ਵਿਦੇਸ਼ਾਂ ''ਚ ਫਸੇ 3000 ਪੰਜਾਬੀਆਂ ਨੇ ਜਤਾਈ ਘਰ ਵਾਪਸੀ ਦੀ ਇੱਛਾ

Thursday, May 07, 2020 - 11:07 PM (IST)

ਵਿਦੇਸ਼ਾਂ ''ਚ ਫਸੇ 3000 ਪੰਜਾਬੀਆਂ ਨੇ ਜਤਾਈ ਘਰ ਵਾਪਸੀ ਦੀ ਇੱਛਾ

ਜਲੰਧਰ, (ਵਿਸ਼ੇਸ਼)— ਵਿਨਾਸ਼ਕਾਰੀ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਦੁਨੀਆ ਭਰ ਦੇ ਦੇਸ਼ਾਂ 'ਚ ਲਾਗੂ ਹੋਏ ਲਾਕਡਾਊਨ ਕਾਰਨ ਸਾਰੇ ਦੇਸ਼ਾਂ ਦੀ ਅਰਥ ਵਿਵਸਥਾ ਤਹਿਸ-ਨਹਿਸ ਹੋ ਕੇ ਰਹਿ ਗਈ ਹੈ। ਕੋਈ ਵੀ ਦੇਸ਼ ਇਸ ਦੀ ਮਾਰ ਤੋਂ ਨਹੀਂ ਬਚ ਸਕਿਆ। 40 ਦਿਨਾਂ ਨਾਲੋਂ ਵੱਧ ਸਮੇਂ ਤੋਂ ਕਾਰੋਬਾਰ ਠੱਪ ਰਹਿਣ ਕਾਰਨ ਵਿਦੇਸ਼ਾਂ 'ਚ ਵਸੇ ਕਈ ਭਾਰਤੀਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਇਸੇ ਤਰਾਂ ਹੀ ਦੇਸ਼ ਦੇ ਦੂਜੇ ਸੂਬਿਆਂ 'ਚ ਵਸੇ ਪੰਜਾਬੀਆਂ ਨੂੰ ਵੀ ਰੋਟੀ ਦੇ ਲਾਲੇ ਪਏ ਹੋਏ ਹਨ।
ਪੰਜਾਬ ਸਰਕਾਰ ਵਲੋਂ ਦੇਸ਼ ਦੇ ਹੋਰ ਸੂਬਿਆਂ ਅਤੇ ਵਿਦੇਸ਼ਾਂ 'ਚ ਫਸੇ ਪੰਜਾਬੀਆਂ ਦੀ ਵਾਪਸੀ ਦੇ ਇੰੰਤਜ਼ਾਮ ਕੀਤੇ ਜਾ ਰਹੇ ਹਨ। ਪੰਜਾਬ ਵਾਪਸੀ ਲਈ ਜਾਰੀ ਰਜਿਸਟ੍ਰੇਸ਼ਨ ਦੇ ਤਹਿਤ ਹੁਣ ਤਕ ਦੇਸ਼-ਵਿਦੇਸ਼ਾਂ 'ਚ ਫਸੇ ਤਕਰੀਬਨ 20,000 ਪੰਜਾਬੀਆਂ ਨੇ ਘਰ ਵਾਪਸੀ ਦੀ ਇੱਛਾ ਜ਼ਾਹਰ ਕੀਤੀ ਹੈ। ਇਨ੍ਹਾਂ 'ਚ ਦੇਸ਼ ਦੇ ਦੂਸਰੇ ਸੂਬਿਆਂ 'ਚ ਫਸੇ 17,000 ਅਤੇ 88 ਦੇਸ਼ਾਂ 'ਚ ਫਸੇ ਤਕਰੀਬਨ 3000 ਪੰਜਾਬੀ ਸ਼ਾਮਲ ਹਨ। ਦੂਜੇ ਪਾਸੇ ਕੋਰੋਨਾ ਇਨਫੈਕਸ਼ਨ ਦੇ ਟੈਸਟਾਂ ਨੂੰ ਲੈ ਕੇ ਪੰਜਾਬ ਪਹਿਲਾਂ ਹੀ ਸੀਮਤ ਟੈਸਟ ਸਮਰੱਥਾ ਨਾਲ ਜੂਝ ਰਿਹਾ ਹੈ। ਘੱਟ ਟੈਸਟਿੰਗ ਸਮਰੱਥਾ ਕਾਰਨ ਪੰਜਾਬ 'ਤੇ ਹੁਣ ਹੋਰ ਖਤਰਾ ਮੰਡਰਾਉਣ ਲੱਗਾ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਪਰਤੇ 2635 ਸ਼ਰਧਾਲੂ ਤੇ ਰਾਜਸਥਾਨ ਤੋਂ ਆਉਣ ਵਾਲੇ 2665 ਪ੍ਰਵਾਸੀ ਮਜ਼ਦੂਰਾਂ 'ਚੋਂ ਸੈਂਕੜੇ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪੰਜਾਬ ਸਰਕਾਰ ਟੈਸਟਿੰਗ ਪ੍ਰਕਿਰਿਆ ਨਾਲ ਜੂਝ ਰਹੀ ਹੈ। ਅਜੇ ਵੀ ਪੰਜਾਬ 'ਚ 4000 ਨਾਲੋਂ ਜ਼ਿਆਦਾ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਇਹ ਗਿਣਤੀ ਦੂਜੇ ਸੂਬਿਆਂ ਅਤੇ ਵਿਦੇਸ਼ਾਂ 'ਚੋਂ ਆਉਣ ਵਾਲੇ ਲੋਕਾਂ ਨਾਲੋਂ ਕਾਫੀ ਘੱਟ ਹੈ।

ਪਹਿਲੀ ਫਲਾਈਟ 'ਚ ਦੁਬਈ ਤੋਂ 200 ਪੰਜਾਬੀ ਆਉਣਗੇ
ਵਿਦੇਸ਼ ਮੰਤਰਾਲਾ ਨੇ ਵਿਦੇਸ਼ਾਂ 'ਚ ਫਸੇ ਭਾਰਤੀਆਂ ਦੀ ਘਰ ਵਾਪਸੀ ਦੇ ਪ੍ਰਬੰਧਾਂ ਦੇ ਤਹਿਤ 64 ਫਲਾਈਟਾਂ ਦਾ ਸ਼ਡਿਊਲ ਜਾਰੀ ਕੀਤਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਦੁਬਈ ਤੋਂ ਜਲਦੀ ਹੀ 200 ਲੋਕਾਂ ਨੂੰ ਲੈ ਕੇ ਪਹਿਲੀ ਫਲਾਈਟ ਅੰਮ੍ਰਿਤਸਰ ਪੁੱਜੇਗੀ। ਵਿਦੇਸ਼ ਮੰਤਰਾਲਾ ਵਲੋਂ ਵਿਦੇਸ਼ਾਂ 'ਚੋਂ ਆਉਣ ਵਾਲੇ ਭਾਰਤੀਆਂ ਦੀ ਜਾਂਚ ਲਈ ਸਾਰੇ ਏਅਰੋਪਰਟਸ 'ਤੇ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ, ਜੋ ਸੂਬਾ ਸਰਕਾਰਾਂ ਵਲੋਂ ਨਿਯੁਕਤ ਨੋਡਲ ਅਧਿਕਾਰੀਆਂ ਦੇ ਨਾਲ ਕੋਆਰਡੀਨੇਟ ਕਰਕੇ ਵਿਦੇਸ਼ਾਂ 'ਚੋਂ ਆਉਣ ਵਾਲੇ ਲੋਕਾਂ ਦੀ ਸਕ੍ਰੀਨਿੰਗ ਯਕੀਨੀ ਬਣਾਉਣਗੇ।

ਮਾਝਾ ਜ਼ੋਨ ਦੇ ਲੋਕ ਅੰਮ੍ਰਿਤਸਰ 'ਚ ਕੁਆਰੰਟਾਈਨ ਹੋਣਗੇ, ਜਲੰਧਰ 'ਚ ਕਿਸੇ ਨੂੰ ਜਾਣਕਾਰੀ ਨਹੀਂ
ਦੁਬਈ ਤੋਂ 200 ਪੰਜਾਬੀਆਂ ਦੀ ਜੋ ਪਹਿਲੀ ਫਲਾਈਟ ਆ ਰਹੀ ਹੈ, ਉਨ੍ਹਾਂ ਨੂੰ ਸਕ੍ਰੀਨਿੰਗ ਤੋਂ ਬਾਅਦ ਕੁਆਰੰਟਾਈਨ 'ਚ ਭੇਜ ਦਿੱਤਾ ਜਾਵੇਗਾ। ਅੰਮ੍ਰਿਤਸਰ 'ਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲ ਗਈ ਹੈ ਤੇ ਮਾਝਾ ਜ਼ੋਨ 'ਚ ਪੈਂਦੇ ਜ਼ਿਲਿਆਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ 'ਚ ਰਹਿਣ ਵਾਲੇ ਯਾਤਰੀਆਂ ਨੂੰ ਕੁਆਰੰਟਾਈਨ ਕਰਨ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਕੁਝ ਲੋਕਾਂ ਨੂੰ ਕੁਆਰੰਟਾਈਨ ਕੇਂਦਰਾਂ 'ਚ ਠਹਿਰਾਇਆ ਜਾਵੇਗਾ ਜਦਕਿ ਕੁਝ ਨੂੰ ਹੋਟਲਾਂ 'ਚ। ਉੱਥੇ ਹੀ ਜਦੋਂ ਇਸ ਸਬੰਧੀ ਜਲੰਧਰ ਦੇ ਸਿਹਤ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਹਫਤਾ ਭਰ ਕਰਨਾ ਪੈਂਦਾ ਹੈ ਰਿਪੋਰਟ ਦਾ ਇੰਤਜ਼ਾਰ
ਪੰਜਾਬ ਦੀਆਂ ਵੱਖ-ਵੱਖ ਲੈਬਾਰਟਰੀਆਂ 'ਚ ਰੋਜ਼ਾਨਾ 2350 ਸੈਂਪਲ ਟੈਸਟ ਕੀਤੇ ਜਾਂਦੇ ਹਨ। ਇਨ੍ਹਾਂ 'ਚੋਂ ਮੈਡੀਕਲ ਕਾਲਜ ਪਟਿਆਲਾ 'ਚ 400, ਗੌਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ 'ਚ 400, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ 'ਚ 250, ਪੀ. ਜੀ. ਆਈ.ਚੰਡੀਗੜ੍ਹ 'ਚ 60, ਆਈ. ਐੱਮ. ਟੈੱਕ ਮੋਹਾਲੀ 'ਚ 10, ਡੀ. ਐੱਮ. ਸੀ. ਲੁਧਿਆਣਾ 'ਚ 40 ਅਤੇ 2 ਪ੍ਰਾਈਵੇਟ ਲੈਬਾਰਟਰੀਆਂ ਤੁਲੀ ਲੈਬ ਅੰਮ੍ਰਿਤਸਰ 'ਚ 100 ਅਤੇ ਡਾ. ਲਾਲ ਪੈਥ ਲੈਬ 'ਚ ਰੋਜ਼ਾਨਾ 1000 ਟੈਸਟ ਹੋ ਰਹੇ ਹਨ। ਜਾਣਕਾਰੀ ਅਨੁਸਾਰ 26 ਅਪ੍ਰੈਲ ਤੋਂ 5 ਮਈ ਤਕ ਇਨ੍ਹਾਂ ਲੈਬਾਰਟਰੀਆਂ 'ਚ ਤਿੰਨ-ਤਿੰਨ ਸ਼ਿਫਟਾਂ 'ਚ ਤਕਰੀਬਨ 15,000 ਟੈਸਟ ਕੀਤੇ ਗਏ, ਜਿਨ੍ਹਾਂ 'ਚੋਂ 4000 ਦੀ ਰਿਪੋਰਟ ਆਉਣੀ ਬਾਕੀ ਹੈ। ਪਿਛਲੇ ਇਕ ਹਫਤੇ 'ਚ ਅਚਾਨਕ ਸ਼ੱਕੀ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਸਮੱਸਿਆ ਪੈਦਾ ਹੋ ਗਈ ਹੈ ਅਤੇ ਮਰੀਜ਼ਾਂ ਨੂੰ ਤਕਰੀਬਨ ਇਕ ਹਫਤੇ ਤਕ ਰਿਪੋਰਟ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਨਾਮ ਨਾ ਛਾਪਣ ਦੀ ਸ਼ਰਤ 'ਤੇ ਇਕ ਸਿਹਤ ਅਧਿਕਾਰੀ ਨੇ ਕਿਹਾ ਕਿ ਸੈਂਪਲਾਂ ਦੀ ਜਾਂਚ ਰਿਪੋਰਟ ਆਉਣ 'ਚ 24 ਤੋਂ 36 ਘੰਟਿਆਂ ਦਾ ਸਮਾਂ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਟੈਸਟਿੰਗ ਸਮਰੱਥਾ ਵਧਾਉਣ ਦੇ ਤੁਰੰਤ ਉਪਾਅ ਕਰਨੇ ਚਾਹੀਦੇ ਹਨ।

ਟੈਸਟਿੰਗ ਸਮਰੱਥਾ ਵਧਾਉਣ ਲਈ 15 ਕਰੋੜ ਰੁਪਏ ਮਨਜ਼ੂਰ
ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਮੰਤਰੀ ਓਮ ਪ੍ਰਕਾਸ਼ ਸੋਨੀ ਨਾਲ ਜਦੋਂ ਪੰਜਾਬ 'ਚ ਟੈਸਟਿੰਗ ਸਮਰੱਥਾ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਮਰੀਜ਼ਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਹਰ ਤਰ੍ਹਾਂ ਦੇ ਪ੍ਰਬੰਧ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਟੈਸਟਿੰਗ ਸਮਰੱਥਾ ਵਧਾਉਣ ਲਈ ਕੈਪਟਨ ਸਰਕਾਰ ਨੇ 15 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਨ੍ਹਾਂ ਪੈਸਿਆਂ ਨਾਲ ਜ਼ਰੂਰੀ ਮਸ਼ੀਨਾਂ ਤੇ ਹੋਰ ਜ਼ਰੂਰੀ ਸਾਮਾਨ ਲਈ ਆਰਡਰ ਦਿੱਤੇ ਗਏ ਹਨ ਤਾਂ ਕਿ ਸ਼ੱਕੀ ਮਰੀਜ਼ਾਂ ਦੀ ਜਾਂਚ 'ਚ ਕੋਈ ਕਮੀ ਨਾ ਰਹੇ।


author

KamalJeet Singh

Content Editor

Related News