ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ 11.80 ਲੱਖ ਦਾ ਲਿਆ ਕਾਰ ਲੋਨ, ਪਰਚਾ ਦਰਜ

Monday, Jan 05, 2026 - 12:43 PM (IST)

ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ 11.80 ਲੱਖ ਦਾ ਲਿਆ ਕਾਰ ਲੋਨ, ਪਰਚਾ ਦਰਜ

ਚੰਡੀਗੜ੍ਹ (ਸੁਸ਼ੀਲ) : ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਐੱਸ. ਬੀ. ਆਈ. ਬੈਂਕ ਤੋਂ 11.80 ਲੱਖ ਦਾ ਕਾਰ ਲੋਨ ਲੈ ਕੇ ਕਿਸ਼ਤਾਂ ਦਾ ਭੁਗਤਾਨ ਨਹੀਂ ਕੀਤਾ। ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਪਰ ਪੁਲਸ ਨੇ ਪਰਚਾ ਦਰਜ ਨਹੀਂ ਕੀਤਾ। ਬੈਂਕ ਨੇ ਪਰਚਾ ਦਰਜ ਕਰਵਾਉਣ ਲਈ ਅਦਾਲਤ ਤੱਕ ਪਹੁੰਚ ਕੀਤੀ। ਅਦਾਲਤ ਦੇ ਹੁਕਮਾਂ ’ਤੇ ਸੈਕਟਰ-17 ਪੁਲਸ ਨੇ ਮੁਲਜ਼ਮ ਹਰਿਆਣਾ ਦੇ ਪਿੰਡ ਬੂਟਾ ਸਿੰਘ ਵਾਲਾ ਦੇ ਸੈਕਟਰ-2 ਵਾਸੀ ਸ਼ਿਵ ਕੁਮਾਰ ਉਰਫ਼ ਸੋਨੂੰ ਖ਼ਿਲਾਫ਼ ਧੋਖਾਧੜੀ ਤੇ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਪੁਲਸ ਸ਼ਿਕਾਇਤ ’ਚ ਬੈਂਕ ਮੈਨੇਜਰ ਨੇ ਦੱਸਿਆ ਕਿ ਹਰਿਆਣਾ ਦੇ ਬੂਟਾ ਸਿੰਘ ਵਾਲਾ ਪਿੰਡ ਦੇ ਸੈਕਟਰ-2 ਦੇ ਵਸਨੀਕ ਸ਼ਿਵ ਕੁਮਾਰ ਉਰਫ਼ ਸੋਨੂੰ ਨੇ ਕਾਰ ਖਰੀਦਣ ਲਈ 20 ਲੱਖ ਰੁਪਏ ਦੇ ਲੋਨ ਲਈ ਅਰਜ਼ੀ ਦਿੱਤੀ ਸੀ। ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਬੈਂਕ ਨੇ 10 ਮਾਰਚ 2023 ਨੂੰ ਆਈ-20 ਕਾਰ ਲਈ 11 ਲੱਖ 80 ਹਜ਼ਾਰ ਰੁਪਏ ਦਾ ਲੋਨ ਮਨਜ਼ੂਰ ਕਰ ਦਿੱਤਾ। ਫਿਰ ਲੋਨ ਦੀ ਰਕਮ ਕਾਰ ਕੰਪਨੀ ਨੂੰ ਦੇ ਦਿੱਤੀ ਗਈ। ਕਾਰ ਦੀ ਕਿਸ਼ਤ 19 ਹਜ਼ਾਰ 45 ਰੁਪਏ ਹੋ ਗਈ। ਮੁਲਜ਼ਮ ਨੇ ਲੋਨ ਲੈਣ ਤੋਂ ਬਾਅਦ ਕੋਈ ਕਿਸ਼ਤ ਜਮ੍ਹਾਂ ਨਹੀਂ ਕਰਵਾਈ। ਇਸ ਤੋਂ ਇਲਾਵਾ ਉਸਨੇ ਕਾਰ ਦੀ ਆਰ.ਸੀ. ਵੀ ਨਹੀਂ ਬਣਾਈ।
ਪੁਲਸ ਨੇ ਦਰਜ ਨਹੀਂ ਕੀਤਾ ਪਰਚਾ, ਅਦਾਲਤ ਤੱਕ ਕਰਨੀ ਪਈ ਪਹੁੰਚ
ਜਾਂਚ ਤੋਂ ਪਤਾ ਲੱਗਾ ਕਿ ਵਿਅਕਤੀ ਨੇ ਜਾਅਲੀ ਪਤੇ ਦੀ ਵਰਤੋਂ ਕਰਕੇ ਲੋਨ ਲਿਆ ਸੀ। ਮਾਮਲਾ ਦਰਜ ਕਰਵਾਉਣ ਲਈ 3 ਜੂਨ 2023 ਨੂੰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਪਰ ਪੁਲਸ ਨੇ ਪਰਚਾ ਦਰਜ ਨਹੀਂ ਕੀਤਾ। ਬੈਂਕ ਨੇ ਮਾਮਲਾ ਦਰਜ ਕਰਵਾਉਣ ਲਈ ਅਦਾਲਤ ਤੱਕ ਪਹੁੰਚ ਕੀਤੀ। ਸਾਰੇ ਦਸਤਾਵੇਜ਼ ਅਤੇ ਸਬੂਤ ਅਦਾਲਤ ਵਿਚ ਜਮ੍ਹਾਂ ਕਰਵਾਏ। ਅਦਾਲਤ ਨੇ ਸਬੂਤ ਦੇਖਣ ਤੋਂ ਬਾਅਦ ਸੈਕਟਰ-17 ਪੁਲਸ ਨੂੰ ਮੁਲਜ਼ਮ ਸ਼ਿਵ ਕੁਮਾਰ ਉਰਫ਼ ਸੋਨੂੰ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ। ਅਦਾਲਤ ਦੇ ਹੁਕਮਾਂ ’ਤੇ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ।
 


author

Babita

Content Editor

Related News