35 ਸਾਲ ਪਹਿਲਾਂ ਮਾਸੂਮ ਦਾ ਕਤਲ ਕਰ ਬਣਿਆ ਸਾਧੂ, ਪੁਲਸ ਨੇ ਵੀ ਓਹੀ ਰੂਪ ਧਾਰ ਕਰ 'ਤਾ ਕਮਾਲ (ਵੀਡੀਓ)

Wednesday, Apr 17, 2024 - 01:27 PM (IST)

35 ਸਾਲ ਪਹਿਲਾਂ ਮਾਸੂਮ ਦਾ ਕਤਲ ਕਰ ਬਣਿਆ ਸਾਧੂ, ਪੁਲਸ ਨੇ ਵੀ ਓਹੀ ਰੂਪ ਧਾਰ ਕਰ 'ਤਾ ਕਮਾਲ (ਵੀਡੀਓ)

ਚੰਡੀਗੜ੍ਹ (ਸੁਸ਼ੀਲ/ਨਵਿੰਦਰ) : ਕੈਂਬਵਾਲਾ ਦੇ ਜੰਗਲ 'ਚ 1989 ’ਚ ਬੱਚੇ ਨੂੰ ਅਗਵਾ ਕਰ ਕੇ ਉਸ ਦਾ ਕਤਲ ਕਰਨ ਤੋਂ ਬਾਅਦ ਫ਼ਰਾਰ ਹੋਏ ਮੁਲਜ਼ਮ ਨੂੰ ਚੰਡੀਗੜ੍ਹ ਪੁਲਸ ਦੇ ਪੀ. ਓ. ਤੇ ਸੰਮਨ ਸੈੱਲ ਦੀ ਟੀਮ ਨੇ ਉੱਤਰ ਪ੍ਰਦੇਸ਼ ਦੇ ਚਿੱਤਰਕੂਟ ਨੇੜੇ ਗੰਗਾ ਨਦੀ ਤੋਂ ਕਾਬੂ ਕੀਤਾ। 35 ਸਾਲਾਂ ਬਾਅਦ ਫੜ੍ਹੇ ਮੁਲਜ਼ਮ ਦੀ ਪਛਾਣ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਾਸੀ ਆਨੰਦ ਕੁਮਾਰ (60) ਵਜੋਂ ਹੋਈ। ਪੁਲਸ ਤੋਂ ਬਚਣ ਲਈ ਮੁਲਜ਼ਮ ਸਾਧੂ ਦੇ ਭੇਸ ’ਚ ਰਹਿ ਰਿਹਾ ਸੀ। ਉਹ ਟਿਕਾਣੇ ਬਦਲਦਾ ਰਹਿੰਦਾ ਸੀ। ਇਸ ਕਾਰਨ ਸ਼ਾਤਰ ਨੂੰ ਫੜ੍ਹਨ ਲਈ ਪੁਲਸ ਟੀਮ ਨੇ ਵੀ ਚੋਲਾ ਪਾ ਲਿਆ। ਟੀਮ ਨੇ ਆਨੰਦ ਨੂੰ ਦਾਨ ਦੇਣ ਬਹਾਨੇ ਬੁਲਾਇਆ, ਜਦੋਂ ਉਹ ਆਇਆ ਤਾਂ ਉਸ ਨੂੰ ਕਾਬੂ ਕਰ ਲਿਆ। ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਦੱਸਿਆ ਕਿ 11 ਸਾਲਾ ਬੱਚੇ ਨੂੰ ਅਗਵਾ ਕਰ ਕੇ ਕਤਲ ਕਰ ਦਿੱਤਾ ਗਿਆ ਸੀ। ਸੂਚਨਾ ਮਿਲੀ ਸੀ ਕਿ ਮੁਲਜ਼ਮ ਸਾਧੂ ਦਾ ਭੇਸ ਧਾਰ ਕੇ ਉੱਤਰ ਪ੍ਰਦੇਸ਼ ’ਚ ਘੁੰਮ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਜ਼ਿਲ੍ਹੇ ਦੇ ਲੋਕਾਂ ਲਈ ਜਾਰੀ ਹੋਈ ਐਡਵਾਈਜ਼ਰੀ, ਜ਼ਰੂਰ ਪੜ੍ਹੋ ਪੂਰੀ ਖ਼ਬਰ

ਉਸ ਨੂੰ ਫੜ੍ਹਨ ਲਈ ਇੰਸਪੈਕਟਰ ਹਰੀਓਮ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਬਣਾਈ ਸੀ ਜਿਸ ’ਚ ਏ. ਐੱਸ. ਆਈ. ਕਰਨ ਸਿੰਘ, ਕਾਂਸਟੇਬਲ ਵਕੀਲ ਤੇ ਹੋਰ ਮੁਲਾਜ਼ਮ ਸ਼ਾਮਲ ਸਨ। ਮੁਲਜ਼ਮ ਉੱਤਰ ਪ੍ਰਦੇਸ਼ ਦੇ ਚਿੱਤਰਕੂਟ ਦੇ ਪਿੰਡ ਹਰਨਪੁਰ ਕਲਾਂ ’ਚ ਸੀ। ਉੱਥੇ ਜਾ ਕੇ ਪਤਾ ਲੱਗਾ ਕਿ ਆਨੰਦ ਸਾਧੂ ਬਣ ਕੇ ਆਸ਼ਰਮ 'ਚ ਰਹਿ ਰਿਹਾ ਹੈ। ਟੀਮ ਲਗਾਤਾਰ 9 ਮਹੀਨਿਆਂ ਤੱਕ ਸਾਧੂ ਦੇ ਭੇਸ 'ਚ ਰਹੀ। ਇਸ ਦੌਰਾਨ ਟੀਮ ਆਸ਼ਰਮ ’ਚ ਵੀ ਗਈ ਪਰ ਆਨੰਦ ਉੱਥੋਂ ਚਲਾ ਗਿਆ ਸੀ। ਫਿਰ ਟੀਮ ਨੇ ਫਾਰੂਖ਼ਾਬਾਦ, ਹਾਥਰਸ ਦੇ ਜੰਗਲੀ ਖੇਤਰਾਂ 'ਚ ਉਸ ਦੀ ਭਾਲ ਕੀਤੀ। ਫਿਰੋਜ਼ਾਬਾਦ, ਅਲੀਗੜ੍ਹ, ਮੈਨਪੁਰੀ, ਕਾਸ਼ਗੰਜ ਆਦਿ ਥਾਵਾਂ ’ਤੇ ਵੀ ਛਾਪੇਮਾਰੀ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਆਨੰਦ ਕਾਸ਼ਗੰਜ ਸਥਿਤ ਆਸ਼ਰਮ ’ਚ ਲੁਕਿਆ ਹੋਇਆ ਹੈ। ਇਸ ਦੀ ਪੁਸ਼ਟੀ ਹੋਣ ਤੋਂ ਬਾਅਦ ਟੀਮ ਵੀ ਸਾਧੂ ਬਣ ਕੇ ਕਾਸ਼ਗੰਜ ਸਥਿਤ ਆਸ਼ਰਮ ਪਹੁੰਚੀ। ਟੀਮ ਨੇ ਆਸ਼ਰਮ ਇੰਚਾਰਜ ਨੂੰ ਦੱਸਿਆ ਕਿ ਉਹ ਪੂਜਾ ਕਰਵਾਉਣ ਮਗਰੋਂ ਆਨੰਦ ਨੂੰ ਦਾਨ ਦੇਣਾ ਚਾਹੁੰਦੇ ਹਨ। ਆਸ਼ਰਮ ਇੰਚਾਰਜ ਨੇ ਆਨੰਦ ਨੂੰ ਬੁਲਾਇਆ। ਜਦੋਂ ਆਨੰਦ ਸਾਧੂ ਦੇ ਕੱਪੜੇ ਪਾ ਕੇ ਪਹੁੰਚਿਆ ਤਾਂ ਟੀਮ ਨੇ ਉਸ ਨੂੰ ਫੜ੍ਹ ਲਿਆ। ਮੁਲਜ਼ਮ ਨੇ ਆਧਾਰ ਕਾਰਡ ’ਤੇ ਵੀ ਨਾਂ ਬਦਲ ਲਿਆ ਸੀ। ਉਹ ਗੰਗਾ ਕਿਨਾਰੇ ਬੈਠ ਕੇ ਪੂਜਾ-ਪਾਠ ਕਰਦਾ ਸੀ।

ਇਹ ਵੀ ਪੜ੍ਹੋ : ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਅਚਾਨਕ ਪਿਆ ਪੁਲਸ ਦਾ ਛਾਪਾ, ਮੌਕੇ 'ਤੇ ਫੜ੍ਹ ਲਈ ਕੁੜੀ
ਕਤਲ ਤੋਂ ਬਾਅਦ ਅਲੀਗੜ੍ਹ ਤੇ ਪਾਣੀਪਤ ’ਚ ਰਹਿ ਕੇ ਕੀਤੀ ਮਜ਼ਦੂਰੀ
ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਆਨੰਦ ਕੁਮਾਰ ਬੱਚੇ ਦਾ ਕਤਲ ਕਰਨ ਤੋਂ ਬਾਅਦ ਅਲੀਗੜ੍ਹ ਭੱਜ ਗਿਆ ਸੀ। ਉਹ ਕਈ ਦਿਨਾਂ ਤੱਕ ਉੱਥੇ ਰਿਹਾ ਤੇ ਫੈਕਟਰੀ ਵਿਚ ਮਜ਼ਦੂਰ ਵਜੋਂ ਕੰਮ ਕੀਤਾ, ਫਿਰ ਆਗਰਾ ਚਲਾ ਗਿਆ। ਉੱਥੇ ਵੀ ਮਜ਼ਦੂਰੀ ਕਰਦਾ ਰਿਹਾ। ਆਗਰਾ ਤੋਂ ਪਾਣੀਪਤ ਆ ਗਿਆ ਤੇ 7 ਸਾਲਾਂ ਤੱਕ ਰਹਿ ਕੇ ਕੋਈ ਨਾ ਕੋਈ ਕੰਮ ਕਰਦਾ ਰਿਹਾ। ਇਸ ਤੋਂ ਬਾਅਦ ਝਾਰਖੰਡ ਭੱਜ ਗਿਆ ਤੇ ਉੱਥੋਂ ਹੀ ਉਸ ਦੇ ਬਾਬਾ ਬਣਨ ਦੀ ਸ਼ੁਰੂਆਤ ਹੋਈ। ਉਹ ਬਾਬੇ ਦੇ ਭੇਸ 'ਚ ਜੰਗਲਾਂ ਵਿਚ ਰਿਹਾ, ਫਿਰ ਉਥੋਂ ਭੱਜ ਕੇ ਚਿੱਤਰਕੂਟ ਚਲਾ ਗਿਆ ਅਤੇ ਪਛਾਣ ਲੁਕਾਉਂਦਿਆਂ ਆਸ਼ਰਮਾਂ 'ਚ ਰਹਿਣ ਲੱਗਾ।
ਲੁੱਟ ਤੋਂ ਬਾਅਦ ਵਿੱਦਿਆਵਤੀ ਦੇ ਬੇਟੇ ਨੂੰ ਅਗਵਾ ਕਰ ਕੇ ਕੀਤਾ ਸੀ ਕਤਲ
ਕੈਂਬਵਾਲਾ ਦੀ ਵਿੱਦਿਆਵਤੀ ਨੇ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ 11 ਸਾਲਾ ਬੱਚੇ ਨਾਲ ਕੈਂਬਵਾਲਾ ਤੋਂ ਜਾ ਰਹੀ ਸੀ। ਇਸੇ ਦੌਰਾਨ ਮਨੀਮਾਜਰਾ ਦੇ ਜੰਗਲ ਨੂੰ ਜਾਂਦੇ ਰਸਤੇ ’ਚ ਆਨੰਦ ਕੁਮਾਰ ਸਮੇਤ ਤਿੰਨ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ, ਲੁੱਟ-ਖੋਹ ਕਰਦਿਆਂ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ’ਚ ਉਸ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਪਰ ਮੁਲਜ਼ਮ ਉਸ ਦੇ ਬੱਚੇ ਨੂੰ ਅਗਵਾ ਕਰ ਕੇ ਲੈ ਗਏ। ਬਾਅਦ 'ਚ ਬੱਚੇ ਦੀ ਲਾਸ਼ ਜੰਗਲ ’ਚੋਂ ਮਿਲੀ ਸੀ। ਬੱਚੇ ਦਾ ਗਲਾ ਘੁੱਟਿਆ ਗਿਆ ਸੀ। ਸੈਕਟਰ-3 ਥਾਣਾ ਪੁਲਸ ਨੇ 18 ਜਨਵਰੀ, 1989 ਨੂੰ ਪੱਪੂ, ਜਸਵੰਤ ਤੇ ਆਨੰਦ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲਸ ਨੇ ਪੱਪੂ ਅਤੇ ਜਸਵੰਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਆਨੰਦ ਨੂੰ ਜ਼ਿਲ੍ਹਾ ਅਦਾਲਤ ਨੇ 1990 ’ਚ ਭਗੌੜਾ ਕਰਾਰ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News