ਮੋਬਾਈਲ ਖੋਹਣ ਦੌਰਾਨ ਨਾਬਾਲਿਗ ਦਾ ਕਤਲ ਕਰਨ ਵਾਲੇ 3 ਦੋਸ਼ੀਆਂ ਨੂੰ ਉਮਰ ਕੈਦ

Thursday, Jan 22, 2026 - 04:13 AM (IST)

ਮੋਬਾਈਲ ਖੋਹਣ ਦੌਰਾਨ ਨਾਬਾਲਿਗ ਦਾ ਕਤਲ ਕਰਨ ਵਾਲੇ 3 ਦੋਸ਼ੀਆਂ ਨੂੰ ਉਮਰ ਕੈਦ

ਲੁਧਿਆਣਾ (ਮਹਿਰਾ) – ਵਧੀਕ ਸੈਸ਼ਨ ਜੱਜ ਡਾ. ਰਜਨੀਸ਼ ਦੀ ਅਦਾਲਤ ਨੇ ਇਕ ਨਾਬਾਲਿਗ ਲੜਕੇ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ’ਚ 3 ਮੁਲਜ਼ਮ ਹਰਵਿੰਦਰ ਸਿੰਘ ਉਰਫ ਲਾਲੀ, ਗੁਰਮੀਤ ਸਿੰਘ ਉਰਫ ਰੋਮੀ ਅਤੇ ਤੇਜ ਰਾਮ ਉਰਫ ਚਿੰਟੂ ਨਿਵਾਸੀ ਜਮਾਲਪੁਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸਨੈਚਿੰਗ ਦੇ ਦੋਸ਼ ਵਿਚ 10 ਸਾਲ ਦੀ ਕੈਦ ਦੀ ਕਠੋਰ ਸਜ਼ਾ ਸੁਣਾਈ ਹੈ। ਦੋਵੇਂ ਸਜ਼ਾਵਾਂ ਪੈਰਲਲ ਚੱਲਣਗੀਆਂ।

ਇਸ ਸਬੰਧੀ ਪੁਲਸ ਥਾਣਾ ਡਾਬਾ ਨੇ 1 ਮਈ 2021 ਨੂੰ ਮਾਮਲਾ ਦਰਜ ਕੀਤਾ ਸੀ। ਇਸਤਗਾਸਾ ਧਿਰ ਅਨੁਸਾਰ 28 ਅਪ੍ਰੈਲ 2021 ਦੀ ਸਵੇਰ ਜਦ 11ਵੀਂ ਜਮਾਤ ਦਾ ਵਿਦਿਆਰਥੀ ਅਮਨਦੀਪ ਸਿੰਘ ਆਪਣੇ ਦੋਸਤ ਸੁਨੀਲ ਨਾਲ ਸਵੇਰ ਦੀ ਸੈਰ ਲਈ ਨਿਕਲਿਆ ਸੀ। ਉਹ ਦੋਵੇਂ ਜਦ ਗਿਆਸਪੁਰਾ ਇਲਾਕੇ ਵਿਚ ਘਰ ਮੁੜ ਰਹੇ ਸਨ ਤਾਂ ਤਿੰਨੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਅਮਨਦੀਪ ਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ।

ਜਦ ਕਿਸ਼ੋਰ ਨੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਅਮਨਦੀਪ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੇ 2 ਦਿਨਾਂ ਤੱਕ ਜ਼ਿਦਗੀ ਲਈ ਸੰਘਰਸ਼ ਕੀਤਾ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ।

ਮੌਤ ਤੋਂ ਬਾਅਦ ਡਾਬਾ ਪੁਲਸ ਨੇ ਅਣਪਛਾਤੇ ਹਮਲਾਵਰਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਨੇ ਕੁਝ ਹੀ ਦਿਨਾਂ ਵਿਚ ਮਾਮਲੇ ਨੂੰ ਸੁਲਝਾ ਲਿਆ ਅਤੇ 6 ਮਈ, 2021 ਨੂੰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਅਪਰਾਧ ਦੇ ਸਮੇਂ ਤਿੰਨਾਂ ਦੀ ਉਮਰ 18 ਤੋਂ 20 ਸਾਲ ਦੇ ਵਿਚਕਾਰ ਸੀ।
 


author

Inder Prajapati

Content Editor

Related News