3 ਧਾਰਮਿਕ ਅਸਥਾਨਾਂ 'ਚ ਚੋਰੀ

Saturday, Jan 13, 2018 - 02:00 AM (IST)

ਹੁਸ਼ਿਆਰਪੁਰ, (ਜ.ਬ.)- ਇਥੋਂ ਨੇੜਲੇ ਪਿੰਡ ਬੱਸੀ ਗੁਲਾਮ ਹੁਸੈਨ ਵਿਖੇ ਬੀਤੀ ਰਾਤ ਕਰੀਬ ਡੇਢ ਵਜੇ ਚੋਰਾਂ ਵੱਲੋਂ ਤਿੰਨ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਸੂਚਨਾ ਮਿਲੀ ਹੈ। ਚੋਰਾਂ ਨੇ ਪਹਿਲਾਂ ਮਾਤਾ ਚਿੰਤਪੂਰਨੀ ਮੰਦਰ ਅਤੇ ਬਾਅਦ ਵਿਚ ਗੁਰਦੁਆਰੇ ਤੇ ਪੀਰਾਂ ਦੇ ਅਸਥਾਨ 'ਤੇ ਗੋਲਕ ਤੋੜ ਕੇ ਚੋਰੀ ਕੀਤੀ। ਹਾਲਾਂਕਿ ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਇੰਟਰਲਾਕ ਤਾਲੇ ਲੱਗੇ ਹੋਣ ਕਾਰਨ ਚੋਰ ਉਸ ਨੂੰ ਤੋੜਨ 'ਚ ਅਸਫ਼ਲ ਰਹੇ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਚੋਰਾਂ ਦੀਆਂ ਹਰਕਤਾਂ ਕੈਦ ਹੋ ਗਈਆਂ। ਸਵੇਰੇ ਸੂਚਨਾ ਮਿਲਣ 'ਤੇ ਪਹੁੰਚੀ ਥਾਣਾ ਸਦਰ ਦੀ ਪੁਲਸ ਨੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 
PunjabKesari
ਬੱਸੀ ਗੁਲਾਮ ਹੁਸੈਨ ਦੇ ਗੁਰਦੁਆਰਾ ਨਾਨਕ ਦਰਬਾਰ ਦੇ ਸੇਵਾਦਾਰ ਇੰਦਰਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਜਦੋਂ ਤੜਕੇ 4 ਵਜੇ ਗੁਰਦੁਆਰਾ ਸਾਹਿਬ ਆਇਆ ਤਾਂ ਦੇਖਿਆ ਕਿ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ। ਅੰਦਰ ਜਾ ਕੇ ਦੇਖਿਆ ਤਾਂ ਗੋਲਕ ਸੁਰੱਖਿਅਤ ਸੀ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਨਾਲ ਹੀ ਸਥਿਤ ਪੀਰਾਂ ਦੇ ਅਸਥਾਨ ਦਾ ਮੁੱਖ ਗੇਟ ਖੁੱਲ੍ਹਾ ਹੋਇਆ ਸੀ ਅਤੇ ਗੋਲਕ ਦਾ ਤਾਲਾ ਟੁੱਟਿਆ ਹੋਇਆ ਸੀ। ਉਨ੍ਹਾਂ ਇਸ ਸਬੰਧੀ ਪਿੰਡ ਦੇ ਸਰਪੰਚ ਠਾਕੁਰ ਨਰਬੀਰ ਨੰਦੀ ਅਤੇ ਹੋਰ ਪਤਵੰਤਿਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਪੁਲਸ ਨੂੰ ਸੂਚਨਾ ਦਿੱਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਗੋਲਕ ਵਿਚੋਂ ਚੋਰ 2013 'ਚ ਕਰੀਬ 25 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਏ ਸਨ। ਇਸ ਤੋਂ ਬਾਅਦ ਗੋਲਕ ਨੂੰ ਇੰਟਰਲਾਕ ਤਾਲੇ ਲਾ ਦਿੱਤੇ ਗਏ ਸਨ, ਜਿਸ ਕਾਰਨ ਚੋਰ ਉਸ ਨੂੰ ਤੋੜਨ 'ਚ ਸਫ਼ਲ ਨਹੀਂ ਹੋ ਸਕੇ। ਉਨ੍ਹਾਂ ਦੱਸਿਆ ਕਿ ਕੱਲ ਵੀਰਵਾਰ ਹੋਣ ਕਰ ਕੇ ਪੀਰਾਂ ਦੇ ਅਸਥਾਨ 'ਤੇ ਵੀ ਕਾਫੀ ਚੜ੍ਹਾਵਾ ਚੜ੍ਹਿਆ ਸੀ, ਜਿਸ ਨੂੰ ਚੋਰੀ ਕਰਨ 'ਚ ਚੋਰ ਸਫ਼ਲ ਰਹੇ। 
PunjabKesari
ਪਿੰਡ ਦੇ ਵਿਚਕਾਰ ਸਥਿਤ ਮਾਤਾ ਚਿੰਤਪੂਰਨੀ ਮੰਦਰ ਦੀ ਸੇਵਾਦਾਰ ਸ਼ਾਰਦਾ ਦੇਵੀ, ਭੁਵਨੇਸ਼ਵਰ ਕੁਮਾਰ, ਸੁਖਵਿੰਦਰ ਸਿੰਘ, ਰਾਮਲੋਕ, ਰਣਜੀਤ ਕੁਮਾਰ, ਜਤਿੰਦਰ ਕੁਮਾਰ ਆਦਿ ਨੇ ਦੱਸਿਆ ਕਿ ਰਾਤੀਂ ਕਰੀਬ 1 ਵਜੇ ਗਲੀ 'ਚ ਕਾਫੀ ਕੁੱਤੇ ਭੌਂਕ ਰਹੇ ਸਨ। ਸਵੇਰੇ ਜਦੋਂ ਉਨ੍ਹਾਂ ਮੰਦਰ ਆ ਕੇ ਦੇਖਿਆ ਤਾਂ ਗੋਲਕ ਖੁੱਲ੍ਹੀ ਪਈ ਸੀ ਅਤੇ ਉਸ ਵਿਚੋਂ ਚੜ੍ਹਾਵਾ ਗਾਇਬ ਸੀ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪਿੰਡ 'ਚ ਪੁਲਸ ਦੀ ਗਸ਼ਤ ਵਧਾਈ ਜਾਵੇ।


Related News