ਗੁਜਰਾਤ ’ਚ 35 ਮੁਸਲਿਮ ਉਮੀਦਵਾਰ, ਕਾਂਗਰਸ ਨੇ ਇਕ ਨੂੰ ਵੀ ਟਿਕਟ ਨਹੀਂ ਦਿੱਤੀ

05/06/2024 12:32:07 PM

ਨੈਸ਼ਨਲ ਡੈਸਕ- ਗੁਜਰਾਤ ’ਚ ਮੁਸਲਿਮ ਭਾਈਚਾਰੇ ਦੇ 35 ਉਮੀਦਵਾਰ ਲੋਕ ਸਭਾ ਦੀ ਚੋਣ ਲੜ ਰਹੇ ਹਨ ਪਰ ਕਾਂਗਰਸ ਨੇ ਇਸ ਵਾਰ ਆਪਣੀ ਰਵਾਇਤ ਨੂੰ ਤੋੜਦਿਆਂ ਸੂਬੇ ’ਚ ਇਸ ਭਾਈਚਾਰੇ ਦੇ ਇਕ ਵੀ ਵਿਅਕਤੀ ਨੂੰ ਟਿਕਟ ਨਹੀਂ ਦਿੱਤੀ ਹੈ।

ਕਾਂਗਰਸ ਨੇ ਦਲੀਲ ਦਿੱਤੀ ਹੈ ਕਿ ਵਿਰੋਧੀ ਧਿਰ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਗੱਠਜੋੜ ਦੇ ਭਾਈਵਾਲਾਂ ਵਿਚਾਲੇ ਸੀਟਾਂ ਦੀ ਵੰਡ ਦੇ ਸਮਝੌਤੇ ਅਨੁਸਾਰ ਭਰੂਚ ਲੋਕ ਸਭਾ ਦੀ ਸੀਟ ਇਸ ਵਾਰ ਆਮ ਆਦਮੀ ਪਾਰਟੀ (ਆਪ) ਦੇ ਹਿੱਸੇ ਗਈ ਹੈ।

ਕਾਂਗਰਸ ਰਵਾਇਤੀ ਤੌਰ ’ਤੇ ਭਰੂਚ ਤੋਂ ਹੀ ਮੁਸਲਮ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਦੀ ਰਹੀ ਹੈ। ਰਾਸ਼ਟਰੀ ਪਾਰਟੀਆਂ ’ਚੋਂ ਸਿਰਫ਼ ਬਹੁਜਨ ਸਮਾਜ ਪਾਰਟੀ ਨੇ ਗਾਂਧੀਨਗਰ ਤੋਂ ਇੱਕ ਮੁਸਲਮਾਨ ਉਮੀਦਵਾਰ ਨੂੰ ਮੈਦਾਨ ’ਚ ਉਤਾਰਿਆ ਹੈ। ਸੂਬੇ ’ਚ 7 ਮਈ ਨੂੰ ਵੋਟਾਂ ਪੈਣਗੀਆਂ।

2019 ਦੀਆਂ ਚੋਣਾਂ ’ਚ 43 ਉਮੀਦਵਾਰ ਸਨ

ਬਸਪਾ ਨੇ 2019 ਦੀਆਂ ਲੋਕ ਸਭਾ ਚੋਣਾਂ ’ਚ ਪੰਚਮਹਿਲ ਤੋਂ ਇੱਕ ਮੁਸਲਿਮ ਉਮੀਦਵਾਰ ਨੂੰ ਮੈਦਾਨ ’ਚ ਉਤਾਰਿਆ ਸੀ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਇਸ ਵਾਰ ਗੁਜਰਾਤ ਦੀਆਂ 26 ਲੋਕ ਸਭਾ ਸੀਟਾਂ ’ਚੋਂ 25 ਸੀਟਾਂ ਲਈ 35 ਮੁਸਲਿਮ ਉਮੀਦਵਾਰ ਚੋਣ ਮੈਦਾਨ ’ਚ ਹਨ, ਜਦੋਂ ਕਿ 2019 ’ਚ ਇਸ ਭਾਈਚਾਰੇ ਦੇ 43 ਉਮੀਦਵਾਰ ਮੈਦਾਨ ’ਚ ਸਨ।

ਭਾਈਚਾਰੇ ਦੇ ਵਧੇਰੇ ਉਮੀਦਵਾਰ ਜਾਂ ਤਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਜਾਂ ਫਿਰ ਛੋਟੀਆਂ ਪਾਰਟੀਆਂ ਵੱਲੋਂ ਚੋਣ ਮੈਦਾਨ ’ਚ ਉਤਾਰੇ ਗਏ ਹਨ। ਕਾਂਗਰਸ ਦੀ ਗੁਜਰਾਤ ਇਕਾਈ ਦੇ ਘੱਟ ਗਿਣਤੀ ਵਿਭਾਗ ਦੇ ਮੁਖੀ ਵਜ਼ੀਰ ਖਾਨ ਪਠਾਨ ਨੇ ਮੀਡੀਆ ਨੂੰ ਦਿੱਤੇ ਇਕ ਬਿਆਨ ਵਿਚ ਕਿਹਾ ਕਿ ਪਾਰਟੀ ਨੇ ਰਵਾਇਤੀ ਤੌਰ ’ਤੇ ਸੂਬੇ ਵਿਚ ਲੋਕ ਸਭਾ ਚੋਣਾਂ ਦੌਰਾਨ ਮੁਸਲਿਮ ਭਾਈਚਾਰੇ ਦੇ ਘੱਟੋ-ਘੱਟ ਇਕ ਉਮੀਦਵਾਰ ਨੂੰ ਮੈਦਾਨ ਵਿਚ ਜ਼ਰੂਰ ਉਤਾਰਿਆ ਹੈ, ਖਾਸ ਕਰ ਕੇ ਭਰੂਚ ਤੋਂ ਪਰ ਇਸ ਵਾਰ ਇਹ ਸੰਭਵ ਨਹੀਂ ਸੀ ਕਿਉਂਕਿ ਇਹ ਸੀਟ ‘ਆਪ’ ਕੋਲ ਗਈ ਹੈ। ਪਠਾਨ ਨੇ ਕਿਹਾ ਕਿ ਕਿਸੇ ਹੋਰ ਸੀਟ ਤੋਂ ਮੁਸਲਿਮ ਉਮੀਦਵਾਰ ਦੇ ਚੋਣ ਲੜਨ ਦੀ ਕੋਈ ਗੁੰਜਾਇਸ਼ ਨਹੀਂ ਹੈ। ਵੱਡੀ ਮੁਸਲਿਮ ਆਬਾਦੀ ਵਾਲੀਆਂ 2 ਸੀਟਾਂ ਅਹਿਮਦਾਬਾਦ ਪੱਛਮੀ ਤੇ ਕੱਛ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਰਾਖਵੀਆਂ ਹਨ।

ਗਾਂਧੀਨਗਰ ’ਚ ਵੱਧ ਤੋਂ ਵੱਧ 8 ਉਮੀਦਵਾਰ

ਭਰੂਚ ਤੋਂ ਇਲਾਵਾ ਕਾਂਗਰਸ ਨੇ ਬੀਤੇ ਸਮੇ ’ਚ ਨਵਸਾਰੀ ਤੇ ਅਹਿਮਦਾਬਾਦ ਤੋਂ ਮੁਸਲਿਮ ਉਮੀਦਵਾਰ ਖੜ੍ਹੇ ਕੀਤੇ ਸਨ। ਉਦੋਂ ਇਹ ਅਹਿਮਦਾਬਾਦ ਪੂਰਬੀ ਤੇ ਪੱਛਮੀ ਸੀਟਾਂ ’ਚ ਵੰਡਿਆ ਨਹੀਂ ਗਿਆ ਸੀ।

ਮਾਇਆਵਤੀ ਦੀ ਅਗਵਾਈ ਵਾਲੀ ਬਸਪਾ ਨੇ ਇਸ ਵਾਰ ਗਾਂਧੀਨਗਰ ਤੋਂ ਮੁਹੰਮਦ ਅਨੀਸ ਦੇਸਾਈ ਨੂੰ ਟਿਕਟ ਦਿੱਤੀ ਹੈ। ਉਹ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਚੋਣ ਲੜ ਰਹੇ ਹਨ। ਗੁਜਰਾਤ ’ਚ ਜਿਨ੍ਹਾਂ 25 ਲੋਕ ਸਭਾ ਸੀਟਾਂ ਲਈ ਚੋਣਾਂ ਹੋਣੀਆਂ ਹਨ, ਉਨ੍ਹਾਂ ’ਚੋਂ ਗਾਂਧੀਨਗਰ ’ਚ ਸਭ ਤੋਂ ਵੱਧ 8 ਮੁਸਲਿਮ ਉਮੀਦਵਾਰ ਹਨ।


Rakesh

Content Editor

Related News