ਇਰਾਕ ''ਚ ਫਸੇ 7 ਪੰਜਾਬੀ ਨੌਜਵਾਨ ਸ਼ਨੀਵਾਰ ਪਰਤਣਗੇ ਦੇਸ਼
Friday, Jul 26, 2019 - 07:35 PM (IST)

ਅੱਪਰਾ (ਦੀਪਾ)— ਕਰੀਬੀ ਪਿੰਡ ਛੋਕਰਾਂ ਤਹਿ. ਫਿਲੌਰ ਦੇ ਵਸਨੀਕ ਚਾਰ ਨੌਜਵਾਨ ਰਣਦੀਪ ਕੁਮਾਰ ਪੁੱਤਰ ਰਾਮ ਲੁਭਾਇਆ, ਬਲਜੀਤ ਕੁਮਾਰ ਪੁੱਤਰ ਅਮਰਜੀਤ, ਸੌਰਵ ਕੁਮਾਰ ਪੁੱਤਰ ਗੁਰਦਾਵਰ ਰਾਮ, ਸੰਦੀਪ ਕੁਮਾਰ ਪੁੱਤਰ ਜੋਗਿੰਦਰ ਰਾਮ, ਅਮਨਦੀਪ ਪੁੱਤਰ ਸਤਨਾਮ ਲਾਲ ਵਾਸੀ ਪਿੰਡ ਅੱਟਾ, ਪ੍ਰਭਜੋਤ ਪੁੱਤਰ ਸਰਬਜੀਤ ਸਿੰਘ ਵਾਸੀ ਕਪੂਰਥਲਾ ਤੇ ਕੋਮਲਜੋਤ ਪੁੱਤਰ ਮੋਹਣ ਲਾਲ ਵਾਸੀ ਫਗਵਾੜਾ, ਜੋ ਕਿ ਪਿਛਲੇ 9 ਮਹੀਨਿਆਂ ਤੋਂ ਇਰਾਕ ਦੇ ਖੇਤਰ ਇਰਬਿਲ 'ਚ ਫਸੇ ਹੋਏ ਹਨ, ਉਕਤ ਨੌਜਵਾਨ ਅੱਜ ਮਿਤੀ 27 ਜੁਲਾਈ ਨੂੰ ਵਤਨ ਪਰਤਣਗੇ। ਗੌਰ ਕਰਨਯੋਗ ਹੈ ਕਿ ਉਕਤ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਬਲਦੇਵ ਸਿੰਘ ਖਹਿਰਾ ਵਿਧਾਇਕ ਹਲਕਾ ਫਿਲੌਰ ਤੇ ਸ੍ਰੀਮਤੀ ਹਰਸਿਮਰਤ ਕੌਰ ਕੇਂਦਰੀ ਮੰਤਰੀ ਦੇ ਜ਼ਰੀਏ ਵਿਦੇਸ਼ ਮੰਤਰੀ ਡਾ. ਐਸ. ਜੈ ਸ਼ੰਕਰ ਦੇ ਅੱਗੇ ਸਾਰਾ ਮਾਮਲਾ ਉਠਾਇਆ ਸੀ। ਇਸ ਸੰਬੰਧੀ ਇਰਾਕ ਤੋਂ ਫੋਨ 'ਤੇ ਜਾਣਕਾਰੀ ਦਿੰਦਿਆਂ ਪਿੰਡ ਛੋਕਰਾਂ ਦੇ ਵਸਨੀਕ ਨੌਜਵਾਨਾਂ ਨੇ ਦੱਸਿਆ ਕਿ ਇਰਾਕ 'ਚ ਭਾਰਤ ਦੇ ਕੌਂਸਲਰ ਜਨਰਲ ਚੰਦਰਮੌਲੀ ਕੇ. ਕਰਣ ਦੇ ਅੱਗੇ ਅਸੀਂ ਲਿਖਤੀ ਸ਼ਿਕਾਇਤ ਦਿੱਤੀ ਸੀ। ਜਿਸ ਕਾਰਣ ਉਨਾਂ ਦਾ ਇਰਾਕ ਦਾ ਵੀਜ਼ਾ ਕਢਵਾਉਣ ਵਾਲੇ ਵਕੀਲ ਨੂੰ ਸਜ਼ਾ ਤੇ ਜ਼ੁਰਮਾਨਾ ਵੀ ਕੀਤਾ ਗਿਆ। ਉਨਾਂ ਅੱਗੇ ਦੱਸਿਆ ਕਿ ਉਨਾਂ ਦੀਆਂ ਭਾਰਤ ਆਉਣ ਲਈ ਟਿਕਟਾਂ ਦਾ ਪ੍ਰਬੰਧ ਵੀ ਸ੍ਰੋਮਣੀ ਅਕਾਲੀ ਦਲ ਵਲੋਂ ਕੀਤਾ ਗਿਆ ਹੈ।