ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਲੁੱਟ ਦੇ ਸਾਮਾਨ ਸਮੇਤ 7 ਵਿਅਕਤੀ ਕਾਬੂ

Tuesday, Jun 26, 2018 - 03:39 PM (IST)

ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਲੁੱਟ ਦੇ ਸਾਮਾਨ ਸਮੇਤ 7 ਵਿਅਕਤੀ ਕਾਬੂ

ਜਲੰਧਰ/ਲਾਂਬੜਾ (ਸੋਨੂੰ, ਵਰਿੰਦਰ)— ਸਥਾਨਕ ਥਾਣਾ ਮੁਖੀ ਪੁਸ਼ਪ ਬਾਲੀ ਵੱਲੋਂ ਸੀ. ਆਈ. ਏ. ਦਿਹਾਤੀ ਦੇ ਸਹਿਯੋਗ ਨਾਲ ਇਕ ਸ਼ਾਤਰ ਅੰਤਰਰਾਜੀ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਇਸ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਖਿਲਾਫ ਥਾਣਾ ਲਾਂਬੜਾ 'ਚ ਕੇਸ ਦਰਜ ਕੀਤਾ ਗਿਆ ਹੈ।
ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ, ਡੀ. ਐੱਸ. ਪੀ. ਸਰਬਜੀਤ ਸਿੰਘ ਰਾਏ ਅਤੇ ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਪੁਲਸ ਨੂੰ ਇਸ ਗਿਰੋਹ ਸਬੰਧੀ ਗੁਪਤ ਸੂਚਨਾ ਪ੍ਰਾਪਤ ਹੋਈ ਸੀ। ਥਾਣਾ ਲਾਂਬੜਾ ਅਤੇ ਸੀ. ਆਈ. ਏ. ਦੇ ਮੁਲਾਜ਼ਮਾਂ ਦੀਆਂ ਟੀਮਾਂ ਬਣਾ ਕੇ ਕਾਲਾ ਸੰਘਿਆਂ ਰੋਡ 'ਤੇ ਇਕ ਸਥਾਨ 'ਤੇ ਰੇਡ ਕੀਤੀ ਗਈ, ਜਿੱਥੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਅੰਤਰਰਾਜੀ ਲੁਟੇਰਾ ਗਿਰੋਹ ਦੇ ਗ੍ਰਿਫਤਾਰ ਹੋਣ ਨਾਲ ਪੁਲਸ ਦੇ ਵੀ ਸਾਹ 'ਚ ਸਾਹ ਆ ਗਿਆ ਹੈ। ਇਸ ਗਿਰੋਹ ਦੇ ਕਾਬੂ ਹੋਣ ਨਾਲ ਅਨੇਕਾਂ ਪੁਲਸ ਥਾਣਿਆਂ 'ਚ ਪਏ ਕਈ ਅਣਸੁਲਝੇ ਮਾਮਲੇ ਟਰੇਸ ਹੋ ਗਏ ਹਨ। ਪੁਲਸ ਵੱਲੋਂ ਇਸ ਸਬੰਧੀ ਅਗਲੀ ਜਾਂਚ ਜਾਰੀ ਹੈ। ਸੰਭਾਵਨਾ ਹੈ ਕਿ ਕੁਝ ਹੋਰ ਮਾਮਲੇ ਵੀ ਸਾਹਮਣੇ ਆ ਸਕਦੇ ਹਨ।
ਇਹ ਸਾਮਾਨ ਹੋਇਆ ਬਰਾਮਦ
ਪੁਲਸ ਨੇ ਲੁਟੇਰਾ ਗਿਰੋਹ ਕੋਲੋਂ 3 ਚੋਰੀ ਦੀਆਂ ਮਹਿੰਦਰਾ ਬਲੈਰੋ ਪਿੱਕਅਪ ਗੱਡੀਆਂ, ਇਕ ਪਿਸਤੌਲ, 2 ਜਿੰਦਾ ਕਾਰਤੂਸ, 15 ਚੋਰੀ ਦੇ ਪਸ਼ੂ, 2 ਦਾਤਰ ਤੇ 150 ਸੰਗਲ ਬਰਾਮਦ ਕੀਤੇ ਹਨ। 
ਮੌਕੇ ਤੋਂ ਇਨ੍ਹਾਂ ਮੁਲਜ਼ਮਾਂ ਨੂੰ ਕੀਤਾ ਗਿਆ ਗ੍ਰਿਫਤਾਰ
ਬਲਵਿੰਦਰ ਸਿੰਘ ਉਰਫ ਸੋਨੀ ਪੁੱਤਰ ਬਲਬੀਰ ਸਿੰਘ ਵਾਸੀ ਧਿਗਾਣਾ ਥਾਣਾ ਸਦਰ ਮੁਕਤਸਰ,
ਹਰਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਬਲਬੀਰ ਸਿੰਘ ਵਾਸੀ ਧਿਗਾਣਾ ਥਾਣਾ ਸਦਰ ਮੁਕਤਸਰ,
ਜਸਵੰਤ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਵੱਟੂ ਮਰਾੜ ਮੁਕਤਸਰ ਹਾਲ ਵਾਸੀ ਹਮੀਰੀ ਖੇੜਾ,
ਗੁਰਪ੍ਰੀਤ ਸਿੰਘ ਅਜੇ ਪੁੱਤਰ ਸੁਖਦੇਵ ਸਿੰਘ ਵਾਸੀ ਸੁਰਸਿੰਘ ਲੋਹਗੜ੍ਹ ਫਿਰੋਜ਼ਪੁਰ,
ਦਿਲਬਾਗ ਸਿੰਘ ਉਰਫ ਗਿਆਨੀ ਪੁੱਤਰ ਗੁਰਦੇਵ ਸਿੰਘ ਧਰਮਕੋਟ, ਮੋਗਾ, 
ਮੁਹੰਮਦ ਬਾਲਾ ਪੁੱਤਰ ਮੁਹੰਮਦ ਯਾਸੀਨ ਵਾਸੀ ਚੋਸਨਾ ਯੂ. ਪੀ.,
ਰਜਵਾਨ ਪੁੱਤਰ ਹਾਜੀ ਬਾਬੂ ਵਾਸੀ ਬੱਗਰਾ, ਮੁਜ਼ੱਫਰਪੁਰ। 
ਗਿਰੋਹ ਦੇ ਸਰਗਣਾ ਬਲਵਿੰਦਰ ਸਿੰਘ 'ਤੇ ਹਨ 31 ਕੇਸ ਦਰਜ
ਇਸ ਗਿਰੋਹ ਦੇ ਸਰਗਣਾ ਬਲਵਿੰਦਰ ਸਿੰਘ ਉਰਫ ਸੋਨੀ 'ਤੇ ਚੋਰੀ ਅਤੇ ਗੱਡੀਆਂ ਖੋਹਣ ਦੇ ਲਗਭਗ 31 ਕੇਸ ਦਰਜ ਹਨ। ਉਹ 18 ਫਰਵਰੀ 2018 ਨੂੰ ਪਟਿਆਲਾ ਜੇਲ 'ਚੋਂ 42 ਦਿਨ ਦੀ ਪੈਰੋਲ (ਛੁੱਟੀ) 'ਤੇ ਆਇਆ ਸੀ ਪਰ ਵਾਪਸ ਨਹੀਂ ਗਿਆ। ਇਸ ਦੌਰਾਨ ਉਸ ਨੇ ਆਪਣਾ ਗਿਰੋਹ ਬਣਾ ਲਿਆ। ਕਰੀਬ 4 ਮਹੀਨਿਆਂ ਦੇ ਅਰਸੇ ਦੌਰਾਨ ਇਸ ਗਿਰੋਹ ਨੇ ਅੱਧਾ ਦਰਜਨ ਗੱਡੀਆਂ ਖੋਹ ਲਈਆਂ ਅਤੇ ਕਰੀਬ 28 ਮੱਝਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ ਚੋਰੀ ਕਰ ਲਈਆਂ। ਬਲਵਿੰਦਰ ਦੇ ਤਿੰਨ ਹੋਰ ਸਾਥੀਆਂ 'ਤੇ ਪਹਿਲਾਂ ਹੀ ਕਈ ਕੇਸ ਦਰਜ ਹਨ। ਗਿਰੋਹ ਦੇ ਸਰਗਣਾ ਬਲਵਿੰਦਰ ਸਿੰਘ ਦੇ ਪਰਿਵਾਰ ਦੇ 7 ਮੈਂਬਰ ਪਹਿਲਾਂ ਹੀ ਮੱਝਾਂ ਚੋਰੀ ਦੇ ਕੇਸ 'ਚ ਜੇਲ 'ਚ ਬੰਦ ਹਨ।
ਇਨ੍ਹਾਂ ਵਾਰਦਾਤਾਂ ਨੂੰ ਦਿੱਤਾ ਅੰਜਾਮ
ਜੰਡੂਸਿੰਘਾਂ-ਲਾਡੋਵਾਲੀ ਰੋਡ ਤੋਂ ਮਟਰਾਂ ਨਾਲ ਭਰੀ ਮਹਿੰਦਰਾ ਪਿਕਅਪ ਖੋਹੀ,
ਸੁੰਦਰ ਨਗਰ ਚੌਕ ਲੁਧਿਆਣਾ ਨੇੜਿਓਂ ਇਕ ਮਾਰੂਤੀ ਕਾਰ ਚੋਰੀ ਕੀਤੀ,
ਲੁਧਿਆਣਾ ਨੇੜਿਓਂ ਇਕ ਕੁਆਲਿਸ ਗੱਡੀ ਚੋਰੀ ਕੀਤੀ, 
ਜਗਰਾਓਂ ਤੋਂ ਆ ਰਹੀ ਇਕ ਮਹਿੰਦਰਾ ਪਿੱਕਅਪ ਖੋਹੀ,
ਮੋਗਾ-ਬਾਘਾਪੁਰਾਣਾ ਰੋਡ ਤੋਂ ਪਿੱਕਅਪ ਮੈਕਸ ਮਹਿੰਦਰਾ ਗੱਡੀ ਚੋਰੀ ਕੀਤੀ,
ਜਲੰਧਰ ਫਗਵਾੜਾ ਰੋਡ ਤੋਂ ਹਵੇਲੀ ਨੇੜਿਓਂ ਅਮਪੀਰੀਓ ਬਰੋ ਗੱਡੀ ਖੋਹੀ, 
ਹੁਸ਼ਿਆਰਪੁਰ ਨੇੜੀਓਂ ਮਹਿੰਦਰਾ ਬਲੈਰੋ ਗੱਡੀ ਖੋਹੀ, 
ਮੋਹਾਲੀ ਤੋਂ ਇਕ ਟਰੱਕ ਦੀ ਖੋਹਿਆ, 
ਲੁਧਿਆਣਾ-ਦਿੱਲੀ ਰੋਡ ਤੋਂ ਇਕ ਕੈਂਟਰ ਚੋਰੀ ਕੀਤਾ, 
ਕੱਥੂਨੰਗਲ ਨੇੜੇ ਬਲੈਰੋ ਜੀਪ ਖੋਹੀ, ਇਥੋਂ ਹੀ ਫਿਰ ਇਕ ਬਲੈਰੋ ਜੀਪ ਖੋਹੀ, 
ਬਟਾਲਾ ਨੇੜਿਓਂ ਲੀਚੀਆਂ ਨਾਲ ਭਰੀ ਮਹਿੰਦਰਾ ਪਿੱਕਅਪ ਖੋਹੀ, 
ਤਲਵੰਡੀ ਸਾਬੋ ਨੇੜਿਓਂ ਇਕ ਕੰਟੇਨਰ ਖੋਹਿਆ ਜਿਸ 'ਚ ਮੱਝਾਂ ਸਨ, 16 ਲੱਖ ਰੁਪਏ ਦੀ ਨਕਦੀ ਖੋਹੀ, 
ਗਿਰੋਹ ਨੇ ਹਰੀਕੇ ਪੱਤਣ ਨੇੜੇ ਟਾਟਾ 407 ਗੱਡੀ ਖੋਹੀ, ਜਿਸ 'ਚ 5 ਗਾਵਾਂ ਸਨ।


Related News