ਸੁਨਿਆਰੇ ਤੋਂ 50 ਲੱਖ ਦੀ ਮੰਗੀ ਫਿਰੌਤੀ, ਨਾ ਦੇਣ 'ਤੇ ਦੁਕਾਨ 'ਤੇ ਆ ਕੇ ਚਲਾ'ਤੀਆਂ ਗੋਲ਼ੀਆਂ, ਘਟਨਾ CCTV 'ਚ ਕੈਦ
Monday, May 06, 2024 - 10:41 PM (IST)
ਤਰਨਤਾਰਨ (ਰਮਨ)-ਵਿਦੇਸ਼ ਵਿਚ ਮੌਜੂਦ ਗੈਂਗਸਟਰ ਲੰਡਾ ਅਤੇ ਸਤਨਾਮ ਸਿੰਘ ਸੱਤਾ ਵੱਲੋਂ ਸਥਾਨਕ ਸ਼ਹਿਰ ਦੇ ਇਕ ਸੁਨਿਆਰੇ ਪਾਸੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਤੋਂ ਬਾਅਦ ਜਿੱਥੇ ਪਰਿਵਾਰ ਨੂੰ ਜਾਣ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਉਥੇ ਹੀ 12 ਘੰਟਿਆਂ ਬਾਅਦ ਦੇਰ ਰਾਤ ਦੋ ਨੌਜਵਾਨਾਂ ਵੱਲੋਂ ਬੰਦ ਦੁਕਾਨ ਉੱਪਰ ਅੰਨ੍ਹੇਵਾਹ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਦਾ ਪਤਾ ਸੁਨਿਆਰੇ ਨੂੰ ਸੋਮਵਾਰ ਸਵੇਰੇ ਉਸ ਵੇਲੇ ਲੱਗਾ ਜਦੋਂ ਉਸ ਵੱਲੋਂ ਦੁਕਾਨ ਦਾ ਸ਼ਟਰ ਖੋਲ੍ਹਿਆ ਗਿਆ। ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਚੁੱਕੀ ਹੈ, ਜਿਸ ਨੂੰ ਕਬਜ਼ੇ ਵਿਚ ਲੈਂਦੇ ਹੋਏ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਵਿਦੇਸ਼ਾਂ ਤੋਂ ਗੈਂਗਸਟਰਾਂ ਵਲੋਂ ਅੱਧੀ ਦਰਜਨ ਤੋਂ ਵੱਧ ਕਾਰੋਬਾਰੀਆਂ ਤੋਂ ਮੰਗੀ ਕਰੋੜਾਂ ਦੀ ਫਿਰੌਤੀ, ਵਪਾਰੀਆਂ ’ਚ ਦਹਿਸ਼ਤ
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪਰਮਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਮੁਹੱਲਾ ਗੁਰੂ ਕਾ ਖੂਹ ਤਰਨਤਾਰਨ ਨੇ ਦੱਸਿਆ ਕਿ ਬੀਤੇ ਐਤਵਾਰ ਦੁਪਹਿਰ ਡੇਢ ਵਜੇ ਉਸ ਦੇ ਮੋਬਾਈਲ ਨੰਬਰ ਉੱਪਰ ਵੱਟਸਐਪ ਕਾਲ ਆਈ, ਜਿਸ ਵਿਚ ਫੋਨ ਕਰਨ ਵਾਲੇ ਨੇ ਆਪਣਾ ਨਾਮ ਸਤਨਾਮ ਸੱਤਾ ਵਾਸੀ ਨੌਸ਼ਹਿਰਾ ਪੰਨੂਆਂ ਅਤੇ ਲੰਡਾ ਦੱਸਦੇ ਹੋਏ 50 ਲੱਖ ਰੁਪਏ ਦੀ ਫਿਰੌਤੀ ਮੰਗਣੀ ਸ਼ੁਰੂ ਕਰ ਦਿੱਤੀ। ਪਰਮਿੰਦਰ ਸਿੰਘ ਨੇ ਦੱਸਿਆ ਕਿ ਫੋਨ ਕਰਨ ਵਾਲਿਆਂ ਵੱਲੋਂ ਫਿਰੋਤੀ ਨਾ ਦੇਣ ਦੀ ਸੂਰਤ ਵਿਚ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ।
ਇਹ ਵੀ ਪੜ੍ਹੋ- ਪਰਿਵਾਰ ਦੇ ਤਿੰਨ ਜੀਆਂ ਦਾ ਹੋਇਆ ਇਕੱਠਿਆਂ ਸਸਕਾਰ, ਨਹੀਂ ਦੇਖੇ ਜਾਂਦੇ ਸੀ ਵੈਣ (ਵੀਡੀਓ)
ਪਰਮਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਸਵੇਰੇ 9.30 ਵਜੇ ਜਦੋਂ ਉਹ ਆਪਣੀ ਦੁਕਾਨ ਖੋਲ੍ਹਣ ਲੱਗਾ ਤਾਂ ਦੁਕਾਨ ਦੇ ਸ਼ਟਰ ਨੂੰ ਤਿੰਨ ਗੋਲੀਆਂ ਆਰ-ਪਾਰ ਕਰ ਚੁੱਕੀਆਂ ਸਨ ਅਤੇ ਅੰਦਰ ਲੱਗਾ ਸਾਰਾ ਕੱਚ ਦਾ ਦਰਵਾਜ਼ਾ ਟੁੱਟ ਚੁੱਕਾ ਸੀ। ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਪੂਰਾ ਸ਼ੱਕ ਹੈ ਕਿ ਇਸ ਵਾਰਦਾਤ ਦੇ ਪਿੱਛੇ ਸਤਨਾਮ ਸੱਤਾ ਅਤੇ ਲੰਡਾ ਦਾ ਹੱਥ ਹੈ।
ਇਹ ਵੀ ਪੜ੍ਹੋ- ਗੋਲਡਨ ਗੇਟ ਤੋਂ ਪੁਲਸ ਨੇ ਰੋਕੇ ਦੋ ਨੌਜਵਾਨ, ਜਦੋਂ ਤਲਾਸ਼ੀ ਲਈ ਉੱਡੇ ਹੋਸ਼
ਇਸ ਵਾਰਦਾਤ ਸਬੰਧੀ ਸਾਰੀ ਵੀਡੀਓ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਵਿਚ 2 ਨੌਜਵਾਨ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਦੁਕਾਨ ਬਾਹਰ ਆਉਂਦੇ ਹਨ ਅਤੇ ਇਕ ਵੱਲੋਂ ਤਿੰਨ ਗੋਲੀਆਂ ਚਲਾਈਆਂ ਜਾਂਦੀਆਂ ਹਨ, ਜੋ ਬਾਅਦ ਵਿਚ ਫ਼ਰਾਰ ਹੋ ਜਾਂਦੇ ਹਨ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਡੀ. ਐੱਸ. ਪੀ. ਸਿਟੀ ਤਰਸੇਮ ਮਸੀਹ, ਥਾਣਾ ਸਿਟੀ ਮੁਖੀ ਇੰਸਪੈਕਟਰ ਸੁਨੀਲ ਕੁਮਾਰ, ਪੁਲਸ ਚੌਂਕੀ ਟਾਊਨ ਦੇ ਇੰਚਾਰਜ ਹਰਵਿੰਦਰ ਪਾਲ ਸਿੰਘ ਸਮੇਤ ਪੁਲਸ ਪਾਰਟੀ ਵੱਲੋਂ ਮੌਕੇ ’ਤੇ ਪਹੁੰਚ ਸੀ ਸੀ ਟੀ ਵੀ ਕੈਮਰੇ ਨੂੰ ਖੰਗਾਲਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਵਿਦੇਸ਼ ਪੜ੍ਹਾਈ ਕਰਨ ਲਈ ਗਏ ਨੌਜਵਾਨ ਨਾਲ ਵਾਪਰਿਆ ਭਾਣਾ, ਪਤਾ ਨਹੀਂ ਸੀ ਇੰਝ ਆਵੇਗੀ ਮੌਤ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਿਟੀ ਤਰਸੇਮ ਮਸੀਹ ਨੇ ਦੱਸਿਆ ਕਿ ਇਸ ਵਾਰਦਾਤ ਦੌਰਾਨ ਪੁਲਸ ਨੇ ਜ਼ਮੀਨ ਉੱਪਰ ਡਿੱਗੇ 2 ਖੋਲ ਅਤੇ ਸੀ. ਸੀ. ਟੀ. ਵੀ. ਫੁਟੇਜ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਪਰਮਿੰਦਰ ਸਿੰਘ ਦੇ ਬਿਆਨਾਂ ਹੇਠ ਸਤਨਾਮ ਸੱਤਾ ਵਾਸੀ ਨੌਸ਼ਹਿਰਾ ਪੰਨੂਆਂ, ਲੰਡਾ ਵਾਸੀ ਹਰੀਕੇ ਅਤੇ ਇਕ ਅਣਪਛਾਤੇ ਖ਼ਿਲਾਫ਼ ਪਰਚਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8