ਜੰਮੂ-ਕਸ਼ਮੀਰ ''ਚ BRO ਦੀ ਟੀਮ ਨੇ ਬਰਫ਼ ''ਚ ਫਸੇ 35 ਵਾਹਨਾਂ ਨੂੰ ਬਚਾਇਆ
Sunday, Apr 28, 2024 - 03:46 PM (IST)
ਬਾਂਦੀਪੋਰਾ- ਜੰਮੂ-ਕਸ਼ਮੀਰ ਦੇ ਬਾਂਦੀਪੋਰਾ-ਗੁਰੇਜ਼ ਰੋਡ 'ਤੇ ਰਾਜ਼ਦਾਨ ਟਾਪ 'ਤੇ ਬਰਫ 'ਚ ਫਸੇ ਕੁੱਲ 35 ਵਾਹਨਾਂ ਨੂੰ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO) ਦੀ ਟੀਮ ਨੇ ਬਚਾਇਆ। BRO ਅਧਿਕਾਰੀਆਂ ਨੇ ਦੱਸਿਆ ਕਿ ਬਰਫਬਾਰੀ ਅਤੇ ਬਰਫੀਲੇ ਤੂਫਾਨ ਸਮੇਤ ਖਰਾਬ ਮੌਸਮ ਕਾਰਨ ਵਾਹਨ ਫਸ ਗਏ ਸਨ। ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਸੂਚਨਾ ਮਿਲਣ 'ਤੇ BRO ਦੀ ਟੀਮ ਜ਼ਰੂਰੀ ਉਪਕਰਣਾਂ ਦੇ ਨਾਲ ਬਚਾਅ ਕਾਰਜ ਲਈ ਮੌਕੇ 'ਤੇ ਪਹੁੰਚ ਗਈ। ਟੀਮ ਨੇ ਫਸੇ ਲੋਕਾਂ ਅਤੇ ਉਨ੍ਹਾਂ ਦੇ ਵਾਹਨਾਂ ਨੂੰ ਬਚਾਉਣ ਲਈ ਤੁਰੰਤ ਕਾਰਵਾਈ ਕੀਤੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ।
ਇਸ ਤੋਂ ਇਲਾਵਾ ਰਾਜ਼ਦਾਨ ਟਾਪ 'ਤੇ ਤਾਜ਼ਾ ਬਰਫਬਾਰੀ ਅਤੇ ਸੜਕਾਂ 'ਤੇ ਫਿਸਲਣ ਹੋਣ ਕਾਰਨ ਅਧਿਕਾਰੀਆਂ ਨੇ ਮੌਸਮ ਦੀ ਸਥਿਤੀ ਵਿਚ ਸੁਧਾਰ ਹੋਣ ਤੱਕ 86 ਕਿਲੋਮੀਟਰ ਲੰਬੀ ਗੁਰੇਜ਼-ਬਾਂਦੀਪੋਰਾ ਸੜਕ ਨੂੰ ਬੰਦ ਕਰ ਦਿੱਤਾ ਹੈ। 27 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਰਾਮਬਨ ਸ਼ਹਿਰ ਤੋਂ ਲਗਭਗ 6 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪੇਰਨੋਟ ਪਿੰਡ 'ਚ ਲਗਾਤਾਰ ਜ਼ਮੀਨ ਖਿਸਕਣ ਕਾਰਨ ਸੜਕਾਂ, ਮਕਾਨਾਂ ਅਤੇ ਬਿਜਲੀ ਦੇ ਟਾਵਰਾਂ ਨੂੰ ਭਾਰੀ ਨੁਕਸਾਨ ਹੋਇਆ। ਪ੍ਰਭਾਵਿਤ ਪਿੰਡ ਵਾਸੀਆਂ ਨੂੰ ਪੰਚਾਇਤ ਘਰ ਅਤੇ ਹੋਰ ਥਾਵਾਂ ’ਤੇ ਭੇਜ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਪਿੰਡ ਵਾਸੀਆਂ ਨੂੰ ਮੈਡੀਕਲ ਸਹੂਲਤਾਂ ਅਤੇ ਭੋਜਨ ਵੀ ਮੁਹੱਈਆ ਕਰਵਾਇਆ ਗਿਆ ਹੈ। ਪ੍ਰਸ਼ਾਸਨ ਹਾਈ ਅਲਰਟ 'ਤੇ ਹੈ ਅਤੇ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ।