ਚੱਬੇਵਾਲ ਤੋਂ ਵਿਛੋਹੀ ਤੇ ਹਿਮਾਚਲ ਨੂੰ ਜਾਣ ਵਾਲੀ ਸਡ਼ਕ ’ਤੇ 14 ਸਾਲਾਂ ਤੋਂ ਨਹੀਂ ਪਿਆ ਪ੍ਰੀਮਿਕਸ
Saturday, Aug 25, 2018 - 05:37 AM (IST)

ਹੁਸ਼ਿਆਰਪੁਰ, (ਘੁੰਮਣ)- ਚੱਬੇਵਾਲ ਤੋਂ ਵਿਛੋਹੀ ਵਾਇਆ ਬਸੀ ਅਲਾਉਦੀਨ, ਬਸੀ ਜਮਾਲਖਾਨ, ਕਿਲਾ ਸ਼ੇਰਗਡ਼੍ਹ, ਬਠੁਲਾ ਤੋਂ ਹੋ ਕੇ ਹਿਮਾਚਲ ਨੂੰ ਜਾਂਦੀ ਸਡ਼ਕ ਲਗਭਗ ਛੱਪਡ਼ ਦਾ ਰੂਪ ਧਾਰਨ ਕਰ ਚੁੱਕੀ ਹੈ। ਸਰਕਾਰ ਵੱਲੋਂ ਇਸ ਸਡ਼ਕ ਦੀ ਦੁਰਦਸ਼ਾ ਸਬੰਧੀ ਵਾਰ-ਵਾਰ ਲੋਕਾਂ ਦੁਆਰਾ ਧਿਆਨ ਦਿਲਾਏ ਜਾਣ ਦੇ ਬਾਵਜੂਦ ਅੱਜ ਤੱਕ ਇਸ ਦੀ ਦਸ਼ਾ ਸੁਧਾਰਨ ਲਈ ਕੋਈ ਕਦਮ ਨਹੀਂ ਚੁੱਕੇ ਗਏ। ਲੋਕਾਂ ਨੇ ਅੱਜ ਲੋਕ ਨਿਰਮਾਣ ਵਿਭਾਗ ਦੇ ਵਿਰੁੱਧ ਬਸੀ ਅਲਾਉਦੀਨ ਪਿੰਡ ’ਚ ਲੇਬਰ ਪਾਰਟੀ ਭਾਰਤ ਨੇੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਜੈ ਗੋਪਾਲ ਧੀਮਾਨ ਤੇ ਬਸੀ ਅਲਾਉਦੀਨ ਦੇ ਸਾਬਕਾ ਸਰਪੰਚ ਸੁੱਚਾ ਸਿੰਘ ਨੇ ਦੱਸਿਆ ਕਿ ਬੀਤੇ 14 ਸਾਲਾਂ ਤੋਂ ਇਸ ਸਡ਼ਕ ’ਤੇ ਕਈ ਵਾਰ ਮੰਗ ਕੀਤੇ ਜਾਣ ਦੇ ਬਾਵਜੂਦ ਮੁਰੰਮਤ ਦੀ ਵਿਵਸਥਾ ਨਹੀਂ ਕੀਤੀ ਗਈ ਤੇ ਨਾ ਹੀ ਪ੍ਰੀਮਿਕਸ ਪਾਉਣ ਦੇ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਕੋਈ ਕਦਮ ਚੁੱਕਿਆ ਗਿਆ।
ਇਸ ਮੌਕੇ ਨਿਰਮਲ ਸਿੰਘ, ਕੈਪ. ਬਲਬੀਰ ਸਿੰਘ, ਜਤਿੰਦਰ ਸਿੰਘ, ਕੁਲਵੰਤ ਕੌਰ, ਜਸਵੀਰ ਕੌਰ, ਅਮਰਜੀਤ ਸਿੰਘ, ਬਹਾਦਰ ਸਿੰਘ, ਸਤਨਾਮ ਸਿੰਘ, ਜਸਵਿੰਦਰ ਕੌਰ, ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਡ਼ਕ ਦੀ ਮੁਰੰਮਤ ਨਾ ਕਰਵਾਉਣ ਸਬੰਧੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਉਨ੍ਹਾਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਜ਼ਿਲਾ ਪ੍ਰਸ਼ਾਸਨ ਨੇ ਇਸ ਸਡ਼ਕ ਦੀ ਮੁਰੰਮਤ ਦੇ ਲਈ ਠੋਸ ਕਦਮ ਨਾ ਚੁੱਕੇ ਤਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ।