ਫੇਸਬੁੱਕ 'ਤੇ ਐਂਟਰਟੇਨਮੈਂਟ ਪੇਜ ਖਰੀਦਿਆ 35 ਹਜ਼ਾਰ 'ਚ, ਹੈਕਰ ਨੇ ਨਾਂ ਬਦਲ ਕੇ ਖੋਏ ਰਾਈਟਸ

02/17/2018 4:45:51 AM

ਜਲੰਧਰ, (ਮ੍ਰਿਦੁਲ ਸ਼ਰਮਾ)— ਫੇਸਬੁੱਕ 'ਤੇ ਫਾਲੋਅਰਜ਼ ਤੇ ਪਾਪੂਲੈਰਿਟੀ ਕਰਨੀ  ਸ਼ਹਿਰ ਦੇ ਦੋ ਨੌਜਵਾਨਾਂ ਨੂੰ ਮਹਿੰਗੀ ਪੈ ਗਈ ਕਿਉਂਕਿ ਦਿੱਲੀ ਦੇ ਇਕ ਹੈਕਰ ਨੇ ਉਨ੍ਹਾਂ ਦੇ ਕੁਝ ਦਿਨ ਪਹਿਲਾਂ ਫੇਸਬੁੱਕ ਪੇਜ ਨੂੰ ਹੈਕ ਕਰ ਅੱਗਿਓਂ 6 ਵਿਅਕਤੀਆਂ ਨੂੰ ਵੇਚ ਦਿੱਤਾ ਤੇ ਪੈਸੇ ਹੜੱਪ ਗਿਆ। ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਪੀੜਤ ਵੇਚਣ ਵਾਲੇ ਠੱਗ ਕੋਲ ਪਹੁੰਚ ਗਏ ਤੇ ਉਸ ਨਾਲ ਗੱਲ ਕੀਤੀ ਤਾਂ ਉਸਨੇ ਉਲਟਾ ਜਵਾਬ ਦਿੱਤਾ ਕਿ ਉਹ ਉਨ੍ਹਾਂ ਦਾ ਫੇਸਬੁੱਕ ਪੇਜ ਨਹੀਂ, ਸਗੋਂ ਹੁਣ ਇਸਦੇ ਕਈ ਮਾਲਕ ਹੋ ਚੁੱਕੇ ਹਨ। ਮਾਮਲਾ ਜਦੋਂ ਏ. ਸੀ. ਪੀ. ਇਨਵੈਸਟੀਗੇਸ਼ਨ ਗੁਰਮੇਲ ਸਿੰਘ ਕੋਲ ਪਹੁੰਚਿਆ ਤਾਂ ਉਨ੍ਹਾਂ ਕਿਹਾ ਕਿ ਕੇਸ ਦੀ ਜਾਂਚ ਉਨ੍ਹਾਂ ਦਾ ਸਟਾਫ ਕਰ ਰਿਹਾ ਹੈ। ਪੁਖਤਾ ਸਬੂਤ ਮਿਲਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 
ਨਿਊ ਆਦਰਸ਼ ਨਗਰ ਤੇ ਬਾਬਾ ਈਸ਼ਵਰ ਨਗਰ ਦੇ ਰਹਿਣ ਵਾਲੇ ਤਰਨਦੀਪ ਸਿੰਘ ਤੇ ਨਵਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਮਹੀਨਾ ਪਹਿਲਾਂ ਇਕ ਫੇਸਬੁੱਕ ਪੇਜ ਖਰੀਦਿਆ ਸੀ, ਜਿਸ ਵਿਚ ਕਰੀਬ 5 ਲੱਖ ਦੇ ਲਗਭਗ ਫਾਲੋਅਰਜ਼ ਸਨ। ਪੇਜ ਨੂੰ ਗਾਜ਼ੀਆਬਾਦ ਦੇ ਪ੍ਰਵੀਨ ਯਾਦਵ ਕੋਲੋਂ 35 ਹਜ਼ਾਰ ਵਿਚ ਖਰੀਦ ਕੇ ਅਸੀਂ ਦੋਵੇਂ ਦੋਸਤ ਇਸਦੇ ਐਡਮਿਨ ਬਣੇ ਸੀ ਪਰ ਪਿਛਲੇ ਸਾਲ ਦਸੰਬਰ ਨੂੰ ਇਸ ਪੇਜ ਨੂੰ ਹੈਕ ਕਰ ਰਾਤ ਢਾਈ ਵਜੇ ਦੇ ਕਰੀਬ ਉਸਦੇ ਮੋਬਾਇਲ 'ਤੇ ਮੈਸੇਜ ਆਇਆ ਕਿ ਉਹ ਹੁਣ ਪੇਜ ਦੇ ਐਡਮਿਨ ਨਹੀਂ ਰਹੇ। ਪੇਜ ਦਾ ਐਡਮਿਨ ਹੁਣ ਕੋਈ ਹੋਰ ਹੈ ਜੋ ਕਿ ਇਕ ਯੂਨੈਨੀਮਸ ਨਾਂ ਨਾਲ ਪੇਜ ਚਲਾ ਰਿਹਾ ਹੈ। ਜਦੋਂ ਇਸ ਦੀ ਤੈਅ ਤੱਕ ਗਏ ਤਾਂ ਪਤਾ ਲੱਗਾ ਕਿ ਸੁਰੇਸ਼ ਕੁਮਾਰ ਨਾਂ ਦੇ ਨੌਜਵਾਨ ਨੇ  ਇਸ ਪੇਜ ਨੂੰ ਕਈ ਲੋਕਾਂ ਨੂੰ ਵੇਚ ਦਿੱਤਾ, ਜਿਸ ਤੋਂ ਬਾਅਦ ਇਕ ਦੋਸਤ ਰਾਹੀਂ 26 ਦਸੰਬਰ ਨੂੰ ਦੁਬਾਰਾ ਪੇਜ ਖਰੀਦ ਐਡਮਿਨ ਬਣੇ ਪਰ ਅਜੇ ਵੀ ਉਹ ਹੀ ਸੁਰੇਸ਼ ਨਾਂ ਦਾ ਨੌਜਵਾਨ ਪੇਜ ਨੂੰ ਹੈਕ ਕਰ ਕੇ ਦੁਬਾਰਾ ਲੋਕਾਂ ਨੂੰ ਵੇਚ ਰਿਹਾ ਹੈ। ਕਈ ਲੋਕਾਂ ਨੂੰ ਆਪਣਾ ਨਾਂ ਬਦਲ ਕੇ ਫੇਸਬੁੱਕ 'ਤੇ ਹੀ ਪੇਜ ਵੇਚਣ ਦੀ ਰਕਮ ਤੈਅ ਕਰਕੇ ਬੈਂਕ ਵਿਚ ਟਰਾਂਜੈਕਸ਼ਨ ਕਰਵਾ ਰਿਹਾ ਹੈ। ਉਨ੍ਹਾਂ ਇਸ ਸਬੰਧ ਵਿਚ ਜਦੋਂ ਸੀ. ਪੀ. ਸਿਨ੍ਹਾ ਨੂੰ ਸ਼ਿਕਾਇਤ ਕੀਤੀ ਤਾਂ ਸ਼ਿਕਾਇਤ ਇਨਵੈਸਟੀਗੇਸ਼ਨ ਵਿੰਗ ਦੇ ਏ. ਸੀ. ਪੀ. ਗੁਰਮੇਲ ਸਿੰਘ ਨੂੰ ਮਾਰਕ ਹੋਈ, ਜਿਸ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਰਜਤ ਯਾਦਵ ਦੇ ਨਾਂ ਨਾਲ ਹੈ ਬੈਂਕ ਖਾਤਾ, ਜਿਥੇ ਪੇਜ ਨੂੰ ਵੇਚਣ ਦੀ ਵਸੂਲ ਰਿਹਾ ਪੇਮੈਂਟ
ਜਾਂਚ 'ਚ ਸਾਹਮਣੇ ਆਇਆ ਹੈ ਕਿ ਫੇਸਬੁੱਕ ਪੇਜ ਨੂੰ ਹੈਕ ਕਰਨ ਵਾਲੇ ਸੁਰੇਸ਼ ਕੁਮਾਰ ਨੇ ਬੈਂਕ ਵਿਚ ਰਜਤ ਯਾਦਵ ਨਾਂ ਨਾਲ ਖਾਤਾ ਬਣਾਇਆ ਹੈ। 
ਹੈਕਰ ਨੇ ਕਿਹਾ ਕਿ ਤੁਸੀਂ ਕੁੱਝ ਨਹੀਂ ਵਿਗਾੜ ਸਕਦੇ
ਤਰਨਦੀਪ ਨੇ ਜਦੋਂ ਹੈਕਰ ਨਾਲ ਫੇਸਬੁੱਕ 'ਤੇ ਚੈਟ ਕੀਤੀ ਤਾਂ ਉਸਨੇ ਕਿਹਾ ਕਿ ਉਹ ਉਸਨੂੰ ਲੱਭ ਨਹੀਂ ਸਕਦੇ ਤੇ ਨਾ ਹੀ ਉਸਦਾ ਕੋਈ ਵਿਗਾੜ ਸਕਦੇ ਹਨ ਕਿਉਂਕਿ ਪੇਜ ਦੇ ਸਾਰੇ ਅਧਿਕਾਰ ਉਸ ਕੋਲ ਹਨ। 


Related News