ਪੰਜਾਬ 'ਚ ਅਸਲਾ ਲਾਇਸੈਂਸ ਧਾਰਕਾਂ ਲਈ ਵੱਡੀ ਖ਼ਬਰ, ਹਥਿਆਰਾਂ ਦੇ ਸ਼ੌਕੀਨ ਪੰਜਾਬੀਆਂ ਲਈ ਹੁਣ...

Friday, Nov 14, 2025 - 11:48 AM (IST)

ਪੰਜਾਬ 'ਚ ਅਸਲਾ ਲਾਇਸੈਂਸ ਧਾਰਕਾਂ ਲਈ ਵੱਡੀ ਖ਼ਬਰ, ਹਥਿਆਰਾਂ ਦੇ ਸ਼ੌਕੀਨ ਪੰਜਾਬੀਆਂ ਲਈ ਹੁਣ...

ਤਲਵੰਡੀ ਭਾਈ (ਪਾਲ) : ਸ਼ਰੇਆਮ ਚੋਰਾਂ, ਗੈਂਗਸਟਰਾਂ ਤੇ ਲੁਟੇਰਿਆਂ ਵੱਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਤੋਂ ਖ਼ੁਦ ਦੀ ਹਿਫਾਜ਼ਤ ਲਈ ਅਸਲਾ ਰੱਖਣ ਦੇ ਸ਼ੌਕੀਨ ਪੰਜਾਬੀਆਂ ਵੱਲੋਂ ਅਸਲਾ ਰੱਖਣ ਲਈ ਬਣਾਏ ਗਏ ਲਾਇਸੈਂਸ ਹੁਣ ਮੁਸੀਬਤ ਬਣਦੇ ਜਾ ਰਹੇ ਹਨ। ਇਸ ਦਾ ਕਾਰਨ ਹੈ ਕਿ ਕੁੱਝ ਸਮਾਂ ਪਹਿਲਾਂ ਸਰਕਾਰ ਨੇ ਇਨ੍ਹਾਂ ਅਸਲਾ ਲਾਇਸੈਂਸਾਂ ਨੂੰ ਰਿਨਿਊ ਕਰਵਾਉਣ ਲਈ ਡੋਪ ਟੈਸਟ ਕਰਵਾਉਣ ਤੋਂ ਇਲਾਵਾ ਸਰਕਾਰੀ ਫ਼ੀਸਾਂ 'ਚ ਵੀ ਹਜ਼ਾਰਾਂ ਰੁਪਏ ਦਾ ਵਾਧਾ ਕਰ ਦਿੱਤਾ ਹੈ। ਇਸ ਕਾਰਨ ਇਹ ਸਾਰੀ ਕਾਰਵਾਈ ਕਾਫੀ ਮਹਿੰਗੀ ਪੈਣੀ ਸ਼ੁਰੂ ਹੋ ਚੁੱਕੀ ਹੈ।  ਇਸ ਹਾਲਤ 'ਚ ਅਸਲਾ ਰੱਖਣਾ ਹੁਣ ਆਮ ਲੋਕਾਂ ਲਈ ਵੱਡੀ ਸਿਰਦਰਦੀ ਅਤੇ ਖ਼ਤਰੇ ਦਾ ਕਾਰਨ ਬਣਦਾ ਜਾ ਰਿਹਾ ਹੈ, ਜਿਸ ਕਰ ਕੇ ਬਹੁਤੇ ਅਸਲਾ ਧਾਰਕਾਂ ਦਾ ਸ਼ੌਂਕ ਹੁਣ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ ਅਤੇ ਲੋਕ ਆਪਣਾ ਲਾਇਸੈਂਸੀ ਅਸਲਾ ਅੱਧੇ ਤੋਂ ਵੀ ਘੱਟ ਕੀਮਤ ਤੇ ਵੇਚਣ ਲਈ ਮਜ਼ਬੂਰ ਹੁੰਦੇ ਨਜ਼ਰੀਂ ਆ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਪਿੰਡਾਂ ਲਈ ਕੀਤਾ ਵੱਡਾ ਐਲਾਨ, ਦਸੰਬਰ ਦੇ ਅਖ਼ੀਰ ਤੱਕ ਜਾਰੀ ਹੋ ਜਾਵੇਗੀ...
ਜ਼ਿਕਰਯੋਗ ਹੈ ਕਿ ਕੁੱਝ ਵਰ੍ਹੇ ਪਹਿਲਾਂ ਅਸਲਾ ਲਾਇਸੈਂਸ ਨੂੰ ਰਿਨਿਊ ਕਰਵਾਉਣ ਦੀ ਸਰਕਾਰੀ ਫ਼ੀਸ 150 ਤੋਂ 200 ਰੁਪਏ ਦੇ ਕਰੀਬ ਹੁੰਦੀ ਸੀ ਅਤੇ ਬਿਨਾਂ ਕਿਸੇ ਸਰਕਾਰੀ ਟੈਸਟ ਦੀ ਖੱਜਲ-ਖੁਆਰੀ ਤੋਂ ਇਕੋ ਹੀ ਦਫ਼ਤਰ 'ਚ ਫਾਈਲ ਭਰ ਕੇ ਕੁੱਝ ਦਿਨਾਂ 'ਚ ਹੀ ਇਹ ਸਾਰੀ ਕਾਰਵਾਈ ਮੁਕੰਮਲ ਹੋ ਕੇ ਰਿਨਿਊ ਹੋਇਆ ਲਾਇਸੈਂਸ ਅਸਲਾ ਧਾਰਕ ਨੂੰ ਮਿਲ ਜਾਇਆ ਕਰਦਾ ਸੀ। ਹੁਣ ਦਿਨੋਂ-ਦਿਨ ਪਿਸਤੌਲਾਂ, ਬੰਦੂਕਾ ਨਾਲ ਸ਼ਰੇਆਮ ਹੋ ਰਹੀਆਂ ਕਤਲੋ-ਗਾਰਦ ਦੀਆਂ ਘਟਨਾਵਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਵੱਲੋਂ ਇਸ ਗੰਨ ਕਲਚਰ ਨੂੰ ਨੱਥ ਪਾਉਣ ਲਈ ਚੁੱਕੇ ਜਾ ਰਹੇ ਸਖ਼ਤ ਕਦਮਾਂ ਕਾਰਨ ਪਹਿਲਾਂ ਤੋਂ ਹਜ਼ਾਰਾ ਰੁਪਏ ਖ਼ਰਚ ਕਰ ਕੇ ਅਤੇ ਸਰਕਾਰੀ ਹਸਪਤਾਲਾਂ ’ਚ ਧੱਕੇ ਖਾ ਕੇ ਡੋਪ ਟੈਸਟ ਕਰਵਾਉਣ ਤੋਂ ਉਪਰੰਤ ਬੜੀ ਮੁਸ਼ਕਲ ਨਾਲ ਹਾਸਲ ਕੀਤੇ ਅਸਲਾ ਲਾਇਸੈਂਸ ਫਿਰ ਤੋਂ ਸਰਕਾਰੀ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕਰ ਕੇ ਅਸਲਾ ਰੱਖਣ ਦਾ ਠੋਸ ਕਾਰਨ ਵੀ ਦੱਸਣਾ ਹੋਵੇਗਾ ਨਹੀਂ ਤਾਂ ਐਵੇਂ ਲੋਕ ਦਿਖਾਵੇ ਲਈ ਨੁਮਾਇਸ਼ ਕਰਨ ਵਾਲੇ ਫੁਕਰਾਪੰਥੀਆਂ ਦੇ ਅਸਲੇ ਦੇ ਲਾਇਸੈਂਸ ਰੱਦ ਵੀ ਕਰ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਜ ਸ਼ਰਾਬ ਦੇ ਠੇਕੇ ਰਹਿਣਗੇ ਬੰਦ! ਪੜ੍ਹੋ ਕਿਉਂ ਜਾਰੀ ਕੀਤੇ ਗਏ ਹੁਕਮ

ਦੱਸਣਯੋਗ ਹੈ ਕਿ ਬੇਸ਼ੱਕ ਪੰਜਾਬੀਆਂ 'ਚ ਹਥਿਆਰ ਰੱਖਣ ਦਾ ਸ਼ੌਂਕ ਸ਼ੁਰੂ ਤੋਂ ਹੀ ਕਾਫੀ ਸਿਖ਼ਰਾਂ 'ਤੇ ਰਿਹਾ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਇਹ ਲਾਇਸੈਂਸੀ ਅਸਲਾ ਕੁੱਝ ਫੁਕਰੇ ਤੇ ਬੇ-ਸਮਝ ਨੌਜਵਾਨਾਂ ਦੇ ਹੱਥਾਂ 'ਚ ਆਉਣ ਕਾਰਨ ਵਿਆਹ-ਸ਼ਾਦੀਆਂ ਜਾਂ ਹੋਰ ਖੁਸ਼ੀ ਦੇ ਸਮਾਮਗਾਂ 'ਚ ਨਸ਼ਿਆਂ ’ਚ ਝੂਮਦੇ ਅਸਲਾ ਧਾਰਕ ਸਿਰਫ ਦਿਖਾਵੇਬਾਜ਼ੀ ਦੀ ਖ਼ਾਤਰ ਹਵਾਈ ਫਾਇਰ ਕਰਦੇ ਹੋਏ ਬਿਨਾਂ ਸੋਚੇ-ਸਮਝੇ ਗੋਲੀਆਂ ਚਲਾ ਕੇ ਅਨੇਕਾਂ ਬੇਕਸੂਰਾਂ ਮਾਸੂਮ ਲੋਕਾਂ ਨੂੰ ਮੌਤ ਦੀ ਨੀਂਦ ਸੁਆ ਚੁੱਕੇ ਹਨ। ਇਸ ਤੋਂ ਇਲਾਵਾ ਨਾਜਾਇਜ਼ ਅਸਲੇ ਰੱਖਣ ਵਾਲੇ ਚੋਰਾਂ-ਲੁਟੇਰਿਆਂ ਵੱਲੋਂ ਵੀ ਸ਼ਰੇਆਮ ਦਿਨ-ਦਿਹਾੜੇ ਲੁੱਟਾਂ-ਖੋਹਾਂ ਤੇ ਫਿਰੌਤੀਆਂ ਵਸੂਲਣ ਲਈ ਕੀਤੀ ਜਾਂਦੀ ਫਾਈਰਿੰਗ ਦੌਰਾਨ ਵੀ ਅਨੇਕਾਂ ਬੇਕਸੂਰ ਲੋਕ ਅਣਆਈ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ।

ਇਨ੍ਹਾਂ ਮੰਦਭਾਗੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਨੇ ਸਖ਼ਤੀ ਕਰਦਿਆਂ ਹੁਣ ਇਸ ਗੰਨ ਕਲਚਰ ਨੂੰ ਰੋਕਣ ਲਈ ਕੁੱਝ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਜਿਸ ਬਾਰੇ ਇਲਾਕੇ ਦੇ ਅਸਲਾਂ ਧਾਰਕਾ ਨੇ ਕਿਹਾ ਕਿ ਸਰਕਾਰੀ ਫ਼ੀਸਾਂ ’ਚ ਹੋਏ ਬੇਤਹਾਸ਼ੇ ਵਾਧੇ ਤੋਂ ਇਲਾਵਾ ਪੰਜਾਬ 'ਚ ਹੋਣ ਵਾਲੀਆਂ ਵਾਰ-ਵਾਰ ਚੋਣਾਂ ਤੋਂ ਪਹਿਲਾਂ ਹੀ ਸਾਰੇ ਅਸਲੇ ਪੁਲਸ ਥਾਣਿਆਂ ਜਾਂ ਅਸਲੇ ਦੀਆਂ ਦੁਕਾਨਾਂ ਤੇ ਜਾ ਕੇ ਪੱਲਿਓ ਪੈਸੇ ਦੇ ਕੇ ਜਮ੍ਹਾਂ ਕਰਵਾਉਣੇ ਪੈਂਦੇ ਹਨ ਅਤੇ ਜਿਸ ਕਾਰਨ ਬਹੁਤਾ ਸਮਾਂ ਅਸਲਾ ਤੇ ਲਾਇਸੈਂਸ ਸਰਕਾਰੀ ਅਦਾਰਿਆਂ ਦੀ ਕਾਰਵਾਈ ਵਿਚ ਹੀ ਜਮ੍ਹਾਂ ਰਹਿੰਦੇ ਹਨ, ਜਦੋਂਕਿ ਪੰਜਾਬ ਵਿਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਹੋਣੀਆਂ ਹੁਣ ਆਮ ਗੱਲ ਹੋ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News