ਦਿੱਲੀ ਕ੍ਰਾਈਮ ਬ੍ਰਾਂਚ ਨੇ ਫੜ ਲਏ ਪੰਜਾਬ ਦੇ ਬੰਦੇ! ਵਿਦੇਸ਼ਾਂ ਦੀ ਪੁਲਸ ਜਿੰਨੇ ਐਡਵਾਂਸਡ ਹਥਿਆਰ ਬਰਾਮਦ, ਹੋਏ ਵੱਡੇ ਖ਼ੁਲਾਸੇ
Monday, Nov 24, 2025 - 06:12 PM (IST)
ਫ਼ਿਲੌਰ (ਭਾਖੜੀ): ਬੀਤੇ ਦਿਨੀਂ ਦਿੱਲੀ ਕ੍ਰਾਈਮ ਬ੍ਰਾਂਚ ਵਲੋਂ ਗ੍ਰਿਫਤਾਰ ਕੀਤੇ ਗਏ ਫ਼ਿਲੌਰ ਦੇ ਰਹਿਣ ਵਾਲੇ ਮਨਦੀਪ ਸਿੰਘ ਅਤੇ ਦਲਵਿੰਦਰ ਲਾਰੈਂਸ ਬਿਸਨੋਈ, ਬੰਬੀਹਾ, ਗੋਗੀ ਤੇ ਭਾਊ ਗੈਂਗ ਨੂੰ ਵਿਦੇਸ਼ੀ ਹਥਿਆਰਾਂ ਦੀ ਸਪਲਾਈ ਕਰ ਰਹੇ ਸਨ, ਜੋ ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ ’ਚ ਵਿਦੇਸ਼ੀ ਹਥਿਆਰ ਮੰਗਵਾਉਂਦੇ ਸਨ। ਦਿੱਲੀ ਕ੍ਰਾਈਮ ਬ੍ਰਾਂਚ ਦੀ ਪੁਲਸ ਨੇ ਇਨ੍ਹਾਂ ਕੋਲੋਂ ਹੁਣ ਤੱਕ ਦੇ ਸਭ ਤੋਂ ਆਧੁਨਿਕ ਕਿਸਮ ਦੇ 12 ਵਿਦੇਸ਼ੀ ਪਿਸਤੌਲ ਤੇ 92 ਕਾਰਤੂਸਾਂ ਸਮੇਤ ਇਨ੍ਹਾਂ ਨੂੰ ਗ੍ਰਿਫਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।
ਸੂਚਨਾ ਅਨੁਸਾਰ ਫਿਲੌਰ ਦੇ ਮੁਹੱਲਾ ਚੌਧਰੀਆਂ ਦੇ ਰਹਿਣ ਵਾਲੇ ਮਨਦੀਪ ਸਿੰਘ ਅਤੇ ਨੇੜਲੇ ਪਿੰਡ ਅੱਟੀ ਦਾ ਰਹਿਣ ਵਾਲਾ ਦਲਵਿੰਦਰ ਸਿੰਘ ਦੋਵੇਂ ਪੱਕੇ ਦੋਸਤ ਸਨ। ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਇਹ ਦੋਵੇਂ ਅਫੀਮ ਦਾ ਨਸ਼ਾ ਕਰਦੇ ਸਨ ਅਤੇ ਨਸ਼ੇ ਦੀ ਪੂਰਤੀ ਲਈ ਉਸ ਨੂੰ ਵੇਚਣ ਦਾ ਕਾਰੋਬਾਰ ਕਰਨ ਲੱਗ ਪਏ।
ਨਸ਼ਾ ਸਮੱਗਲਿੰਗ ਦੇ ਚੱਕਰ ’ਚ ਇਨ੍ਹਾਂ ਦੀ ਪਛਾਣ ਵੱਡੇ ਨਸ਼ੇ ਤੇ ਹਥਿਆਰਾਂ ਦੇ ਸਮੱਗਲਰਾਂ ਨਾਲ ਹੋ ਗਈ। ਉਨ੍ਹਾਂ ਰਾਹੀਂ ਇਨ੍ਹਾਂ ਨੇ ਆਪਣੇ ਸਬੰਧ ਪਾਕਿਸਤਾਨ ’ਚ ਬੈਠੇ ਸਮੱਗਲਰਾਂ ਨਾਲ ਬਣਾ ਲਏ। ਪਾਕਿਸਤਾਨੀ ਸਮੱਗਲਰ ਡਰੋਨ ਰਾਹੀਂ ਬਾਰਡਰ ਏਰੀਏ ’ਚ ਹਥਿਆਰ ਤੇ ਨਸ਼ੇ ਦੀ ਖੇਪ ਸੁੱਟ ਦਿੰਦੇ ਅਤੇ ਇਹ ਦੋਵੇਂ ਜੋ ਪਹਿਲਾਂ ਤੋਂ ਉਥੇ ਲੁਕ ਕੇ ਬੈਠੇ ਹੁੰਦੇ ਸਨ, ਚੁੱਕ ਕੇ ਲੈ ਆਉਂਦੇ ਅਤੇ ਉਨ੍ਹਾਂ ਹਥਿਆਰਾਂ ਨੂੰ ਅੱਗੇ ਵੱਡੇ ਗੈਂਗਸਟਰਾਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਸਨ।
ਹੈਰਾਨੀ ਦੀ ਗੱਲ ਇਹ ਹੈ ਕਿ ਸਮੱਗਲਰ ਮਨਦੀਪ ਤੇ ਦਲਵਿੰਦਰ ਲਗਾਤਾਰ ਪਾਕਿਸਤਾਨ ’ਚ ਬੈਠੇ ਸਮੱਗਲਰਾਂ ਦੇ ਸੰਪਰਕ ’ਚ ਸਨ ਅਤੇ ਵੱਡੇ ਪੱਧਰ ’ਤੇ ਨਾਜਾਇਜ਼ ਹਥਿਆਰਾਂ ਅਤੇ ਨਸ਼ੇ ਦੀ ਖੇਪ ਨੂੰ ਲਿਆਉਣ-ਲਿਜਾਣ ਵਰਗੇ ਕੰਮਾਂ ਨੂੰ ਅੰਜਾਮ ਦੇ ਰਹੇ ਸਨ। ਇਨ੍ਹਾਂ ਦੀ ਭਿਣਕ ਨਾ ਤਾਂ ਫਿਲੌਰ ਪੁਲਸ ਨੂੰ ਲੱਗੀ ਅਤੇ ਨਾ ਹੀ ਇੰਟੈਂਲੀਜੈਂਸ ਦੇ ਅਧਿਕਾਰੀਆਂ ਨੂੰ, ਫਿਲੌਰ ’ਚ ਇਨ੍ਹਾਂ ਨੂੰ ਅਕਸਰ ਲੋਕ ਘੁੰਮਦੇ ਹੋਏ ਦੇਖਦੇ ਸਨ, ਇਨ੍ਹਾਂ ਦੀ ਕੰਮਾਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਹੁਣ ਹਰ ਕੋਈ ਸ਼ਹਿਰ ਵਾਸੀ ਹੈਰਾਨ ਹੈ।
ਫੜੇ ਗਏ ਦੋਵੇ ਮੁਲਜ਼ਮਾਂ ਨੇ ਪੁਲਸ ਕੋਲ ਵੱਡਾ ਖੁਲਾਸਾ ਕੀਤਾ ਹੈ ਕਿ ਪਾਕਿਤਸਨ ਵਲੋਂ ਪੰਜਾਬ ਦੀ ਸਰਹੱਦ ਪਾਰ ਡਰੋਨ ਰਾਹੀਂ ਜੋ ਹਥਿਆਰ ਆਉਂਦੇ ਹਨ, ਉਨ੍ਹਾਂ ਨੂੰ ਸੁੱਟਣ ਦਾ ਕੰਮ ਦੇਰ ਰਾਤ ਨੂੰ ਸ਼ੁਰੂ ਹੁੰਦਾ ਸੀ। ਇਹ ਡਰੋਨ ਰਾਡਾਰ ਤੋਂ ਬਚਣ ਲਈ ਇਕ ਤਾਂ ਘੱਟ ਉਚਾਈ ’ਤੇ ਉੱਡਦੇ ਹਨ, ਦੂਜਾ ਇਹ ਜ਼ਿਆਦਾ ਕੀਮਤ ਵਾਲਾ ਸਾਮਾਨ ਲੈ ਜਾਂਦੇ ਹਨ।
ਪਾਕਿਸਤਾਨ ਵੱਲ ਬੈਠੇ ਸਮੱਗਲਰ ਹਥਿਆਰਾਂ ਦੀ ਖੇਪ ਉਥੇ ਸੁੱਟਦੇ ਸਨ, ਜੋ ਲੋਕੇਸ਼ਨ ਜੀ. ਪੀ. ਐੱਸ. ਰਾਹੀਂ ਇਹ ਉਨ੍ਹਾਂ ਨੂੰ ਭੇਜਦੇ ਸਨ। ਬਾਰਡਰ ’ਤੇ ਤਾਇਨਾਤ ਪੁਲਸ ਨੂੰ ਇਨ੍ਹਾਂ ਦੇ ਨਾਜਾਇਜ਼ ਕੰਮ ਦਾ ਪਤਾ ਲੱਗ ਨਾ ਸਕੇ, ਇਸ ਲਈ ਇਹ ਅਕਸਰ ਹਰ ਵਾਰ ਰਾਤ ਨੂੰ ਜਗ੍ਹਾ ਅਤੇ ਸਮਾਂ ਬਦਲਦੇ ਰਹਿੰਦੇ ਸਨ। ਖੇਪ ਆਉਣ ਤੋਂ ਬਾਅਦ ਇਹ ਉਸ ਦੀ ਪੇਮੈਂਟ ਦੀ ਅਦਾਇਗੀ ਹਵਾਲਾ ਚੈਨਲ ਜ਼ਰੀਏ ਕਰਦੇ ਸਨ।
ਇਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਦੋਵੇਂ ਹੁਣ ਤੱਕ ਕਿਹੜੇ ਗੈਂਗਸਟਰਾਂ ਨੂੰ ਕਿੰਨੀ ਵਾਰ ਖੇਪ ਭੇਜ ਚੁੱਕੇ ਹਨ। ਇਨ੍ਹਾਂ ਦੇ ਮੋਬਾਈਲ ਲੋਕੇਸ਼ਨ, ਬੈਂਕ ਰਿਕਾਰਡ ਅਤੇ ਇਨ੍ਹਾਂ ਦੇ ਵਿਦੇਸ਼ੀ ਤੇ ਪਾਕਿਸਤਾਨੀ ਨੈੱਟਵਰਕ ਦੀ ਵੀ ਜਾਂਚ ਚੱਲ ਰਹੀ ਹੈ।
ਜਿਨ੍ਹਾਂ ਹਥਿਆਰਾਂ ਦੀ ਵਰਤੋਂ ਕਰਦੀ ਹੈ ਵਿਦੇਸ਼ਾਂ ਦੀ ਪੁਲਸ, ਸਮੱਗਲਰ ਕਰਦੇ ਸਨ ਗੈਂਗਸਟਰਾਂ ਨੂੰ ਸਪਲਾਈ
ਕ੍ਰਾਈਮ ਬ੍ਰਾਂਚ ਦੀ ਟੀਮ ਦੇ ਅਧਿਕਾਰੀ ਡੀ. ਸੀ. ਪੀ. ਸੰਜੇ ਨੇ ਦੱਸਿਆ ਕਿ ਬੀਤੇ ਦਿਨੀਂ ਦਿੱਲੀ ਕ੍ਰਾਈਮ ਬ੍ਰਾਂਚ ਵਲੋਂ ਫੜੇ ਗਏ ਫਿਲੌਰ ਦੇ ਦੋਵੇਂ ਹਥਿਆਰ ਸਮੱਗਲਰ, ਜਿਨ੍ਹਾਂ ਕੋਲੋਂ ਆਧੁਨਿਕ ਟੈਕਨਾਲੋਜੀ ਦੇ ਹਥਿਆਰ ਮਿਲੇ ਹਨ, ਇਨ੍ਹਾਂ ਹਥਿਆਰਾਂ ਦੀ ਵਰਤੋਂ ਜ਼ਿਆਦਾਤਰ ਵਿਦੇਸ਼ਾਂ ਦੀ ਪੁਲਸ ਕਰਦੀ ਹੈ। ਪਹਿਲਾਂ ਗੈਂਗਸਟਰ ਯੂ. ਪੀ. ਬਿਹਾਰ ਜਾਂ ਫਿਰ ਮੱਧ ਪ੍ਰਦੇਸ਼ ’ਚ ਬਣੇ ਹੋਏ ਰਿਵਾਲਵਰ ਪਿਸਤੌਲ ਦੀ ਵਰਤੋਂ ਕਰਦੇ ਸਨ, ਜੋ 10,000 ਤੋਂ ਸ਼ੁਰੂ ਹੋ ਕੇ 50 ਤੋਂ 60,000 ’ਚ ਗੈਂਗਸਟਰਾਂ ਕੋਲ ਆਸਾਨੀ ਨਾਲ ਪਹੁੰਚ ਜਾਂਦੇ ਸਨ।
ਫੜੇ ਗਏ ਇਨ੍ਹਾਂ ਦੋਵੇਂ ਮੁਲਜ਼ਮਾਂ ਨੇ ਦੇਸ਼ ਵਿਚ ਸਰਗਰਮ ਗੈਂਗ ਦੇ ਲੋਕਾਂ ਨਾਲ ਸੰਪਰਕ ਬਣਾਇਆ, ਜਿਸ ਤੋਂ ਬਾਅਦ ਇਨ੍ਹਾਂ ਨੇ ਇਨ੍ਹਾਂ ਗੈਂਗਸਟਰਾਂ ਨੂੰ ਆਧੁਨਿਕ ਟੈਕਨਾਲੋਜੀ ਨਾਲ ਲੈਸ ਚਾਈਨਾ ਮੇਡ ਅਮਰੀਕਾ ਅਤੇ ਰਸ਼ੀਆ ’ਚ ਤਿਆਰ ਗਲੋਕ ਵਰਗੇ ਪਿਸਟਲ ਉਪਲੱਬਧ ਕਰਵਾਉਣੇ ਸ਼ੂਰੂ ਕਰ ਦਿੱਤੇ।
ਦਿੱਲੀ ਕ੍ਰਾਈਮ ਬ੍ਰਾਂਚ ਨੂੰ ਖੁਫੀਆ ਸੂਤਰਾਂ ਤੋਂ ਸੂਚਨਾ ਮਿਲ ਰਹੀ ਸੀ ਕਿ ਦਿੱਲੀ ਐੱਨ. ਸੀ. ਆਰ. ਵਿਚ ਗੈਂਗਸਟਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਨ, ਜਿਨ੍ਹਾਂ ਨੂੰ ਹਥਿਆਰਾਂ ਦੀ ਖੇਪ ਦੇ ਪੁੱਜਣ ਦਾ ਇੰਤਜ਼ਾਰ ਹੈ। ਕ੍ਰਾਈਮ ਬ੍ਰਾਂਚ ਦੇ ਹੱਥ ਯੂ. ਪੀ. ਦੇ 2 ਸਮੱਗਲਰ ਲੱਗ ਗਏ, ਜਿਨ੍ਹਾਂ ਨੇ ਦੱਸਿਆ ਕਿ ਫਿਲੌਰ ਦੇ ਮਨਦੀਪ ਅਤੇ ਦਲਵਿੰਦਰ ਬਾਰਡਰ ਏਰੀਆ ’ਚ ਪੁੱਜੇ ਹੋਏ ਹਨ, ਜੋ ਕਾਰ ਵਿਚ ਛੁਪਾ ਕੇ ਹਥਿਆਰ ਲਿਆ ਰਹੇ ਹਨ, ਜਿਨ੍ਹਾਂ ਨੂੰ ਪੁਲਸ ਨੇ 12 ਵਿਦੇਸ਼ੀ ਪਿਸਟਲ ਅਤੇ 92 ਕਾਰਤੂਸਾਂ ਨਾਲ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
