65 ਹਜ਼ਾਰ ਘਰਾਂ ਅਤੇ ਦੁਕਾਨਾਂ ਤੋਂ ਨਹੀਂ ਚੁੱਕਿਆ ਕੂੜਾ, ਡੰਪਾਂ ''ਤੇ ਲੱਗੇ ਢੇਰ
Monday, Mar 12, 2018 - 03:37 AM (IST)
ਬਠਿੰਡਾ, (ਪਰਮਿੰਦਰ)- ਮਹਾਨਗਰ ਵਿਚ ਘਰਾਂ ਅਤੇ ਵਪਾਰਿਕ ਥਾਵਾਂ ਤੋਂ ਕਚਰਾ ਚੁੱਕਣ ਵਾਲੀ ਕੰਪਨੀ ਜੇ. ਆਈ. ਟੀ. ਐੱਫ. ਵੱਲੋਂ ਅਪ੍ਰੈਲ ਤੋਂ ਕੰਮ ਬੰਦ ਕਰਨ ਦੇ ਵਿਰੋਧ ਵਿਚ ਕੰਪਨੀ ਦੇ ਕਚਰਾ ਚੁੱਕਣ ਵਾਲੇ ਮੁਲਾਜ਼ਮਾਂ 'ਚ ਭਾਰੀ ਰੋਸ ਹੈ। ਰੋਜ਼ਗਾਰ ਖੁੱਸਣ ਦੇ ਡਰੋਂ ਮੁਲਾਜ਼ਮਾਂ ਨੇ ਅਨਿਸ਼ਚਿਤਕਾਲ ਹੜਤਾਲ ਦਾ ਐਲਾਨ ਕੀਤਾ ਹੋਇਆ ਹੈ। ਮਹਾਨਗਰ ਵਿਚ ਪਿਛਲੇ 2 ਦਿਨਾਂ ਤੋਂ ਕਚਰਾ ਨਾ ਚੁੱਕੇ ਜਾਣ ਦੇ ਕਾਰਨ ਆਉਣ ਵਾਲੇ ਦਿਨਾਂ 'ਚ ਹਾਲਾਤ ਗੰਭੀਰ ਹੋ ਸਕਦੇ ਹਨ। ਡੰਪਾਂ ਵਿਚ ਕਚਰੇ ਦੀ ਮਾਤਰਾ ਵਧਣ ਲੱਗੀ ਹੈ ਜਦਕਿ ਘਰਾਂ ਤੋਂ ਕਚਰਾ ਨਾ ਚੁੱਕੇ ਜਾਣ ਦੇ ਕਾਰਨ ਲੋਕਾਂ 'ਚ ਵੀ ਰੋਸ ਹੈ।
ਮਹਾਨਗਰ ਵਿਚ 65 ਹਜ਼ਾਰ ਤੋਂ ਜ਼ਿਆਦਾ ਘਰਾਂ ਅਤੇ ਵਪਾਰਿਕ ਥਾਵਾਂ ਤੋਂ ਹਰ ਰੋਜ਼ 100 ਟਨ ਤੋਂ ਵੀ ਜ਼ਿਆਦਾ ਕਚਰਾ ਨਿਕਲਦਾ ਹੈ, ਜਿਸ ਨੂੰ ਉਕਤ ਕੰਪਨੀ ਦੇ ਮੁਲਾਜ਼ਮ ਘਰਾਂ ਤੋਂ ਇਕੱਠਾ ਕਰ ਕੇ ਮੁੱਖ ਡੰਪਾਂ 'ਤੇ ਪਹੁੰਚਾਉਂਦੇ ਹਨ ਅਤੇ ਉਥੋਂ ਉਕਤ ਕਚਰੇ ਨੂੰ ਗੱਡੀਆਂ ਜ਼ਰੀਏ ਸਾਲਿਡ ਵੇਸਟ ਪਲਾਂਟ 'ਚ ਪਹੁੰਚਾਇਆ ਜਾਂਦਾ ਹੈ। ਪਤਾ ਚੱਲਦਾ ਹੈ ਕਿ ਕਚਰਾ ਘੱਟ ਨਿਕਲਣ ਕਾਰਨ ਕੰਪਨੀ ਕਚਰਾ ਚੁੱਕਣ ਦਾ ਕੰਮ ਅਪ੍ਰੈਲ ਤੋਂ ਬੰਦ ਕਰ ਰਹੀ ਹੈ। ਅਜਿਹੇ 'ਚ ਕੰਪਨੀ ਵਿਚ ਕੰਮ ਕਰਨ ਵਾਲੇ 350 ਸਫਾਈ ਮੁਲਾਜ਼ਮਾਂ ਦੀ ਨੌਕਰੀ 'ਤੇ ਤਲਵਾਰ ਲਟਕੀ ਹੋਈ ਹੈ। ਸਫਾਈ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ, ਮੀਤ ਪ੍ਰਧਾਨ ਰਿੰਕੂ, ਜਨਰਲ ਸਕੱਤਰ ਰਾਮ ਬਾਬੂ ਅਤੇ ਸੋਨੂੰ ਨੇ ਦੱਸਿਆ ਕਿ ਉਕਤ ਕੰਪਨੀ ਨੇ ਕੰਮ ਬੰਦ ਕਰ ਦਿੱਤਾ ਤਾਂ ਲਗਭਗ 350 ਮੁਲਾਜ਼ਮ ਬੇਰੋਜ਼ਗਾਰ ਹੋ ਜਾਣਗੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਭੁੱਖੇ ਮਰਨ ਦੀ ਨੌਬਤ ਆ ਜਾਵੇਗੀ। ਮੁਲਾਜ਼ਮਾਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਉਨ੍ਹਾਂ ਨੂੰ ਆਪਣੇ ਪੱਧਰ 'ਤੇ ਰੋਜ਼ਗਾਰ ਮੁਹੱਈਆ ਕਰਵਾਏ। ਜੇਕਰ ਨਿਗਮ ਨੇ ਅਜਿਹਾ ਨਾ ਕੀਤਾ ਤਾਂ ਯੂਨੀਅਨ ਸੰਘਰਸ਼ ਤੇਜ਼ ਕਰੇਗੀ। ਉਨ੍ਹਾਂ ਦੱਸਿਆ ਕਿ ਸਫਾਈ ਮੁਲਾਜ਼ਮ ਸੋਮਵਾਰ ਨੂੰ ਚੱਕਾ ਜਾਮ ਕਰ ਕੇ ਰੋਸ ਪ੍ਰਦਰਸ਼ਨ ਕਰਨਗੇ।
