਟਾਂਡਾ ਦੇ ਐੱਸ. ਐੱਚ. ਓ. ਪ੍ਰਦੀਪ ਸਿੰਘ ਵੀ ਐੱਸ. ਪੀ. ਹੈੱਡਕੁਆਰਟਰ ਨੂੰ ਮਿਲਣ ਪਹੁੰਚੇ ਸਨ। ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਸ਼ੀ ਏ. ਐੱਸ. ਆਈ. ਰਵਿੰਦਰ ਸਿੰਘ ਦੀ ਕਾਰ ਨੰ. ਪੀ ਬੀ 07 ਐਕਸ ਯੂ-0434 'ਚ ਨਸ਼ੀਲਾ ਪਦਾਰਥ ਹੈ। ਐੱਸ. ਪੀ. ਹੈੱਡਕੁਆਰਟਰ ਦੇ ਨਿਰਦੇਸ਼ਾਂ 'ਤੇ ਥਾਣਾ ਟਾਂਡਾ ਦੇ ਐੱਸ. ਐੱਚ. ਓ. ਪ੍ਰਦੀਪ ਸਿੰਘ ਦੀ ਮੌਜੂਦਗੀ 'ਚ ਜਦੋਂ ਉਕਤ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ ਇਕ ਗ੍ਰਾਮ ਅਫੀਮ ਬਰਾਮਦ ਹੋਈ। ਦੋਸ਼ੀ ਏ. ਐੱਸ. ਆਈ. ਖਿਲਾਫ਼ ਨਾਰਕੋਟਿਕਸ ਐਕਟ 18-61-85 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।
