ਮੁਕਤਸਰ ਜ਼ਿਲੇ ਦੀਆਂ ਖਰੀਦ ਮੰਡੀਆਂ ''ਚ ਹੁਣ ਤੱਕ 1 ਲੱਖ 36 ਹਜ਼ਾਰ 182 ਕੁਇੰਟਲ ਆਇਆ ਨਰਮਾ

Wednesday, Nov 22, 2017 - 02:41 PM (IST)

ਮੁਕਤਸਰ ਜ਼ਿਲੇ ਦੀਆਂ ਖਰੀਦ ਮੰਡੀਆਂ ''ਚ ਹੁਣ ਤੱਕ 1 ਲੱਖ 36 ਹਜ਼ਾਰ 182 ਕੁਇੰਟਲ ਆਇਆ ਨਰਮਾ


ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਕਪਾਹ ਪੱਟੀ ਦੇ ਨਾਮ ਨਾਲ ਜਾਣੇ ਜਾਂਦੇ ਮਾਲਵਾ ਖੇਤਰ ਦੇ ਚਰਚਿਤ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀਆਂ ਮੰਡੀਆਂ ਵਿਚ ਅੱਜ ਤੱਕ 1 ਲੱਖ 36 ਹਜ਼ਾਰ 182 ਕੁਇੰਟਲ ਨਰਮਾ ਆ ਚੁੱਕਾ ਹੈ ਪਰ ਪਿਛਲੇਂ ਸਾਲ ਦੇ ਮੁਕਾਬਲੇ ਮੰਡੀਆਂ 'ਚ ਇਸ ਵਾਰ ਨਰਮਾ ਵੱਧ ਆਇਆ ਹੈ। 'ਜਗਬਾਣੀ' ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗਿੱਦੜਬਾਹਾ ਦੀ ਮੰਡੀ 'ਚ 46 ਹਜ਼ਾਰ 980 ਕੁਇੰਟਲ ਨਰਮਾ ਆ ਚੁੱਕਾ ਹੈ, ਜਦ ਕਿ ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਮੰਡੀ 'ਚ 31 ਹਜ਼ਾਰ 794 ਕੁਇੰਟਲ ਨਰਮਾ ਆਇਆ ਹੈ। ਮਲੋਟ ਦੀ ਮੰਡੀ 'ਚ 57 ਹਜ਼ਾਰ 408 ਕੁਇੰਟਲ ਨਰਮਾ ਆ ਚੁੱਕਾ ਹੈ ਤੇ ਇਹ ਮੰਡੀ ਨਰਮੇਂ ਦੀ ਖਰੀਦ 'ਚ ਹੁਣ ਤੱਕ ਸਭ ਤੋਂ ਅੱਗੇ ਹੈ। 

ਨਰਮੇਂ ਦੀ ਸਾਰੀ ਖਰੀਦ ਪ੍ਰਾਈਵੇਟ ਵਪਾਰੀਆਂ ਨੇ ਕੀਤੀ
ਸਰਕਾਰ ਦੀ ਸਰਕਾਰੀ ਖਰੀਦ ਏਜੰਸੀ ਸੀ. ਸੀ. ਆਈ ਅਜੇ ਤੱਕ ਕਿਸੇ ਵੀ ਮੰਡੀ 'ਚ ਨਰਮੇਂ ਦੀ ਖਰੀਦ ਕਰਨ ਨਹੀਂ ਆਈ, ਜਦਕਿ ਨਰਮੇਂ ਦੀ ਸਾਰੀ ਖਰੀਦ ਪ੍ਰਾਈਵੇਟ ਵਪਾਰੀਆਂ ਵੱਲੋਂ ਕੀਤੀ ਗਈ ਹੈ। 

ਕਪਾਹ ਸਿਰਫ਼ 29 ਕੁਇੰਟਲ ਆਈ
ਕਪਾਹ ਦੀ ਆਮਦ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਘੱਟ ਰਹੀ ਹੈ ਤੇ ਅੱਜ ਤੱਕ ਸਿਰਫ਼ 29 ਕੁਇੰਟਲ ਕਪਾਹ ਹੀ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਕਪਾਹ ਮਲੋਟ ਦੀ ਮੰਡੀ ਵਿਚ ਖਰੀਦੀ ਗਈ ਹੈ।

ਪਿਛਲੇਂ ਸਾਲ ਦੇ ਮੁਕਾਬਲੇ ਮੰਡੀਆ ਵਿਚ ਵੱਧ ਆ ਰਿਹਾ ਹੈ ਨਰਮਾ
ਜ਼ਿਲੇ ਦੀਆਂ ਮੰਡੀਆਂ 'ਚ ਨਰਮੇਂ ਦੀ ਆਮਦ ਪਿਛਲੇਂ ਸਾਲ ਨਾਲੋ ਵੱਧ ਹੋਈ ਹੈ। ਪਿਛਲੇਂ ਸਾਲ 21 ਨਵੰਬਰ ਤੱਕ 83 ਹਜ਼ਾਰ 707 ਕੁਇੰਟਲ ਨਰਮਾ ਮੰਡੀਆਂ 'ਚ ਆਇਆ ਸੀ ਪਰ ਇਸ ਵਾਰ 1 ਲੱਖ 36 ਹਜ਼ਾਰ 182 ਕੁਇੰਟਲ ਆ ਚੁੱਕਾ ਹੈ। ਪਿਛਲੇਂ ਸਾਲ ਵੀ ਸੀ. ਸੀ. ਆਈ ਨੇ ਨਰਮੇਂ ਦੀ ਖਰੀਦ ਨਹੀਂ ਕੀਤੀ ਸੀ। 

PunjabKesari

ਨਰਮਾ ਵਿੱਕ ਰਿਹਾ ਹੈ 4730 ਰੁਪਏ ਪ੍ਰਤੀ ਕੁਇੰਟਲ
ਨਰਮੇਂ ਦਾ ਰੇਟ ਅੱਜ ਵੱਧ ਤੋਂ ਵੱਧ 4720 ਰੁਪਏ ਪ੍ਰਤੀ ਕੁਇੰਟਲ ਰਿਹਾ ਹੈ, ਜਦ ਕਿ ਘੱਟ ਤੋਂ ਘੱਟ 4350 ਰੁਪਏ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਦੀ ਮੰਡੀ ਵਿਚ ਨਰਮਾ 4590 ਰੁਪਏ ਤੋਂ 4720 ਰੁਪਏ ਤੱਕ ਵਿੱਕਿਆ। ਗਿੱਦੜਬਾਹਾ ਦੀ ਮੰਡੀ ਵਿਚ 4350 ਰੁਪਏ ਤੋਂ 4730 ਰੁਪਏ ਤੱਕ ਨਰਮੇਂ ਦਾ ਭਾਅ ਰਿਹਾ। ਮਲੋਟ ਦੀ ਮੰਡੀ ਵਿਚ 4485 ਰੁਪਏ ਤੋਂ ਲੈ ਕੇ 4695 ਰੁਪਏ ਤੱਕ ਨਰਮਾ ਵਿੱਕਿਆ। ਪਿਛਲੇਂ ਸਾਲ ਇਨ੍ਹਾਂ ਦਿਨਾਂ ਵਿਚ ਨਰਮਾ 5260 ਰੁਪਏ ਵਿੱਕਿਆ ਸੀ। 

ਮੰਡੀ ਬਰੀਵਾਲਾ ਵਿਖੇ ਨਹੀਂ ਹੋ ਰਹੀ ਨਰਮੇਂ ਦੀ ਖਰੀਦ
ਜ਼ਿਲੇ ਦੀ ਮੰਡੀ ਬਰੀਵਾਲਾ ਵਿਚ ਇਸ ਵਾਰ ਨਰਮੇਂ ਦੀ ਖਰੀਦ ਨਹੀਂ ਕੀਤੀ ਜਾ ਰਹੀ। ਪਿਛਲੇਂ ਸਾਲ ਮੰਡੀ 'ਚ ਨਰਮੇਂ ਦੀ ਖਰੀਦ 209 ਕੁਇੰਟਲ ਕੀਤੀ ਗਈ ਸੀ। 

ਨਰਮੇਂ ਦਾ ਭਾਅ ਵਧਾਇਆ ਜਾਵੇ - ਕਿਸਾਨ 
ਮੰਡੀ ਲੱਖੇਵਾਲੀ ਦੇ ਕਿਸਾਨ ਧਨਵੰਤ ਸਿੰਘ ਬਰਾੜ ਅਤੇ ਭਾਗਸਰ ਦੇ ਕਿਸਾਨ ਹਰਨੇਕ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਰਮੇਂ ਦਾ ਭਾਅ ਵੱਧ ਰਹੀ ਮਹਿੰਗਾਈ ਨੂੰ ਮੁੱਖ ਰੱਖਦਿਆ ਵਧਾਇਆ ਜਾਵੇ ਤਾਂ ਕਿ ਕਿਸਾਨਾਂ ਦੇ ਪੱਲੇ ਕੁਝ ਪੈ ਸਕੇ। ਹੁਣ ਕਿਸਾਨਾਂ ਨੂੰ ਕੁਝ ਨਹੀਂ ਬਚ ਰਿਹਾ।

ਬੀ. ਕੇ. ਯੂ ਏਕਤਾ ਦੀ ਮੰਗ
ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਗੁਰਾਂਦਿੱਤਾ ਸਿੰਘ ਭਾਗਸਰ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਆਦਿ ਨੇ ਨਰਮੇਂ ਦੀ ਖਰੀਦ ਕਰਨ ਲਈ ਸਰਕਾਰੀ ਖਰੀਦ ਏਜੰਸੀਆ ਮੰਡੀਆਂ ਵਿਚ ਨਰਮਾ ਖਰੀਦਣ ਲਈ ਆਉਣ ਦੀ ਮੰਗ ਕੀਤੀ।


Related News