ਦਵਾਈ ਵਿਕਰੇਤਾ ਕੋਲੋਂ 50 ਹਜ਼ਾਰ ਦੀ ਨਕਦੀ ਲੁੱਟੀ

08/28/2017 7:09:25 AM

ਤਰਨਤਾਰਨ, (ਰਮਨ)- ਜ਼ਿਲੇ ਵਿਚ ਦਿਨੋ-ਦਿਨ ਵਧ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ 'ਚ ਦਹਿਸ਼ਤ ਪਾਈ ਜਾ ਰਹੀ ਹੈ ਅਤੇ ਵਪਾਰੀ ਘਰਾਂ 'ਚੋਂ ਬਾਹਰ ਨਿਕਲ ਕੇ ਆਪਣਾ ਵਪਾਰ ਕਰਨ ਤੋਂ ਅਸਮਰਥ ਨਜ਼ਰ ਆ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਨਜ਼ਦੀਕੀ ਪਿੰਡ ਢੋਟੀਆਂ ਵਿਚ ਇਕ ਥੋਕ ਦਵਾਈ ਵਪਾਰੀ ਨਾਲ ਹੋਈ ਲੁੱਟ ਦੀ ਘਟਨਾ ਤੋਂ ਮਿਲਦੀ ਹੈ। 
ਪੁਲਸ ਨੂੰ ਦਿੱਤੇ ਗਏ ਬਿਆਨਾਂ ਵਿਚ ਸੰਦੀਪ ਕੁਮਾਰ ਪੁੱਤਰ ਬਲਦੇਵ ਰਾਜ ਨਿਵਾਸੀ ਫ਼ਿਰੋਜ਼ਪੁਰ ਨੇ ਦੱਸਿਆ ਕਿ ਉਹ ਤਰਨਤਾਰਨ ਵਿਖੇ ਥੋਕ ਵੈਟਰਨਰੀ ਦਵਾਈਆਂ ਦਾ ਕਾਰੋਬਾਰ ਸੰਭਾਲਦਾ ਹੈ ਅਤੇ ਪਿੰਡਾਂ ਵਿਚ ਮੈਡੀਕਲ ਸਟੋਰਾਂ 'ਤੇ ਦਵਾਈਆਂ ਸਪਲਾਈ ਕਰ ਕੇ ਉਗਰਾਹੀ ਕਰਦਾ ਹੈ। ਬੀਤੀ ਰਾਤ ਜਦੋਂ ਉਹ ਬਲੈਰੋ ਗੱਡੀ 'ਤੇ ਕੁਝ ਪਿੰਡਾਂ 'ਚੋਂ ਉਗਰਾਹੀ ਕਰ ਕੇ ਵਾਪਸ ਤਰਨਤਾਰਨ ਆ ਰਿਹਾ ਸੀ ਤਾਂ ਰਸਤੇ ਵਿਚ ਢੋਟੀਆਂ-ਸ਼ੇਰੋਂ ਪੁਲ ਦੇ ਨਜ਼ਦੀਕ ਇਕ ਕਾਰ ਨੇ ਉਸ ਨੂੰ ਆ ਕੇ ਰੋਕ ਦਿੱਤਾ। ਇਸ ਦੌਰਾਨ ਕਾਰ 'ਚੋਂ ਉਤਰੇ 4 ਨੌਜਵਾਨਾਂ ਨੇ ਉਸ ਨੂੰ ਅਤੇ ਗੱਡੀ ਦੇ ਡਰਾਈਵਰ ਰਾਕੇਸ਼ ਕੁਮਾਰ ਬਾਹਰ ਕੱਢ ਲਿਆ। ਲੁਟੇਰਿਆਂ ਨੇ ਉਸ ਦੀ ਦੀ ਜੇਬ ਵਿਚ ਪਈ 50 ਹਜ਼ਾਰ ਦੀ ਨਕਦੀ ਖੋਹ ਲਈ। ਇਸ ਤੋਂ ਬਾਅਦ ਲੁਟੇਰੇ ਗੱਡੀ ਦੇ ਡਰਾਈਵਰ ਰਾਕੇਸ਼ ਕੁਮਾਰ ਕੋਲੋਂ ਗੱਡੀ ਚਾਬੀ ਅਤੇ ਆਰ. ਸੀ. ਖੋਹ ਕੇ ਫਰਾਰ ਹੋ ਗਏ ਅਤੇ ਜਾਂਦੇ ਹੋਏ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦੇ ਗਏ। ਇਹ ਘਟਨਾ ਰਾਤ ਕਰੀਬ 9.15 ਦੀ ਹੈ। ਜਦੋਂ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਨੂੰ ਮਾਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਮੌਕੇ 'ਤੇ ਥਾਣਾ ਸਰਹਾਲੀ ਦੇ ਐੱਸ. ਐੱਚ. ਓ. ਤਰਸੇਮ ਮਸੀਹ ਨੂੰ ਕਾਰਵਾਈ ਲਈ ਭੇਜਿਆ, ਜਿਸ ਤੋਂ ਬਾਅਦ ਥਾਣਾ ਮੁਖੀ ਨੇ ਸੰਦੀਪ ਕੁਮਾਰ ਦੇ ਬਿਆਨਾਂ 'ਤੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। 
ਸੀ. ਸੀ. ਟੀ. ਵੀ. ਕੈਮਰਿਆਂ ਤੋਂ ਲਈ ਜਾ ਰਹੀ ਮਦਦ : ਐੱਸ. ਐੱਸ. ਪੀ.
ਇਸ ਸਬੰਧੀ ਐੱਸ. ਐੱਸ. ਪੀ. ਤਰਨਤਾਰਨ ਦਰਸ਼ਨ ਸਿੰਘ ਮਾਨ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਪੁਲਸ ਵੱਲੋਂ ਵਾਰਦਾਤ ਵਾਲੇ ਸਥਾਨ ਦੇ ਨਜ਼ਦੀਕ ਤੋਂ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ।


Related News