3 ਨੌਜਵਾਨ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ
Friday, Jan 23, 2026 - 11:02 AM (IST)
ਅਬੋਹਰ (ਸੁਨੀਲ) : ਇੱਥੇ ਸਿਟੀ ਥਾਣਾ ਨੰਬਰ-1 ਦੀ ਪੁਲਸ ਨੇ ਦੇਰ ਰਾਤ ਗਸ਼ਤ ਦੌਰਾਨ 3 ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਨੌਜਵਾਨਾਂ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸਿਟੀ ਥਾਣਾ ਨੰਬਰ-1 ਦੇ ਹੈੱਡ ਕਾਂਸਟੇਬਲ ਸਵਰਾਜ ਸਿੰਘ ਪੁਲਸ ਪਾਰਟੀ ਨਾਲ ਸ੍ਰੀ ਗੁਰਦੁਆਰਾ ਨਾਨਕਸਰ ਟੋਭਾ ਨੇੜੇ ਗਸ਼ਤ ਕਰ ਰਹੇ ਸਨ। ਉਸ ਸਮੇਂ ਉਨ੍ਹਾਂ ਨੂੰ ਇਕ ਮੁਖਬਰ ਤੋਂ ਸੂਚਨਾ ਮਿਲੀ ਕਿ ਹਥਿਆਰਾਂ ਨਾਲ ਲੈਸ ਕੁੱਝ ਨੌਜਵਾਨ ਅਨਾਜ ਮੰਡੀ ਇਲਾਕੇ ’ਚ ਘੁੰਮ ਰਹੇ ਹਨ ਅਤੇ ਕੋਈ ਅਪਰਾਧ ਕਰ ਸਕਦੇ ਹਨ। ਜਾਣਕਾਰੀ ਅਨੁਸਾਰ ਇਹ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਸਨ ਅਤੇ ਤੇਜ਼ਧਾਰ ਹਥਿਆਰ ਲੈ ਕੇ ਜਾ ਰਹੇ ਸਨ।
ਪੁਲਸ ਨੇ ਦੱਸੇ ਗਏ ਸਥਾਨ ’ਤੇ ਛਾਪਾ ਮਾਰਿਆ। ਪੁਲਸ ਨੂੰ ਦੇਖ ਕੇ ਨੌਜਵਾਨ ਭੱਜਣ ਲੱਗੇ ਪਰ ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਤਿੰਨਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਪਛਾਣ ਧਰਮਨਗਰੀ ਗਲੀ ਨੰਬਰ 12 ਵਾਸੀ ਹਰੀਦਰਸ਼ਨ ਬਿਸ਼ਨੋਈ ਪੁੱਤਰ ਵਿਸ਼ਨੂੰ ਕੁਮਾਰ, ਸਰਕੂਲਰ ਰੋਡ ਗਲੀ ਨੰਬਰ 15 ਵਾਸੀ ਮੋਕਸ਼ ਪੰਡਿਤ ਪੁੱਤਰ ਵਿਦਿਆ ਸਾਗਰ ਅਤੇ ਸੰਤ ਨਗਰ ਗਲੀ ਨੰਬਰ 2 ਵਾਸੀ ਪ੍ਰਦੀਪ ਪੁੱਤਰ ਸੋਨੂੰ ਵਜੋਂ ਹੋਈ ਹੈ। ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਤਿੰਨਾਂ ਨੌਜਵਾਨਾਂ ਖ਼ਿਲਾਫ਼ ਪਹਿਲਾਂ ਵੀ ਲੜਾਈ-ਝਗੜੇ ਦੇ ਕਈ ਮਾਮਲੇ ਦਰਜ ਹਨ। ਤਲਾਸ਼ੀ ਦੌਰਾਨ ਨੌਜਵਾਨਾਂ ਤੋਂ ਇਕ ਬਿਨਾਂ ਨੰਬਰ ਵਾਲਾ ਮੋਟਰਸਾਈਕਲ, ਕਿਰਚ, ਕਾਪਾ ਅਤੇ ਲੋਹੇ ਦੀ ਗਰਾਰੀ ਲੱਗੀ ਹੋਈ ਪਾਈਪ ਬਰਾਮਦ ਕੀਤੀ ਗਈ। ਇਨ੍ਹਾਂ ਹਥਿਆਰਾਂ ਨੂੰ ਜ਼ਬਤ ਕਰਨ ਤੋਂ ਬਾਅਦ ਪੁਲਸ ਨੇ ਤਿੰਨਾਂ ਖ਼ਿਲਾਫ਼ ਅਸਲਾ ਐਕਟ ਦੀ ਧਾਰਾ 3 (5) ਤਹਿਤ ਕੇਸ ਦਰਜ ਕਰ ਲਿਆ ਹੈ।
