ਬਾਈਕਰ ਗੈਂਗ ਦੇ 3 ਮੈਂਬਰ ਪੁਲਸ ਅੜਿੱਕੇ
Friday, Sep 08, 2017 - 06:52 AM (IST)
ਝਬਾਲ, (ਹਰਬੰਸ ਲਾਲੂਘੁੰਮਣ, ਨਰਿੰਦਰ)- ਅੱਡਾ ਕੋਟ ਸਿਵੀਆ ਸਥਿਤ ਇਕ ਆਟਾ ਚੱਕੀ 'ਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਸਥਾਨਕ ਲੋਕਾਂ ਵੱਲੋਂ ਕਾਬੂ ਕਰ ਕੇ ਥਾਣਾ ਝਬਾਲ ਦੀ ਪੁਲਸ ਹਵਾਲੇ ਕੀਤਾ ਗਿਆ ਹੈ, ਜੋ ਕਿ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਗੌਰਤਲਬ ਹੈ ਕਿ ਕਸਬਾ ਝਬਾਲ ਦੇ ਆਸ-ਪਾਸ ਪਿਛਲੇ ਕਈ ਦਿਨਾਂ ਤੋਂ ਬਾਈਕਰ ਗੈਂਗ ਪੂਰੀ ਤਰ੍ਹਾਂ ਸਰਗਰਮ ਹੈ, ਜਿਸ ਵੱਲੋਂ ਰਾਹ ਜਾਂਦੀਆਂ ਔਰਤਾਂ ਦੇ ਕੰਨਾਂ ਦੀਆਂ ਵਾਲੀਆਂ ਤੇ ਪਰਸ ਆਦਿ ਦੀ ਸਨੈਚਿੰਗ ਕਰਨ ਤੋਂ ਇਲਾਵਾ ਲੋਕਾਂ ਨੂੰ ਵੀ ਰਸਤੇ 'ਚ ਰੋਕ ਕੇ ਲੁੱਟ-ਖੋਹ ਦਾ ਸ਼ਿਕਾਰ ਬਣਾਇਆ ਜਾਂਦਾ ਹੈ, ਜਿਸ ਕਾਰਨ ਲੋਕਾਂ 'ਚ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਬਘਿਆੜੀ ਅਤੇ ਵਿੱਕੀ ਕੋਟ ਨੇ ਦੱਸਿਆ ਕਿ ਉਨ੍ਹਾਂ ਦੀ ਆਟਾ ਚੱਕੀ 'ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ 'ਚੋਂ ਇਕ ਨੇ ਚੱਕੀ 'ਤੇ ਬੈਠੇ ਪਰਮਜੀਤ ਸਿੰਘ ਦੀਆਂ ਅੱਖਾਂ 'ਚ ਮਿਰਚਾਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਰਮਜੀਤ ਸਿੰਘ ਨੇ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ, ਜਦਕਿ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਦੂਜੇ ਦੋ ਨੌਜਵਾਨਾਂ ਨੂੰ ਵੀ ਸਥਾਨਕ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਥਾਣਾ ਝਬਾਲ ਦੀ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ।
